ਯੂਨੀਅਨ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ
ਯੂਨੀਅਨ ਨੇ ਮੰਗਾਂ ਸਬੰਧੀ ਡੀਸੀ ਦੇ ਨਾਮ ਏ.ਡੀ.ਸੀ ਨਵਨੀਤ ਕੌਰ ਬੱਲ ਨੂੰ ਸੋਂਪਿਆ ਮੰਗ ਪੱਤਰ
Publish Date: Tue, 10 Feb 2026 07:27 PM (IST)
Updated Date: Tue, 10 Feb 2026 07:29 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਮਮਤਾ ਸੈਦਪੁਰ ਦੀ ਅਗੁਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸੂਬਾ ਮੀਤ ਪ੍ਰਧਾਨ ਮਮਤਾ ਸੈਦਪੁਰ ਨੇ ਕਿਹਾ ਕਿ 12 ਫਰਵਰੀ ਦਿਨ ਵੀਰਵਾਰ ਨੂੰ ਜ਼ਿਲ੍ਹਾ ਪੱਧਰ ’ਤੇ ਕੀਤੀ ਜਾਣ ਵਾਲੀ ਹੜਤਾਲ ਵਿਚ ਮਿਡ-ਡੇ-ਮੀਲ ਵਰਕਰਾਂ ਤੇ ਕੁੱਕ ਵਰਕਰਾਂ ਵੱਡੀ ਗਿਣਤੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਮੀਟਿੰਗ ਤੋਂ ਬਾਅਦ ਯੂਨੀਅਨ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਨਾਮ ਦਾ ਇਕ ਮੰਗ ਪੱਤਰ ਏਡੀਸੀ ਨਵਨੀਤ ਕੌਰ ਬੱਲ ਨੂੰ ਸੌਂਪਿਆ ਗਿਆ। ਇਸ ਦੌਰਾਨ ਸੂਬਾ ਮੀਤ ਪ੍ਰਧਾਨ ਮਮਤਾ ਸੈਦਪੁਰ ਨੇ ਵਰਕਰਾਂ ਦੀਆਂ ਮੰਗਾਂ ਬਾਰੇ ਦੱਸਿਆ ਕਿ ਜੱਦੋਂ ਤੱਕ ਵਰਕਰਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਵਰਕਰਾਂ ਦੀ ਤਨਖਾਹ 3,000/-ਰੁਪਏ ਤੋਂ ਵੱਧਾ ਕੇ 18,0000/- ਰੁਪਏ ਕੀਤੀ ਜਾਵੇ। ਮਿਡ-ਡੇ-ਮੀਲ ਵਰਕਰਾਂ ਨੂੰ ਗਰਮੀ ਤੇ ਸਰਦੀ ਦੇ ਮੌਸਮ ਦੀ ਵਰਦੀ ਦਿੱਤੀ ਜਾਵੇ ਤੇ ਵਰਕਰਾਂ ਨੂੰ ਪਹਿਚਾਣ ਪੱਤਰ ਦਿੱਤੇ ਜਾਣ। ਮਿਡ-ਡੇ-ਮਿਲ ਵਰਕਰਾਂ ਦੀ ਸੇਵਾ ਪੱਤਰੀ ਲਗਾ ਕੇ ਜੀਪੀਐੱਫ/ਸੀਪੀਐੱਫ ਕੱਟਣਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦਾ ਮੁਫਤ ਜੀਵਨ ਬੀਮਾ ਤੇ ਸਿਹਤ ਬੀਮਾ ਕੀਤਾ ਜਾਵੇ। ਸੂਬਾ ਮੀਤ ਪ੍ਰਧਾਨ ਮਮਤਾ ਸੈਦਪੁਰ ਨੇ ਦੱਸਿਆ ਕਿ ਹਰੇਕ ਸਕੂਲ ਵਿਚ 50 ਬੱਚਿਆਂ ’ਤੇ ਦੋ ਵਰਕਰਾਂ ਰੱਖੀਆਂ ਜਾਣ ਤੇ 100 ਬੱਚਿਆਂ ’ਤੇ ਚਾਰ ਵਰਕਰਾਂ ਨੂੰ ਰੱਖਿਆ ਜਾਵੇ । ਮਿਡ-ਡੇ-ਮਿਲ ਕੁੱਕ ਵਰਕਰਾਂ ਨੂੰ ਪਾਰਟ ਟਾਈਮ ਨਾ ਦੱਸਿਆ ਜਾਵੇ, ਕਿਉਂਕਿ ਵਰਕਰ ਪੂਰਾ ਟਾਈਮ ਸਕੂਲ ਵਿਚ ਕੰਮ ਕਰਦੇ ਹਨ। ਖਾਣਾ ਬਣਾਉਣ ਤੋਂ ਲੈ ਕੇ ਬਰਤਨ ਦੀ ਸਾਫ ਸਫਾਈਸ, ਕਿਚਨ ਤੇ ਬੱਚਿਆਂ ਦੇ ਬੈਠਣ ਵਾਲੀ ਜਗ੍ਹਾ ਸਾਫ ਕਰਨ ਤੱਕ ਸਕੂਲ ਦਾ ਪੂਰਾ ਸਮਾਂ ਹੋ ਜਾਂਦਾ ਹੈ। ਮਿਡ-ਡੇ-ਮੀਲ ਕੁੱਕ ਵਰਕਰਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਨੌਕਰੀ ਉਸਦੇ ਪਰਿਵਾਰਕ ਮੈਂਬਰ ਨੂੰ ਦੇਣ ਦਾ ਪ੍ਰਬੰਧ ਕੀਤਾ ਜਾਵੇ। ਮਿਡ-ਡੇ-ਮੀਲ ਖਾਣ ਲਈ ਵਰਤ ਜਾਣ ਵਾਲੇ ਭਾਂਡਿਆਂ ਦੀ ਸਾਫ-ਸਫਾਈ ਕਰਨ ਵਾਸਤੇ ਇਕ ਵਰਕਰ ਰੱਖਿਆ ਜਾਵੇ। ਮਿਡ-ਡੇ-ਮੀਲ ਕੁੱਕ ਵਰਕਰਾਂ ਤੋਂ ਮਿਡ-ਡੇ-ਮੀਲ ਬਣਾਉਣ ਤੋਂ ਇਲਾਵਾ ਜ਼ਬਰਦਸਤੀ ਕੰਮ ਲੈਣਾ ਬੰਦ ਕੀਤਾ ਜਾਵੇ ਤੇ ਹੋਰ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਹੜਤਾਲ ਵਿਚ ਵਰਕਰਾਂ ਨੂੰ ਸ਼ਾਮਲ ਹੋਣ ਤੋਂ ਜੇਕਰ ਕੋਈ ਸਕੂਲ ਪ੍ਰਬੰਧਕ ਤੰਗ-ਪਰੇਸ਼ਾਨ ਕਰਦਾ ਹੈ ਤਾਂ ਯੂਨੀਅਨ ਵੱਲੋ ਉਸਦਾ ਪੂਰਾ ਵਿਰੋਧ ਕੀਤਾ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਸਕੂਲ ਪ੍ਰਬੰਧਕ ਦੀ ਹੋਵੇਗੀ। ਇਸ ਮੌਕੇ ਰੇਖਾ, ਚੰਚਲ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਮਨਜੀਤ, ਮਨਵਿੰਦਰ ਕੌਰ ਤੇ ਹੋਰ ਸ਼ਾਮਲ ਹਨ।