ਨਵਾਂ ਮੋਟਰਸਾਈਕਲ ਲੈਣ ਆਏ ਦਾ ਪੁਰਾਣਾ ਚੋਰੀ
ਸੁਲਤਾਨਪੁਰ ਲੋਧੀ ’ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ
Publish Date: Fri, 02 Jan 2026 10:04 PM (IST)
Updated Date: Fri, 02 Jan 2026 10:05 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸ਼ਹਿਰ ਸੁਲਤਾਨਪੁਰ ਲੋਧੀ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ, ਸਗੋਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲੇ ਵਿਚ ਇਕ ਨਾਮੀ ਮੋਟਰਸਾਈਕਲ ਏਜੰਸੀ ਤੋਂ ਨਵਾਂ ਮੋਟਰਸਾਈਕਲ ਖਰੀਦਣ ਆਏ ਗਾਹਕ ਦਾ ਬਾਹਰ ਖੜ੍ਹਾ ਪੁਰਾਣਾ ਮੋਟਰਸਾਈਕਲ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ, ਗਾਹਕ ਏਜੰਸੀ ਅੰਦਰ ਖਰੀਦਦਾਰੀ ਦੀ ਕਾਰਵਾਈ ਲਈ ਗਿਆ ਹੋਇਆ ਸੀ। ਇਸ ਦੌਰਾਨ ਕੁਝ ਹੀ ਸਮੇਂ ਵਿਚ ਚੋਰਾਂ ਨੇ ਮੌਕਾ ਦੇਖ ਕੇ ਬਾਹਰ ਖੜ੍ਹੇ ਪੁਰਾਣੇ ਮੋਟਰਸਾਈਕਲ ’ਤੇ ਹੱਥ ਸਾਫ ਕਰ ਦਿੱਤਾ। ਜਦੋਂ ਗਾਹਕ ਬਾਹਰ ਆਇਆ ਤਾਂ ਮੋਟਰਸਾਈਕਲ ਗਾਇਬ ਦੇਖ ਕੇ ਹੈਰਾਨ ਰਹਿ ਗਿਆ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਾਸੀਆਂ ਦਾ ਕਹਿਣਾ ਹੈ ਕਿ ਬਾਜ਼ਾਰਾਂ ਅਤੇ ਵਪਾਰਕ ਇਲਾਕਿਆਂ ਵਿਚ ਪੁਲਿਸ ਗਸ਼ਤ ਵਧਾਈ ਜਾਵੇ ਤੇ ਏਜੰਸੀਆਂ/ਦੁਕਾਨਾਂ ਦੇ ਬਾਹਰ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ। ਇਸ ਸਬੰਧੀ ਐੱਸਐੱਚਓ ਸੋਨਮਦੀਪ ਕੌਰ ਸੁਲਤਾਨਪੁਰ ਲੋਧੀ ਦਾ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਕਿਸੇ ਵੀ ਵਿਅਕਤੀ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਆਈ ਪਰ ਅਸੀਂ ਕਾਫੀ ਸਾਰੇ ਚੋਰੀ ਹੋਏ ਵਾਹਨ ਰਿਕਵਰ ਕਰਕੇ ਥਾਣਾ ਵਿਚ ਲਿਆਂਦੇ ਹਨ ਤੇ ਉਨ੍ਹਾਂ ਨੂੰ ਵਾਹਨਾਂ ਦੇ ਮਾਲਕਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਸੌਂਪ ਦਿੱਤੇ ਜਾਣਗੇ।