ਸਿਹਤ ਬੀਮਾ ਯੋਜਨਾ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ : ਲੁਬਾਣਾ
10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਕਾਰਡ ਯੋਜਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ: ਲੁਬਾਣਾ
Publish Date: Fri, 13 Feb 2026 07:32 PM (IST)
Updated Date: Fri, 13 Feb 2026 07:33 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ, ਜਿਸ ਤਹਿਤ 65 ਲੱਖ ਪਰਿਵਾਰਾਂ ਨੂੰ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਮੁਫਤ ਕੈਸ਼ਲੈੱਸ ਇਲਾਜ ਮਿਲੇਗਾ। ਇਹ ਯੋਜਨਾ ਗੰਭੀਰ ਬਿਮਾਰੀਆਂ, ਸਰਜਰੀ ਤੇ ਦਵਾਈਆਂ ਦੇ ਖਰਚਿਆਂ ਨੂੰ ਕਵਰ ਕਰਦੀ ਹੈ, ਜਿਸ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨੂੰ ਕਰਜ਼ੇ ਤੋਂ ਮੁਕਤੀ ਮਿਲੇਗੀ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਅੱਜ ਆਪਣੇ ਦਫਤਰ ਵਿਖੇ ਇਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਨੂੰ ਇਤਿਹਾਸਕ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸਹੂਲਤ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਲੁਬਾਣਾ ਅਨੁਸਾਰ ਇਹ ਯੋਜਨਾ ਹੁਣ ਪੂਰੇ ਪੰਜਾਬ ਵਿਚ ਪੂਰੀ ਤਰ੍ਹਾਂ ਸਰਗਰਮ ਹੈ ਤੇ ਸੂਚੀਬੱਧ ਹਸਪਤਾਲਾਂ ਵਿਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਲੁਬਾਣਾ ਨੇ ਯੋਜਨਾ ਦੀ ਸਫ਼ਲਤਾ ਨੂੰ ਸਾਬਤ ਕਰਨ ਲਈ ਇਕ ਜ਼ਿੰਦਾ ਮਿਸਾਲ ਪੇਸ਼ ਕੀਤੀ। ਸੂਬੇ ਦੇ ਸੁਲੱਖਣ ਸਿੰਘ ਨਾਮਕ ਇਕ ਗਰੀਬ ਮਜ਼ਦੂਰ, ਜਿਸ ਨੇ ਹਾਲ ਹੀ ਵਿਚ ਇਸੇ ਯੋਜਨਾ ਤਹਿਤ ਆਪਣੇ ਦਿਲ ਦਾ ਆਪ੍ਰੇਸ਼ਨ ਕਰਵਾਇਆ ਹੈ। ਲੁਬਾਣਾ ਨੇ ਦੱਸਿਆ ਕਿ ਸੁਲੱਖਣ ਸਿੰਘ ਨੂੰ ਦਿਲ ਦੀ ਤਕਲੀਫ਼ ਹੋਣ ’ਤੇ ਅੰਮ੍ਰਿਤਸਰ ਦੇ ਰੰਧਾਵਾ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿਥੇ ਇਲਾਜ ਦਾ ਖਰਚਾ ਕਰੀਬ 3 ਲੱਖ ਰੁਪਏ ਦੱਸਿਆ ਗਿਆ। ਇਕ ਮਜ਼ਦੂਰ ਪਰਿਵਾਰ ਲਈ ਇਹ ਰਕਮ ਜੁਟਾਉਣੀ ਨਾਮੁਮਕਿਨ ਸੀ, ਪਰ ਪਰਿਵਾਰ ਨੇ ਵੀਰਵਾਰ ਨੂੰ ਆਪਣਾ ਸਿਹਤ ਕਾਰਡ ਬਣਵਾਇਆ ਤੇ ਸ਼ੁੱਕਰਵਾਰ ਨੂੰ ਹੀ ਉਨ੍ਹਾਂ ਦਾ ਮੁਫ਼ਤ ਇਲਾਜ ਸ਼ੁਰੂ ਹੋ ਗਿਆ। ਅੱਜ ਸੁਲਖਣ ਸਿੰਘ ਦੇ ਦਿਲ ਵਿਚ ਸਟੰਟ ਪਾ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਲੁਬਾਣਾ ਨੇ ਸਪੱਸ਼ਟ ਕੀਤਾ ਕਿ ਇਸ ਸਿਹਤ ਯੋਜਨਾ ਦਾ ਲਾਭ ਬਿਨਾਂ ਕਿਸੇ ਜਾਤ-ਪਾਤ ਜਾਂ ਧਰਮ ਦੇ ਭੇਦਭਾਵ ਤੋਂ ਹਰ ਯੋਗ ਪੰਜਾਬੀ ਲੈ ਸਕਦਾ ਹੈ। ਕਾਰਡ ਵਿਚ ਪਰਿਵਾਰ ਦੇ ਮੁਖੀ ਦੇ ਨਾਲ-ਨਾਲ ਬਾਕੀ ਮੈਂਬਰਾਂ ਦੇ ਨਾਮ ਵੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸੂਬੇ ਦੇ ਲਗਭਗ 75 ਫ਼ੀਸਦੀ ਹਸਪਤਾਲਾਂ ਨਾਲ ਸਮਝੌਤਾ ਕਰ ਲਿਆ ਹੈ। ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਸੂਚੀਬੱਧ ਹਸਪਤਾਲ ਨੇ ਕਾਰਡ ਹੋਣ ਦੇ ਬਾਵਜੂਦ ਇਲਾਜ ਤੋਂ ਮਨਾ ਕੀਤਾ, ਤਾਂ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।