ਪੇਂਡੂ ਮਜ਼ਦੂਰ ਯੂਨੀਅਨ ਦੇ ਸੰਘਰਸ਼ ਦੀ ਜਿੱਤ, ਪੁਲਿਸ ਵਲੋਂ ਰਵੀ ਕਤਲ ਮਾਮਲੇ ਵਿਚ ਦੋ ਵਿਅਕਤੀ ਗ੍ਰਿਫ਼ਤਾਰ

--ਬਾਕੀਆਂ ਦੀ ਗ੍ਰਿਫ਼ਤਾਰੀ ਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ
--ਪੇਂਡੂ ਮਜ਼ਦੂਰ ਯੂਨੀਅਨ ਦੇ ਸੰਘਰਸ਼ ਦੀ ਹੋਈ ਜਿੱਤ
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਨੇੜਲੇ ਪਿੰਡ ਜੱਗਾ ਦੇ ਦਲਿਤ ਨੌਜਵਾਨ ਰਵੀ ਦੇ ਕਤਲ ਮਾਮਲੇ ਵਿਚ ਸ਼ਾਮਲ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਕਾਨੂੰਨ ਅਨੁਸਾਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਚੱਲ ਰਹੇ ਅਣਮਿੱਥੇ ਸਮੇਂ ਦੇ ਧਰਨੇ ਮੁਜ਼ਾਹਰੇ ਸਦਕਾ ਆਖ਼ਰ ਅੱਜ ਸੁਭਾਨਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਉਪਰੰਤ ਯੂਨੀਅਨ ਨੇ ਥਾਣੇ ਅੱਗੇ ਟੋਕਨ ਤੌਰ 'ਤੇ ਧਰਨਾ ਰੱਖਣ ਦਾ ਫੈਸਲਾ ਕੀਤਾ ਹੈ ਤੇ ਅਗਲੀ ਵਿਚਾਰ ਚਰਚਾ ਲਈ ਯੂਨੀਅਨ ਨੇ ਮੀਟਿੰਗ ਬੁਲਾਈ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਵੀ ਕਤਲ ਮਾਮਲੇ ’ਚ ਪੁਲਿਸ ਵੱਲੋਂ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਨੂੰ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪੁਲਿਸ ਰਵੀ ਕਤਲ ਮਾਮਲੇ ਨੂੰ ਰਫ਼ਾ-ਦਫ਼ਾ ਕਰਨਾ ਚਾਹੁੰਦੀ ਸੀ, ਉਸ ਪੁਲਿਸ ਨੂੰ ਯੂਨੀਅਨ ਵੱਲੋਂ 13 ਮਾਰਚ ਨੂੰ ਥਾਣਾ ਸੁਭਾਨਪੁਰ ਅੱਗੇ ਧਰਨਾ ਮੁਜ਼ਾਹਰਾ ਸ਼ੁਰੂ ਕਰਨ ਉਪਰੰਤ ਹਮਲਾਵਰਾਂ ਖਿਲਾਫ਼ ਕਤਲ ਤੇ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰਨਾ ਪਿਆ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸੀਖਾਂ ਪਿੱਛੇ ਡੱਕਣਾ ਹੀ ਪਿਆ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਿਚ ਬੈਠੀਆਂ ਕਾਲੀਆਂ ਭੇਡਾਂ ਤੇ ਜਗੀਰੂ ਮਾਨਸਿਕਤਾ ਦੇ ਸ਼ਿਕਾਰ ਦਲਿਤ ਵਿਰੋਧੀ ਮਨੂੰਵਾਦੀ ਲੋਕ ਪਹਿਲੇ ਦਿਨ ਤੋਂ ਹੀ ਇਸ ਮਸਲੇ ਨੂੰ ਹੱਲ ਕਰਨ ਦੀ ਥਾਂ ਦਬਾਉਣ ਲਈ ਪੂਰਾ ਤਾਣ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਮਰਨ ਵਾਲੇ ਵਿਅਕਤੀ ਦੇ ਦਲਿਤ ਅਤੇ ਬੇਜ਼ਮੀਨੇ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਹੀ ਯੂਨੀਅਨ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਲੈਣ ਲਈ 9 ਦਿਨਾਂ ਤੋਂ ਥਾਣੇ ਅੱਗੇ ਦਿਨ-ਰਾਤ ਦਾ ਧਰਨਾ ਪ੍ਰਦਰਸ਼ਨ ਕਰਨਾ ਪਿਆ। ਜ਼ਿਕਰਯੋਗ ਹੈ ਕਿ 3 ਮਾਰਚ ਨੂੰ ਕੁੱਝ ਲੋਕਾਂ ਨੇ ਮ੍ਰਿਤਕ ਦਲਿਤ ਨੌਜਵਾਨ ਰਵੀ ਨੂੰ ਰਸਤੇ ਵਿਚ ਘੇਰ ਕੇ ਉਸਨੂੰ ਜ਼ਬਰੀ ਚੁੱਕ ਕੇ ਆਪਣੀ ਮੋਟਰ ’ਤੇ ਗੈਰਮਨੁੱਖੀ ਢੰਗ ਨਾਲ ਉਸ ਉੱਪਰ ਅੰਨ੍ਹਾ ਤਸ਼ੱਦਦ ਕੀਤਾ। ਉਪਰੰਤ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਰਤਾਰਪੁਰ ਭਰਤੀ ਕਰਵਾਇਆ ਗਿਆ, ਜਿਥੋਂ ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਡਿਊਟੀ ਡਾਕਟਰ ਨੇ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ, ਜਿਥੇ ਇਲਾਜ ਦੌਰਾਨ 4 ਮਾਰਚ ਦੀ ਰਾਤ ਨੂੰ ਉਸਦੀ ਮੌਤ ਹੋ ਗਈ। ਸੁਭਾਨਪੁਰ ਪੁਲਿਸ ਨੇ ਪਹਿਲਾਂ ਤਾਂ ਟਾਲਮਟੋਲ ਕੀਤਾ, ਫਿਰ ਵਿਰੋਧ ਕੀਤਾ ਤਾਂ 6 ਮਾਰਚ ਨੂੰ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਉੱਤੇ ਮੁਕੱਦਮਾ ਦਰਜ ਕੀਤਾ। ਯੂਨੀਅਨ ਨੇ ਇਸ ਧੱਕੇਸ਼ਾਹੀ ਖਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਤੇ ਥਾਣੇ ਅੱਗੇ ਧਰਨਾ ਮੁਜ਼ਾਹਰਾ ਸ਼ੁਰੂ ਕੀਤਾ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਇਸ ਪੱਖਪਾਤੀ ਤੇ ਦਲਿਤ ਵਿਰੋਧੀ ਰਵੱਈਏ ਦੇ ਚਲਦਿਆਂ ਅੱਜ ਤੱਕ ਪੀੜਤ ਪਰਿਵਾਰ ਨੇ ਮ੍ਰਿਤਕ ਰਵੀ ਦੀ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਯੂਨੀਅਨ ਦੀ ਮੀਟਿੰਗ ਬੁਲਾ ਲਈ ਹੈ ਤੇ ਮੀਟਿੰਗ ਵਿਚ ਅਗਲਾ ਪ੍ਰੋਗ੍ਰਾਮ ਬਣਾਇਆ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਬਾਕੀ ਹਮਲਾਵਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਪੀੜਤ ਪਰਿਵਾਰ ਨੂੰ ਕਾਨੂੰਨ ਤਹਿਤ ਬਣਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਕਿ ਪਰਿਵਾਰ ਮ੍ਰਿਤਕ ਰਵੀ ਦੀ ਦੇਹ ਦਾ ਅੰਤਿਮ ਸੰਸਕਾਰ ਤੇ ਹੋਰ ਰਸਮਾਂ ਅਦਾ ਕਰ ਸਕੇ। ਇਸ ਮੌਕੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਮਰੀਕ ਸਿੰਘ ਸਕੱਤਰ, ਤਹਿਸੀਲ ਆਗੂ ਨਾਵਲ ਗਿੱਲ ਟਾਹਲੀ, ਗੁਰਪ੍ਰੀਤ ਸਿੰਘ ਤੇ ਲਾਡੀ ਜੱਗਾ ਆਦਿ ਨੇ ਵੀ ਸੰਬੋਧਨ ਕੀਤਾ।