ਨਡਾਲਾ ’ਚ ਚੋਰਾਂ ਦਾ ਕਹਿਰ ਜਾਰੀ, ਦੋ ਦੁਕਾਨਾਂ ਤੋਂ ਏਸੀ ਕੰਪਰੈਸ਼ਰ ਚੋਰੀ
ਨਡਾਲਾ ’ਚ ਚੋਰਾਂ ਦਾ ਕਹਿਰ ਜਾਰੀ, ਦੋ ਦੁਕਾਨਾਂ ਤੋਂ ਏਸੀ ਕੰਪਰੈਸ਼ਰ ਚੋਰੀ
Publish Date: Wed, 04 Feb 2026 08:27 PM (IST)
Updated Date: Thu, 05 Feb 2026 04:11 AM (IST)

ਕੈਪਸਨ- : 4ਕੇਪੀਟੀ26,27 ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੋਨੋਂ ਦੁਕਾਨਾਂ ਦੇ ਵਰਕਰ । ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਨਡਾਲਾ ਦੇ ਬੇਗੋਵਾਲ ਰੋਡ ’ਤੇ ਸਥਿਤ ਬਿਜਲੀ ਦਫ਼ਤਰ ਨੇੜੇ ਅਣਪਛਾਤੇ ਚੋਰਾਂ ਵੱਲੋਂ ਦੋ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਏਅਰ ਕੰਡੀਸ਼ਨਰਾਂ ਦੇ ਕੰਪਰੈਸ਼ਰ ਚੋਰੀ ਕਰ ਲਏ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਬਿਲਡਿੰਗ ਮਟੀਰੀਅਲ ਨਾਲ ਸੰਬੰਧਿਤ ਕੰਮ ਕਰਦੇ ਵਰਕਰ ਹਰਜਿੰਦਰ ਸਿੰਘ ਪੁੱਤਰ ਪੂਰਨ ਸਿੰਘ, ਵਾਸੀ ਹਬੀਬਵਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਦੁਕਾਨ ਖੋਲ੍ਹ ਕੇ ਸਫਾਈ ਕਰ ਰਿਹਾ ਸੀ। ਜਦੋਂ ਉਹ ਦੁਕਾਨ ਦੇ ਪਿਛਲੇ ਪਾਸੇ ਗਿਆ ਤਾਂ ਉਸ ਨੇ ਵੇਖਿਆ ਕਿ ਛੱਤ ਤੋਂ ਏਸੀ ਦੇ ਪਾਈਪ ਹੇਠਾਂ ਲਟਕ ਰਹੇ ਹਨ। ਸ਼ੱਕ ਹੋਣ ‘ਤੇ ਜਦੋਂ ਉਸ ਨੇ ਧਿਆਨ ਨਾਲ ਵੇਖਿਆ ਤਾਂ ਏਸੀ ਦਾ ਕੰਪਰੈਸ਼ਰ ਗਾਇਬ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਪੌੜੀਆਂ ਰਾਹੀਂ ਛੱਤ ਉੱਪਰ ਗਿਆ ਤਾਂ ਪਤਾ ਲੱਗਿਆ ਕਿ ਨਾ ਸਿਰਫ਼ ਉਸ ਦੀ ਦੁਕਾਨ ਤੋਂ, ਸਗੋਂ ਨਾਲ ਲੱਗਦੀ ਦੁਕਾਨ ਦੇ ਮਾਲਕ ਬਲਜਿੰਦਰ ਸਿੰਘ ਗੱਗੀ ਵਾਸੀ ਦੌਲਤਪੁਰ ਦਾ ਏਸੀ ਕੰਪਰੈਸ਼ਰ ਵੀ ਚੋਰੀ ਹੋ ਚੁੱਕਾ ਸੀ। ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਨਡਾਲਾ ਦੇ ਸਰਕਾਰੀ ਹਸਪਤਾਲ ਵਿੱਚੋਂ ਵੀ ਏਸੀ ਦੇ ਦੋ ਕੰਪਰੈਸ਼ਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ, ਪਰ ਉਸ ਮਾਮਲੇ ਵਿੱਚ ਵੀ ਹਾਲੇ ਤੱਕ ਚੋਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸਥਾਨਕ ਲੋਕਾਂ ਅਤੇ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤਰੀ ਗਸ਼ਤ ਵਿੱਚ ਵਾਧਾ ਕੀਤਾ ਜਾਵੇ ਅਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।