ਭੁਲੱਥ ਦੀਆਂ ਦੋ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਚੋਰਾਂ ਨੇ ਰਾਤ ਦੇ ਹਨੇਰੇ ਵਿੱਚ ਭੁਲੱਥ ਦੀਆਂ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Publish Date: Mon, 09 Feb 2026 08:31 PM (IST)
Updated Date: Mon, 09 Feb 2026 08:35 PM (IST)

ਖਾਲਸਾ ਪੇਂਟ ਸਟੋਰ ਤੋਂ ਨਕਦੀ ਚੋਰੀ, ਬੌਬੀ ਮਨੀਚੇਂਜਰ ਦਾ ਸ਼ਟਰ ਤੋੜਣ ਦੀ ਕੀਤੀ ਗਈ ਕੋਸ਼ਿਸ਼ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਬ-ਡਿਵੀਜ਼ਨਲ ਕਸਬਾ ਭੁਲੱਥ ਦੀ ਮੇਨ ਸੜਕ ਭੁਲੱਥ-ਨਡਾਲਾ ’ਤੇ ਬੀਤੀ ਰਾਤ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਐੱਚਡੀਐੱਫਸੀ ਬੈਂਕ ਦੇ ਨਜ਼ਦੀਕ ਸਥਿਤ ਖਾਲਸਾ ਪੇਂਟ ਸਟੋਰ ਦੇ ਮਾਲਕ ਸੁਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਸ਼ਟਰ ਚੁੱਕਿਆ ਹੋਇਆ ਸੀ। ਜਦੋਂ ਅੰਦਰ ਦੇਖਿਆ ਤਾਂ ਦੁਕਾਨ ਅੰਦਰ ਰੱਖਿਆ ਸਮਾਨ ਸੁਰੱਖਿਅਤ ਸੀ, ਪਰ ਗੱਲੇ ਵਿਚ ਪਈ ਤਕਰੀਬਨ ਇਕ ਹਜ਼ਾਰ ਰੁਪਏ ਦੀ ਨਕਦੀ ਚੋਰ ਲੈ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਦਿਖਾਈ ਦਿੱਤਾ ਕਿ ਇਕ ਵਿਅਕਤੀ ਚਿਹਰੇ ਨੂੰ ਢੱਕ ਕੇ ਦੁਕਾਨ ਅੰਦਰ ਦਾਖਲ ਹੋਇਆ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਇਆ ਹੈ। ਇਸੇ ਸੜਕ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਨਾਲ ਸਥਿਤ ਬੌਬੀ ਮਨੀਚੇਂਜਰ ਦੀ ਦੁਕਾਨ ਦਾ ਵੀ ਚੋਰਾਂ ਵੱਲੋਂ ਸ਼ਟਰ ਤੋੜਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਨਾਕਾਮ ਰਹਿਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਦੁਕਾਨ ਮਾਲਕ ਨੇ ਦੱਸਿਆ ਇਕ ਰਾਤ ਪਹਿਲਾਂ ਵੀ ਦੁਕਾਨ ਅੰਦਰ ਦਾਖਲ ਹੋਣ ਲਈ ਚੋਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ, ਸ਼ਟਰ ਨੂੰ ਲੱਗੇ ਤਾਲੇ ਤੋੜ ਦਿੱਤੇ ਗਏ ਸਨ ਤੇ ਅੱਜ ਫਿਰ ਤਾਲੇ ਤੋੜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਵਾਪਰੀਆਂ ਘਟਨਾਵਾਂ ਕਾਰਨ ਭੁਲੱਥ ਦੇ ਦੁਕਾਨਦਾਰਾਂ ਵਿਚ ਭਾਰੀ ਸਹਿਮ ਦਾ ਮਾਹੌਲ ਹੈ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।