ਮੋਗਾ ਰੈਲੀ ਦੀ ਸਫਲਤਾ ਨੇ ਭਾਜਪਾ ’ਚ ਭਰਿਆ ਨਵਾਂ ਉਤਸ਼ਾਹ : ਖੋਜੇਵਾਲ
ਮੋਗਾ ਰੈਲੀ ਦੀ ਸਫਲਤਾ ਨੇ ਭਾਜਪਾ ਵਿੱਚ ਭਰਿਆ ਨਵਾਂ ਉਤਸ਼ਾਹ
Publish Date: Sat, 14 Mar 2026 09:39 PM (IST)
Updated Date: Sat, 14 Mar 2026 09:42 PM (IST)

--ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਾਰਿਆਂ ਦਾ ਧੰਨਵਾਦ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਵੱਲੋਂ ਸ਼ਨੀਵਾਰ ਨੂੰ ਮੋਗਾ ਵਿਚ ਆਯੋਜਿਤ ਬਦਲਾਅ ਰੈਲੀ ਵਿਚ ਵਿਰਾਸਤੀ ਸ਼ਹਿਰ ਤੋਂ ਵੱਡੀ ਗਿਣਤੀ ਵਿਚ ਭਾਜਪਾ ਆਗੂਆਂ, ਵਰਕਰਾਂ ਤੇ ਨਾਗਰਿਕਾਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਹਿੱਸਾ ਲਿਆ। ਰੈਲੀ ਤੋਂ ਵਾਪਸ ਆਉਣ ਤੋਂ ਬਾਅਦ ਕਪੂਰਥਲਾ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਮੋਗਾ ਵਿਚ ਹੋਈ ਵਿਸ਼ਾਲ ਭਾਜਪਾ ਰੈਲੀ ਨੇ ਸੂਬੇ ਦੀ ਰਾਜਨੀਤੀ ਵਿਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਰੈਲੀ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਖੋਜੇਵਾਲ ਨੇ ਸਮੁੱਚੀ ਪਾਰਟੀ ਲੀਡਰਸ਼ਿਪ, ਵਰਕਰਾਂ ਤੇ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਰੈਲੀ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਇਸ ਵਾਰ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ। ਖੋਜੇਵਾਲ ਨੇ ਕਿਹਾ ਕਿ ਮੋਗਾ ਵਿਚ ਇਹ ਰੈਲੀ ਇਕ ਇਤਿਹਾਸਕ ਰੈਲੀ ਸੀ। ਉਨ੍ਹਾਂ ਅਨੁਸਾਰ, ਲੱਖਾਂ ਵਰਕਰਾਂ, ਕਿਸਾਨਾਂ ਤੇ ਆਮ ਨਾਗਰਿਕਾਂ ਦੇ ਭਾਰੀ ਇਕੱਠ ਨੇ ਵਿਰੋਧੀ ਪਾਰਟੀਆਂ, ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਹ ਇਕੱਠ ਸਿਰਫ਼ ਇਕ ਭੀੜ ਨਹੀਂ ਸੀ, ਸਗੋਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਦੇ ਗੁੱਸੇ ਤੇ ਭਾਜਪਾ ਵਿਚ ਉਨ੍ਹਾਂ ਦੇ ਵਿਸ਼ਵਾਸ ਦਾ ਸ਼ੀਸ਼ਾ ਸੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫੇਰੀ ਨੇ ਪੰਜਾਬ ਦੇ ਭਾਜਪਾ ਵਰਕਰਾਂ ਵਿਚ ਨਵੀਂ ਜਾਨ ਪਾ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਨੇ ਵਰਕਰਾਂ ਨੂੰ ਏਕਤਾ ਦਾ ਸੁਨੇਹਾ ਦਿੱਤਾ ਹੈ, ਜਿਸਦਾ ਪ੍ਰਭਾਵ ਆਉਣ ਵਾਲੀਆਂ ਚੋਣਾਂ ਵਿਚ ਸਪੱਸ਼ਟ ਤੌਰ ’ਤੇ ਦਿਖਾਈ ਦੇਵੇਗਾ। ਰੈਲੀ ਦੀ ਸਫਲਤਾ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦੀ ਪ੍ਰਸ਼ੰਸਾ ਕਰਦਿਆਂ ਖੋਜੇਵਾਲ ਨੇ ਕਿਹਾ ਕਿ ਪਾਰਟੀ ਦੇ ਹਰ ਵੱਡੇ ਤੇ ਛੋਟੇ ਵਰਕਰ ਨੇ ਪੂਰੀ ਲਗਨ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ। ਇਸ ਮੌਕੇ ਐਡਵੋਕੇਟ ਹੈਰੀ ਸ਼ਰਮਾ, ਸਰਬਜੀਤ ਸਿੰਘ ਦਿਓਲ, ਲੱਕੀ ਸਰਪੰਚ, ਕਮਲਜੀਤ ਪ੍ਰਭਾਕਰ, ਡਾ. ਪ੍ਰਦੀਪ ਕੌਸ਼ਲ, ਬਲਵੰਤ ਸਿੰਘ ਬੂਟਾ, ਮਹਿੰਦਰ ਸਿੰਘ ਬਲਰ, ਤੀਰਥ ਸਿੰਘ ਲੰਬੜਦਾਰ, ਕੁਲਦੀਪ ਸਿੰਘ ਕੋਟ, ਪਿਆਰਾ ਸਿੰਘ ਪਾਜੀਆ, ਰੋਸ਼ਨ ਲਾਲ ਸੱਭਰਵਾਲ, ਸੰਨੀ ਬੈਂਸ ਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਤੇ ਆਮ ਨਾਗਰਿਕ ਮੌਜੂਦ ਸਨ।