ਨਡਾਲਾ ’ਚ ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ : ਹੈਪੀ ਜੁਲਕਾ
ਨਡਾਲਾ ਵਿੱਚ ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ, ਲੋਕ ਅਫਵਾਹਾਂ ਤੋਂ ਬਚਣ: ਹੈਪੀ ਜੁਲਕਾ
Publish Date: Fri, 13 Mar 2026 09:59 PM (IST)
Updated Date: Fri, 13 Mar 2026 10:03 PM (IST)

ਲੋਕ ਅਫਵਾਹਾਂ ਤੋਂ ਬਚਣ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਇਲਾਕੇ ਵਿਚ ਗੈਸ ਸਿਲੰਡਰਾਂ ਦੀ ਕਥਿਤ ਕਮੀ ਬਾਰੇ ਫੈਲ ਰਹੀਆਂ ਅਫਵਾਹਾਂ ਦੇ ਮੱਦੇਨਜ਼ਰ ਨਡਾਲਾ ਗੈਸ ਏਜੰਸੀ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਨਡਾਲਾ ਗੈਸ ਏਜੰਸੀ ਦੇ ਸਰਪ੍ਰਸਤ ਹੈਪੀ ਜੁਲਕਾ ਤੇ ਮੈਨੇਜਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਇਲਾਕੇ ਵਿਚ ਗੈਸ ਸਿਲੰਡਰਾਂ ਦੀ ਕੋਈ ਘਾਟ ਨਹੀਂ ਹੈ ਤੇ ਸਪਲਾਈ ਪੂਰੀ ਤਰ੍ਹਾਂ ਨਿਯਮਤ ਤੌਰ ‘ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ‘ਤੇ ਫੈਲ ਰਹੀਆਂ ਅਫਵਾਹਾਂ ਕਾਰਨ ਲੋਕ ਬਿਨਾਂ ਲੋੜ ਤੋਂ ਵੱਧ ਗੈਸ ਸਿਲੰਡਰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਏਜੰਸੀ ‘ਤੇ ਬੇਲੋੜੀ ਭੀੜ ਬਣ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿਚ ਆ ਕੇ ਅਜਿਹਾ ਨਾ ਕਰਨ ਤੇ ਸਿਰਫ ਆਪਣੀ ਲੋੜ ਅਨੁਸਾਰ ਹੀ ਸਿਲੰਡਰ ਬੁਕ ਕਰਵਾਉਣ। ਜੁਲਕਾ ਨੇ ਕਿਹਾ ਕਿ ਖਪਤਕਾਰ ਬੁਕਿੰਗ ਕਰਵਾਉਣ ਤੋਂ ਬਾਅਦ ਸਮੇਂ ਸਿਰ ਆਪਣਾ ਸਿਲੰਡਰ ਪ੍ਰਾਪਤ ਕਰ ਸਕਦੇ ਹਨ ਤੇ ਨਿਯਮਾਂ ਅਨੁਸਾਰ ਅਗਲੀ ਬੁਕਿੰਗ 25 ਦਿਨਾਂ ਬਾਅਦ ਹੀ ਹੋਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਗੈਸ ਏਜੰਸੀਆਂ ਵੱਲੋਂ ਸਿਲੰਡਰਾਂ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ, ਇਸ ਲਈ ਕਿਸੇ ਵੀ ਖਪਤਕਾਰ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਪਤਕਾਰ ਨੂੰ ਗੈਸ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਸਬੰਧਤ ਗੈਸ ਏਜੰਸੀ ਨਾਲ ਸੰਪਰਕ ਕਰ ਸਕਦੇ ਹਨ। ਅੰਤ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ‘ਤੇ ਧਿਆਨ ਨਾ ਦੇਣ ਤੇ ਸਰਕਾਰ ਵੱਲੋਂ ਜਾਰੀ ਕੀਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਬੁਕਿੰਗ ਪ੍ਰਕਿਰਿਆ ਰਾਹੀਂ ਹੀ ਗੈਸ ਸਿਲੰਡਰ ਪ੍ਰਾਪਤ ਕਰਨ।