ਨਡਾਲਾ ਦੇ ਮੈਡੀਕਲ ਸਟੋਰ ’ਚ ਚੋਰੀ, 12 ਹਜ਼ਾਰ ਦੀ ਨਗਦੀ ਉਡਾਈ
ਕਸਬਾ ਨਡਾਲਾ ਵਿੱਚ ਮੈਡੀਕਲ ਸਟੋਰ ’ਚ ਚੋਰੀ, ਕਰੀਬ 12 ਹਜ਼ਾਰ ਦੀ ਨਗਦੀ ਉਡਾਈ
Publish Date: Fri, 20 Feb 2026 08:10 PM (IST)
Updated Date: Fri, 20 Feb 2026 08:12 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਕੱਕੜ ਮੈਡੀਕਲ ਸਟੋਰ ਵਿਚੋਂ ਅਣਪਛਾਤੇ ਚੋਰ ਵੱਲੋਂ ਕਰੀਬ 10 ਤੋਂ 12 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਤ ਦੇ ਸਮੇਂ ਵਾਪਰੀ ਦੱਸੀ ਜਾ ਰਹੀ ਹੈ, ਜਿਸ ਦੀਆਂ ਤਸਵੀਰਾਂ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਰਾਤ ਦੇ ਸਮੇਂ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਇਆ ਤੇ ਕਾਊਂਟਰ ਵਿਚ ਪਈ ਨਗਦੀ ਚੁੱਕ ਕੇ ਫਰਾਰ ਹੋ ਗਿਆ। ਸਵੇਰੇ ਕਰੀਬ ਸਾਢੇ ਪੰਜ ਵਜੇ ਜਦੋਂ ਦੁਕਾਨ ਮਾਲਕ ਤਿਲਕ ਰਾਜ ਕੱਕੜ ਸੈਰ ਕਰਦੇ ਹੋਏ ਦੁਕਾਨ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਸ਼ਟਰ ਅੱਧਾ ਚੁੱਕਿਆ ਹੋਇਆ ਹੈ ਤੇ ਤਾਲਾ ਟੁੱਟਿਆ ਪਿਆ ਹੈ। ਅੰਦਰ ਜਾ ਕੇ ਜਾਂਚ ਕਰਨ ‘ਤੇ ਕਾਊਂਟਰ ਦੀ ਦਰਾਜ ਵਿਚ ਪਈ ਕਰੀਬ 10-12 ਹਜ਼ਾਰ ਰੁਪਏ ਦੀ ਰਕਮ ਗਾਇਬ ਮਿਲੀ। ਇਸ ਸਬੰਧੀ ਦੁਕਾਨ ਮਾਲਕ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰ ਦੀ ਪਹਿਚਾਣ ਕੀਤੀ ਜਾ ਸਕੇ।