ਕਦੇ ਸਾਫ਼ ਪਾਣੀ ਦਾ ਸਭ ਤੋਂ ਭਰੋਸੇਯੋਗ ਸਰੋਤ ਮੰਨਿਆ ਜਾਂਦਾ ਸੀ ਨਲਕਾ
ਕਦੇ ਪੀਣ ਵਾਲੇ ਸਾਫ਼ ਪਾਣੀ ਦਾ ਸਭ ਤੋਂ ਭਰੋਸੇਯੋਗ ਸਰੋਤ ਮੰਨਿਆ ਜਾਂਦਾ ਨਲਕਾ
Publish Date: Sat, 31 Jan 2026 08:45 PM (IST)
Updated Date: Sat, 31 Jan 2026 08:46 PM (IST)

--ਪਿੰਡਾਂ ’ਚ ਨਲਕੇ ਦੀ ਸ਼ੁਰੂਆਤ, ਮਹੱਤਤਾ ਤੇ ਬੰਦ ਹੋਣ ਦੇ ਕਾਰਨਾਂ ’ਤੇ ਝਾਤ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪਿੰਡਾਂ ਦੀ ਜ਼ਿੰਦਗੀ ਨਾਲ ਜੁੜਿਆ ਨਲਕਾ (ਹੈਂਡ ਪੰਪ) ਕਦੇ ਪੀਣ ਵਾਲੇ ਸਾਫ਼ ਪਾਣੀ ਦਾ ਸਭ ਤੋਂ ਭਰੋਸੇਯੋਗ ਸਰੋਤ ਮੰਨਿਆ ਜਾਂਦਾ ਸੀ। ਅੱਜ ਜਦੋਂ ਘਰ-ਘਰ ਪਾਣੀ ਦੀ ਗੱਲ ਹੁੰਦੀ ਹੈ, ਤਦ ਨਲਕੇ ਦੀ ਭੂਮਿਕਾ ਇਤਿਹਾਸ ਦੇ ਵਿਸਰੇ ਪੰਨਿਆਂ ਵਿਚ ਦਰਜ ਹੋ ਰਹੀ ਹੈ। ਆਓ ਜਾਣਦੇ ਹਾਂ ਇਸਦੀ ਸ਼ੁਰੂਆਤ ਕਦੋਂ ਹੋਈ, ਇਹ ਕਿਉਂ ਫੈਲਿਆ ਤੇ ਫਿਰ ਨਲਕਾ ਕਿਹੜੇ ਕਾਰਨਾਂ ਕਰਕੇ ਹੌਲੀ-ਹੌਲੀ ਬੰਦ ਹੁੰਦਾ ਗਿਆ। --ਨਲਕੇ ਦੀ ਸ਼ੁਰੂਆਤ : ਭਾਰਤ ਵਿਚ ਨਲਕਿਆਂ ਦੀ ਸ਼ੁਰੂਆਤ 1960–70 ਦੇ ਦਹਾਕੇ ਵਿਚ ਜ਼ੋਰਾਂ-ਸ਼ੋਰਾਂ ਨਾਲ ਅਰੰਭ ਹੋਈ। ਪਿੰਡਾਂ ਵਿਚ ਸਾਫ਼ ਪਾਣੀ ਦੀ ਕਮੀ, ਟਾਇਫਾਈਡ, ਦਸਤ ਤੇ ਹੈਜ਼ਾ ਵਰਗੀਆਂ ਬਿਮਾਰੀਆਂ ਨੇ ਸਰਕਾਰ ਨੂੰ ਮਜ਼ਬੂਰ ਕੀਤਾ ਸੀ ਕਿ ਜ਼ਮੀਨੀ ਪਾਣੀ (ਖੂਹ ਜਾਂ ਟਿਊਬਵੈੱਲ ਤੋਂ ਨਿਕਲਣ ਵਾਲਾ ਪਾਣੀ) ਤੱਕ ਆਸਾਨ ਪਹੁੰਚ ਬਣਾਈ ਜਾਵੇ। ਉਸ ਸਮੇਂ ਨਲਕਾ ਸਸਤਾ, ਟਿਕਾਊ ਤੇ ਬਿਜਲੀ ਤੋਂ ਬਿਨਾਂ ਚੱਲਣ ਵਾਲਾ ਹੱਲ ਸੀ, ਇਸ ਲਈ ਹਰ ਪਿੰਡ ਦੇ ਚੌਂਕ, ਸਕੂਲਾਂ ਤੇ ਧਰਮਸ਼ਾਲਾਵਾਂ ਕੋਲ ਕਹਿਣ ਦਾ ਮਤਲਬ ਹੈ ਕਿ ਹਰ ਜਗ੍ਹਾ ਨਲਕੇ ਲਗਾਏ ਗਏ। --ਸੁਨਹਿਰਾ ਦੌਰ : 1980–90 ਦੇ ਸਮੇਂ ਨਲਕਾ ਪਿੰਡ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਸੀ ਤੇ ਔਰਤਾਂ, ਬੱਚੇ ਤੇ ਬਜ਼ੁਰਗ ਸਵੇਰ-ਸ਼ਾਮ ਇਸ ਤੋਂ ਪਾਣੀ ਭਰਨ ਲਈ ਆਉਂਦੇ ਹੁੰਦੇ ਸਨ ਜੋ ਕਿ ਪਿੰਡ ਦੀ ਸਮਾਜਿਕਤਾ ਵੀ ਇਥੇ ਹੀ ਜੁੜਦੀ ਸੀ ਤੇ ਸਰਕਾਰੀ ਰਿਪੋਰਟਾਂ ਮੁਤਾਬਕ ਇਸ ਦੌਰਾਨ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਪਹੁੰਚ ਕਾਫ਼ੀ ਬਿਹਤਰ ਹੋਈ ਸੀ। --ਨਲਕੇ ਦੇ ਬੰਦ ਹੋਣ ਦੇ ਮੁੱਖ ਕਾਰਨ : -ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡਿੱਗਣਾ : ਲਗਾਤਾਰ ਖੇਤੀਬਾੜੀ ਲਈ ਟਿਊਬਵੈੱਲਾਂ ਦੀ ਵਧਦੀ ਵਰਤੋਂ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਸੀ ਤੇ ਨਲਕੇ ਸੁੱਕਣ ਲੱਗ ਪਏ ਸਨ। -ਘਰ-ਘਰ ਨਲ ਯੋਜਨਾ : ਸਰਕਾਰ ਵੱਲੋਂ ਪਾਈਪਲਾਈਨ ਰਾਹੀਂ ਪਾਣੀ ਪਹੁੰਚਾਉਣ ਨਾਲ ਉਸ ਵੇਲੇ ਨਲਕਿਆਂ ਦੀ ਲੋੜ ਘਟੀ ਸੀ। -ਰੱਖ-ਰਖਾਅ ਦੀ ਕਮੀ : ਪੁਰਜ਼ਿਆਂ ਦੀ ਟੁੱਟ-ਫੁੱਟ, ਸਮੇਂ-ਸਿਰ ਮੁਰੰਮਤ ਨਾ ਹੋਣਾ ਤੇ ਜ਼ਿੰਮੇਵਾਰੀ ਦੀ ਘਾਟ। -ਪਾਣੀ ਦੀ ਗੁਣਵੱਤਾ : ਕੁਝ ਖੇਤਰਾਂ ਵਿਚ ਫਲੋਰਾਈਡ/ਆਰਸੇਨਿਕ ਦੀ ਮੌਜੂਦਗੀ ਕਾਰਨ ਨਲਕਿਆਂ ਦਾ ਪਾਣੀ ਅਣਉਪਯੋਗੀ ਘੋਸ਼ਿਤ ਹੋਇਆ ਸੀ। -ਸ਼ਹਿਰੀਕਰਨ ਤੇ ਬਦਲਦਾ ਜੀਵਨ-ਢੰਗ : ਨਵੇਂ ਸਰੋਤਾਂ ਵੱਲ ਝੁਕਾਅ ਰੱਖਣ ਨਾਲ ਵੀ ਨਲਕਿਆਂ ਦੀ ਮੰਗ ਘੱਟ ਹੋਈ ਸੀ। --ਅੱਜ ਦੀ ਸਥਿਤੀ : ਅੱਜ ਕਈ ਪਿੰਡਾਂ ਵਿਚ ਤੁਹਾਨੂੰ ਪੁਰਾਣੇ ਨਲਕੇ ਜੰਗ ਲੱਗੇ ਮਿਲਣਗੇ, ਜਾਂ ਬੰਦ ਜਾਂ ਹਟਾਏ ਜਾ ਚੁੱਕੇ ਹਨ। ਫਿਰ ਵੀ, ਕਈ ਦੂਰਦਰਾਜ ਦੇ ਇਲਾਕਿਆਂ ਵਿਚ ਇਹ ਬੈਕਅੱਪ ਸਰੋਤ ਵਜੋਂ ਅਜੇ ਵੀ ਮਹੱਤਵਪੂਰਨ ਹਨ ਖ਼ਾਸ ਕਰਕੇ ਜਦੋਂ ਬਿਜਲੀ ਜਾਂ ਪਾਈਪਲਾਈਨ ਫੇਲ੍ਹ ਹੋ ਜਾਵੇ। ਉਸ ਵੇਲੇ ਨਲਕਾ ਸਿਰਫ਼ ਪਾਣੀ ਕੱਢਣ ਦਾ ਸਾਧਨ ਨਹੀਂ ਹੁੰਦਾ ਸੀ, ਇਹ ਪਿੰਡਾਂ ਦੀ ਸਮਾਜਿਕ ਤੇ ਸਿਹਤਮੰਦ ਜ਼ਿੰਦਗੀ ਦਾ ਪ੍ਰਤੀਕ ਸੀ। ਭਵਿੱਖ ਵਿਚ ਭੂਜਲ ਸੁਰੱਖਿਆ, ਵਰਖਾ-ਜਲ ਸੰਗ੍ਰਹਿ ਤੇ ਜ਼ਿੰਮੇਵਾਰ ਵਰਤੋਂ ਨਾਲ, ਨਲਕਿਆਂ ਦੀ ਭੂਮਿਕਾ ਨੂੰ ਬਦਲਵੇਂ ਸਰੋਤ ਵਜੋਂ ਫਿਰ ਤੋਂ ਜਗਾਇਆ ਜਾ ਸਕਦਾ ਹੈ। --ਪੁਰਾਣੇ ਸਮੇਂ ’ਚ ਨਲਕਾ ਆਪਸੀ ਭਾਈਚਾਰੇ ਦੀ ਨਿਸ਼ਾਨੀ ਹੁੰਦਾ ਸੀ : ਸੋਨੀਆ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸਾਹਿਤ ਸਭਾ ਤੇ ਸਰਪ੍ਰਸਤ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਨਲਕਾ ਸਿਰਫ਼ ਪਾਣੀ ਲੈਣ ਦਾ ਸਾਧਨ ਨਹੀਂ ਹੁੰਦਾ ਸੀ, ਸਗੋਂ ਪਿੰਡ ਦੀ ਸਾਂਝੀ ਸੰਸਕ੍ਰਿਤੀ ਤੇ ਆਪਸੀ ਭਾਈਚਾਰੇ ਦੀ ਨਿਸ਼ਾਨੀ ਹੁੰਦਾ ਸੀ। ਨਲਕੇ ‘ਤੇ ਲੋਕ ਇਕੱਠੇ ਹੋ ਕੇ ਪਾਣੀ ਭਰਦੇ, ਦੁੱਖ–ਸੁੱਖ ਸਾਂਝੇ ਕਰਦੇ ਤੇ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਸਨ। ਉਸ ਸਮੇਂ ਪਾਣੀ ਦੀ ਕਦਰ ਸੀ ਤੇ ਇਸਨੂੰ ਬਚਾਉਣ ਦਾ ਸੁਚੱਜਾ ਸਬਕ ਵੀ ਨਲਕੇ ਤੋਂ ਹੀ ਮਿਲਦਾ ਸੀ। ਅੱਜ ਆਧੁਨਿਕਤਾ ਦੀ ਦੌੜ ਵਿਚ ਅਸੀਂ ਉਹ ਸਾਂਝੀ ਰੂਹ ਤੇ ਪਾਣੀ ਪ੍ਰਤੀ ਸੰਵੇਦਨਸ਼ੀਲਤਾ ਗੁਆ ਰਹੇ ਹਾਂ, ਜਿਸਨੂੰ ਮੁੜ ਜੀਵੰਤ ਕਰਨ ਦੀ ਲੋੜ ਹੈ। --ਨਲਕੇ ਨਾਲ ਜੁੜੀ ਪਾਣੀ ਸੰਭਾਲਣ ਦੀ ਸੋਚ ਨੂੰ ਮੁੜ ਜਾਗਰੂਕ ਕਰਨ ਦੀ ਲੋੜ : ਚੰਦੀ ਮੁਖ਼ਤਾਰ ਸਿੰਘ ਚੰਦੀ ਸਕੱਤਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਨਲਕਾ ਪਿੰਡ ਦੀ ਸਮਾਜਿਕ ਜ਼ਿੰਦਗੀ ਦਾ ਕੇਂਦਰ ਹੁੰਦਾ ਸੀ। ਨਲਕੇ ’ਤੇ ਲੋਕ ਇਕੱਠੇ ਹੋ ਕੇ ਪਾਣੀ ਭਰਦੇ ਸਨ ਤੇ ਨਾਲ ਹੀ ਆਪਸੀ ਸਾਂਝ, ਭਾਈਚਾਰਾ ਤੇ ਸੰਸਕਾਰ ਮਜ਼ਬੂਤ ਹੁੰਦੇ ਸਨ। ਅੱਜ ਲੋੜ ਹੈ ਕਿ ਨਲਕੇ ਨਾਲ ਜੁੜੀ ਪਾਣੀ ਸੰਭਾਲਣ ਦੀ ਉਸ ਸੋਚ ਨੂੰ ਮੁੜ ਜਾਗਰੂਕ ਕੀਤਾ ਜਾਵੇ। --ਪੁਰਾਣੇ ਸਮਿਆਂ ’ਚ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕੀਤੀ ਜਾਂਦੀ ਸੀ : ਸਵਰਨ ਸਿੰਘ ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਨਲਕਾ ਸਿਰਫ਼ ਪਾਣੀ ਦਾ ਸਾਧਨ ਨਹੀਂ ਸੀ, ਸਗੋਂ ਇਹ ਸਾਦਗੀ, ਸੰਜਮ ਤੇ ਕੁਦਰਤ ਨਾਲ ਸਾਂਝ ਦਾ ਪ੍ਰਤੀਕ ਸੀ। ਪੁਰਾਣੇ ਸਮਿਆਂ ਵਿਚ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕੀਤੀ ਜਾਂਦੀ ਸੀ, ਪਰ ਅੱਜ ਬੇਤਹਾਸ਼ਾ ਖਪਤ ਨੇ ਭੂਜਲ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਤੋਂ ਸਾਵਧਾਨ ਹੋਣ ਦੀ ਲੋੜ ਹੈ। --ਪਾਣੀ ਦੀ ਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ : ਐਡਵੋਕੇਟ ਸੰਧਾ ਸੀਨੀਅਰ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਪਾਣੀ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ, ਪਰ ਇਸ ਦੀ ਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਵੀ ਹੈ। ਨਲਕੇ ਰਾਹੀਂ ਮਿਲਣ ਵਾਲਾ ਪਾਣੀ ਪਿੰਡਾਂ ਲਈ ਜੀਵਨ ਦਾ ਆਧਾਰ ਸੀ ਤੇ ਅੱਜ ਕਾਨੂੰਨੀ ਤੇ ਸਮਾਜਿਕ ਪੱਧਰ ‘ਤੇ ਪਾਣੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। --ਖੇਤੀਬਾੜੀ ਤੇ ਪਸ਼ੂ ਪਾਲਣ ਵਿਚ ਨਲਕੇ ਦੇ ਪਾਣੀ ਦੀ ਅਹਿਮ ਭੂਮਿਕਾ ਰਹੀ : ਥਿੰਦ ਰਣਜੀਤ ਸਿੰਘ ਥਿੰਦ ਉੱਘੇ ਕਿਸਾਨ ਪਿੰਡ ਬੂਲਪੁਰ ਨੇ ਕਿਹਾ ਕਿ ਖੇਤੀਬਾੜੀ ਤੇ ਪਸ਼ੂ ਪਾਲਣ ਵਿਚ ਨਲਕੇ ਦੇ ਪਾਣੀ ਦੀ ਅਹਿਮ ਭੂਮਿਕਾ ਰਹੀ ਹੈ। ਪਹਿਲਾਂ ਪਾਣੀ ਸੀਮਿਤ ਹੁੰਦਾ ਸੀ, ਇਸ ਲਈ ਕਿਸਾਨ ਇਸਦੀ ਬਹੁਤ ਸੰਭਾਲ ਕਰਦੇ ਸਨ, ਪਰ ਅੱਜ ਬੇਹਿਸਾਬ ਦੋਹਣ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਰਿਹਾ ਹੈ, ਜੋ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। --ਨਲਕਾ ਸਮਾਜਿਕ ਜੀਵਨ ਦੀ ਧੜਕਨ ਸੀ : ਰੌਸ਼ਨ ਖੈੜਾ ਉੱਘੇ ਸਿੱਖਿਆ ਸ਼ਾਸ਼ਤਰੀ ਤੇ ਸੀਨੀਅਰ ਪੱਤਰਕਾਰ ਰੌਸ਼ਨ ਖੈੜਾ ਨੇ ਕਿਹਾ ਕਿ ਨਲਕਾ ਸਿਰਫ਼ ਪਾਣੀ ਲੈਣ ਦੀ ਥਾਂ ਨਹੀਂ ਸੀ, ਬਲਕਿ ਪਿੰਡਾਂ ਦੇ ਸਮਾਜਿਕ ਜੀਵਨ ਦੀ ਧੜਕਨ ਸੀ। ਨਲਕੇ ’ਤੇ ਲੋਕਾਂ ਦੇ ਮਿਲਣ ਨਾਲ ਆਪਸੀ ਸਾਂਝ, ਭਾਈਚਾਰਾ ਤੇ ਮਨੁੱਖੀ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਸਨ, ਜੋ ਅੱਜ ਦੀ ਆਧੁਨਿਕ ਜੀਵਨ ਸ਼ੈਲੀ ਵਿਚ ਕਿਤੇ ਨਾ ਕਿਤੇ ਗੁੰਮ ਹੋ ਗਏ ਹਨ।