ਸ਼ੇਖੂਪੁਰ ’ਚ ਕੋਠੀ ’ਚੋਂ 45 ਤੋਲੇ ਸੋਨਾ, ਅੱਧਾ ਕਿਲੋ ਚਾਂਦੀ ਚੋਰੀ
ਚੋਰਾਂ ਨੇ ਸ਼ੇਖੂਪੁਰ ਸਥਿਤ ਕੋਠੀ ਨੂੰ ਬਣਾਇਆ ਨਿਸ਼ਾਨਾ
Publish Date: Thu, 12 Mar 2026 06:54 PM (IST)
Updated Date: Thu, 12 Mar 2026 06:57 PM (IST)
-4 ਲੱਖ ਕੈਸ਼, 1 ਹਜ਼ਾਰ ਅਮਰੀਕਨ ਡਾਲਰ, ਇਕ ਟੈਬ ਹੋਇਆ ਚੋਰੀ
-ਪਰਿਵਾਰ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਹੁਸ਼ਿਆਰਪੁਰ
ਅਮਰੀਕ ਸਿੰਘ ਮੱਲ੍ਹੀ/ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਦੇ ਵਾਰਡ ਨੰਬਰ 34 ਸ਼ੇਖੂਪੁਰ ਵਿਚ ਬੀਤੀ ਰਾਤ ਚੋਰਾਂ ਨੇ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਪਗ 75 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ, ਚਾਂਦੀ, ਕੈਸ਼ ਤੇ ਹੋਰ ਸਮਾਨ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਸੁਮਿਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਾਤ 9 ਵਜੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਹੁਸ਼ਿਆਰਪੁਰ ਗਏ ਹੋਏ ਸਨ ਤੇ ਜਦੋਂ ਵਿਆਹ ਸਮਾਗਮ ਤੋਂ ਰਾਤ ਕਰੀਬ ਢਾਈ ਵਜੇ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਘਰ ’ਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੀ ਜਗ੍ਹਾ ’ਤੇ ਨਹੀਂ ਸੀ। ਉਸਨੇ ਦੱਸਿਆ ਕਿ ਜਦੋਂ ਘਰ ਦੇ ਕਮਰਿਆਂ ਵਿਚ ਪਈਆਂ ਅਲਮਾਰੀਆਂ ਨੂੰ ਦੇਖਿਆ ਤਾਂ ਉਨ੍ਹਾਂ ਦੇ ਲਾਕ ਟੁੱਟੇ ਹੋਏ ਸਨ ਤੇ ਵਿਚ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ। ਅਲਮਾਰੀਆਂ ਵਿਚੋਂ ਸਾਡੇ ਪਰਿਵਾਰ ਦਾ ਸਾਂਝਾ ਸੋਨਾ, ਜੋ ਕੁੱਲ ਮਿਲਾ ਕੇ 45 ਤੋਲੇ ਦੇ ਕਰੀਬ ਸੀ ਤੇ ਅੱਧਾ ਕਿਲੋ ਚਾਂਦੀ, 4 ਲੱਖ ਦੇ ਕਰੀਬ ਕੈਸ਼, ਇਕ ਹਜ਼ਾਰ ਅਮਰੀਕੀ ਡਾਲਰ, ਇਕ ਨਵਾਂ ਟੈਬਲੇਟ ਚੋਰ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਉਨ੍ਹਾਂ ਥਾਣਾ ਸਿਟੀ ਕਪੂਰਥਲਾ ਵਿਖੇ ਜਾਣਕਾਰੀ ਦਿੱਤੀ। ਥਾਣਾ ਸਿਟੀ ਪੁਲਿਸ ਨੇ ਮੌਕਾ ਮੁਆਇਨਾ ਕਰਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ ਹਨ। ਇਸ ਉਪਰੰਤ ਸਵੇਰੇ ਡੌਗ ਸਕੁਐਡ ਕਪੂਰਥਲਾ ਦੀ ਟੀਮ ਵੱਲੋਂ ਵੀ ਮੌਕੇ ’ਤੇ ਜਾਂਚ ਕੀਤੀ ਗਈ। ਇਸ ਸਬੰਧੀ ਥਾਣਾ ਸਿਟੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਚੋਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਪਰਿਵਾਰਕ ਆਗੂ ਸੁਮਿਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ।