ਅਕਾਲੀ ਪਰਿਵਾਰ ਦੀ ਤੀਜੀ ਪੀੜੀ ਦਾ ਮੈਂਬਰ ਆਮ ਆਦਮੀ ਪਾਰਟੀ ’ਚ ਸ਼ਾਮਲ
ਤੀਜੀ ਪੀੜ੍ਹੀ ਦਾ ਅਕਾਲੀ ਪਰਿਵਾਰਿਕ ਮੈਂਬਰ ਅਕਾਸ਼ਦੀਪ ਸਿੰਘ ਆਹਲੂਵਾਲੀਆ ਆਮ ਆਦਮੀ ਪਾਰਟੀ ’ਚ ਸ਼ਾਮਲ
Publish Date: Fri, 13 Mar 2026 10:04 PM (IST)
Updated Date: Fri, 13 Mar 2026 10:06 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੀ ਰਾਜਨੀਤੀ ਵਿਚ ਇਕ ਮਹੱਤਵਪੂਰਨ ਤਬਦੀਲੀ ਦੇ ਤੌਰ ’ਤੇ ਅਕਾਸ਼ਦੀਪ ਸਿੰਘ ਆਹਲੂਵਾਲੀਆ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਅਕਾਸ਼ਦੀਪ ਸਿੰਘ ਆਹਲੂਵਾਲੀਆ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਐਡਵੋਕੇਟ ਚੰਦੀ ਨੇ ਕਿਹਾ ਕਿ ਅਕਾਸ਼ਦੀਪ ਸਿੰਘ ਆਹਲੂਵਾਲੀਆ ਦਾ ਪਰਿਵਾਰ ਪਿਛਲੀਆਂ ਦੋ ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ ਤੇ ਉਹ ਖੁਦ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਵਜੋਂ ਪਾਰਟੀ ਨਾਲ ਸਰਗਰਮ ਰਹੇ ਹਨ। ਹਲਕਾ ਇੰਚਾਰਜ ਨੇ ਕਿਹਾ ਕਿ ਅਕਾਸ਼ਦੀਪ ਸਿੰਘ ਆਹਲੂਵਾਲੀਆ ਨੇ ਯੂਥ ਅਕਾਲੀ ਦਲ ਵਿਚ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਤੇ ਸੰਗਠਨਕ ਗਤੀਵਿਧੀਆਂ ਵਿਚ ਭਾਗ ਲਿਆ। ਇਸ ਮੌਕੇ ਅਕਾਸ਼ਦੀਪ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਕਪੂਰਥਲਾ ਵਿਚ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਵਿਚ ਭਾਰੀ ਬਦਇੰਤਜ਼ਾਮੀ ਤੇ ਸਮਾਜ ਦੇ ਗਲਤ ਤੱਤਾਂ ਦੀ ਪਾਰਟੀ ਵਿਚ ਵਧਦੀ ਦਖ਼ਲਅੰਦਾਜ਼ੀ ਨੇ ਉਨ੍ਹਾਂ ਨੂੰ ਕਾਫ਼ੀ ਨਿਰਾਸ਼ ਕੀਤਾ। ਉਨ੍ਹਾਂ ਦੇ ਮੁਤਾਬਕ ਇਨ੍ਹਾਂ ਕਾਰਨਾਂ ਨਾਲ ਪਾਰਟੀ ਦੀ ਜੜ੍ਹਾਂ ਤੇ ਲੋਕਾਂ ਨਾਲ ਜੁੜਾਅ ਕਮਜ਼ੋਰ ਹੋ ਗਿਆ ਹੈ। ਅਕਾਸ਼ਦੀਪ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰੇ ਮਸਲੇ ਪਾਰਟੀ ਦੀ ਉੱਚ ਲੀਡਰਸ਼ਿਪ ਦੇ ਧਿਆਨ ਵਿਚ ਵੀ ਲਿਆਂਦੇ ਸਨ ਤੇ ਪਿਛਲੇ ਮਹੀਨੇ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਕਪੂਰਥਲਾ ਦੀ ਸਥਿਤੀ ਬਾਰੇ ਗੱਲ ਕੀਤੀ ਸੀ ਪਰ ਇਨ੍ਹਾਂ ਮਸਲਿਆਂ ’ਤੇ ਕੋਈ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਹੁਣ ਪਾਰਟੀ ਵਿਚ ਉਨ੍ਹਾਂ ਲਈ ਕੁਝ ਬਚਿਆ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 11–12 ਸਾਲਾਂ ਤੋਂ ਉਹ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹੇ ਹਨ ਤੇ ਸਰਕਾਰਾਂ ਦੀ ਬਦਇੰਤਜ਼ਾਮੀ ਤੇ ਲੋਕ ਮਸਲਿਆਂ ਬਾਰੇ ਖੁੱਲ੍ਹ ਕੇ ਆਪਣੀ ਆਵਾਜ਼ ਉਠਾਉਂਦੇ ਰਹੇ ਹਨ। ਉਨ੍ਹਾਂ ਕਿਹਾ ਅਕਾਲੀ ਦਲ ਕਪੂਰਥਲਾ ਆਪਣੀ ਮੂਲ ਵਿਚਾਰਧਾਰਾ ਤੋਂ ਦੂਰ ਹੋ ਚੁੱਕਾ ਹੈ, ਇਸ ਲਈ ਲੋਕਾਂ ਦੀ ਸੱਚੀ ਸੇਵਾ ਲਈ ਮੈਂ ਆਮ ਆਦਮੀ ਪਾਰਟੀ ਦਾ ਦਾਮਨ ਫੜਿਆ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਮ ਆਦਮੀ ਪਾਰਟੀ ਦੇ ਮੰਚ ਰਾਹੀਂ ਉਹ ਕਪੂਰਥਲਾ ਦੇ ਲੋਕਾਂ ਦੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰ ਸਕਣਗੇ ਤੇ ਇਮਾਨਦਾਰ ਰਾਜਨੀਤੀ ਲਈ ਕੰਮ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਉੱਚ ਲੀਡਰਸ਼ਿਪ ਦੇ ਮਾਰਗਦਰਸ਼ਨ ਨਾਲ ਉਹ ਜਲਦੀ ਹੀ ਸਮਾਜ ਦੇ ਚੰਗੀ ਸੋਚ ਵਾਲੇ ਲੋਕਾਂ ਨੂੰ ਵੀ ਪਾਰਟੀ ਨਾਲ ਜੋੜਣਗੇ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਲੋਕ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਅਨੁਸਾਰ ਕਪੂਰਥਲਾ ਵਿਚ ਅਕਾਲੀ ਦਲ ਦੇ ਹੋਰ ਕਈ ਵਰਕਰ ਤੇ ਸਮਰਥਕ ਵੀ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਅਕਾਸ਼ਦੀਪ ਸਿੰਘ ਆਹਲੂਵਾਲੀਆ ਨੇ ਵਿਸ਼ੇਸ਼ ਤੌਰ ਤੇ ਐਡਵੋਕੇਟ ਕਰਮਬੀਰ ਸਿੰਘ ਚੰਦੀ,ਹਲਕਾ ਇੰਚਾਰਜ ਆਮ ਆਦਮੀ ਪਾਰਟੀ ਕਪੂਰਥਲਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਲਈ ਹੌਸਲਾ, ਸਹਿਯੋਗ ਤੇ ਮਾਰਗਦਰਸ਼ਨ ਦਿੱਤਾ।