ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਂਵਾ ’ਤੇ ਅਮਲ ਦੀ ਲੋੜ : ਓਮ ਪ੍ਰਕਾਸ਼
ਸ੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੀਆਂ ਸਿਿਖਆਂਵਾ ਤੇ ਅਮਲ ਦੌ ਲੋੜ,ਓਮ ਪ੍ਰਕਾਸ
Publish Date: Sat, 31 Jan 2026 07:11 PM (IST)
Updated Date: Sat, 31 Jan 2026 07:13 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਅੰਦਰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਆਪਣੇ ਸਮਾਜ ਦੀ ਬੇਹਤਰੀ ਲਈ ਕੰਮ ਕੀਤੇ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪਿੰਡ ਵਜੀਦੋਵਾਲ ਦੇ ਸਾਬਕਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਨੇ ਕਿਹਾ ਕਿ ਸਮਾਜ ਨੂੰ ਬਿਹਤਰ ਬਣਾਉਣ ਲਈ ਸਾਨੂੰ ਸਭ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ ਹੈ। ਸ੍ਰੀ ਗੁਰੂ ਰਵਿਦਾਸ ਜੀ ਨੇ ਸਾਨੂੰ ਬਰਾਬਰੀ, ਪਿਆਰ, ਸੱਚਾਈ ਤੇ ਮਨੁੱਖਤਾ ਦਾ ਪਾਠ ਪੜ੍ਹਾਇਆ। ਉਨ੍ਹਾਂ ਨੇ ਜਾਤ-ਪਾਤ, ਊਚ-ਨੀਚ ਤੇ ਭੇਦਭਾਵ ਦਾ ਖੁੱਲ੍ਹ ਕੇ ਵਿਰੋਧ ਕੀਤਾ ਤੇ ਸਾਰੇ ਮਨੁੱਖਾਂ ਨੂੰ ਇਕੋ ਜਿਹਾ ਮੰਨਣ ਦੀ ਸਿੱਖਿਆ ਦਿੱਤੀ। ਗੁਰੂ ਜੀ ਦਾ ਮੰਨਣਾ ਸੀ ਕਿ ਪਰਮਾਤਮਾ ਇਕ ਹੈ ਤੇ ਉਹ ਹਰ ਦਿਲ ਵਿਚ ਵੱਸਦਾ ਹੈ, ਇਸ ਲਈ ਕਿਸੇ ਨਾਲ ਵੀ ਨਫ਼ਰਤ ਜਾਂ ਭੇਦਭਾਵ ਕਰਨਾ ਗਲਤ ਹੈ। ਗੁਰੂ ਰਵਿਦਾਸ ਜੀ ਨੇ ਸਾਨੂੰ ਸੱਚੀ ਮਿਹਨਤ ਕਰਨ, ਇਮਾਨਦਾਰੀ ਨਾਲ ਜੀਵਨ ਬਿਤਾਉਣ ਅਤੇ ਦੂਜਿਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਜੇ ਸਮਾਜ ਵਿਚ ਹਰ ਵਿਅਕਤੀ ਦੂਜੇ ਦੀ ਇੱਜਤ ਕਰੇ ਤੇ ਪਿਆਰ ਨਾਲ ਰਹੇ, ਤਾਂ ਸਮਾਜ ਆਪ ਹੀ ਸੁੰਦਰ ਤੇ ਸ਼ਾਂਤਮਈ ਬਣ ਸਕਦਾ ਹੈ। ਅੱਜ ਦੇ ਸਮੇਂ ਵਿਚ, ਜਦੋਂ ਸਮਾਜ ਵਿਚ ਨਫ਼ਰਤ ਵਧ ਰਹੀ ਹੈ, ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਾਨੂੰ ਏਕਤਾ, ਸਹਿਣਸ਼ੀਲਤਾ ਤੇ ਮਨੁੱਖਤਾ ਦੇ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕਰਦੀਆਂ ਹਨ। ਇਸ ਲਈ ਸਮਾਜ ਦੀ ਭਲਾਈ ਲਈ ਸਾਨੂੰ ਸਭ ਨੂੰ ਗੁਰੂ ਜੀ ਦੇ ਦਰਸਾਏ ਰਸਤੇ ‘ਤੇ ਚੱਲਣਾ ਚਾਹੀਦਾ ਹੈ।