ਆਪ ਨੇ ਲੋਕਾਂ ਨੂੰ ਦਿੱਤਾ ਐੱਨਓਸੀ ਖਤਮ ਕਰਨ ਦਾ ਲਾਲੀਪੌਪ
ਸੂਬਾ ਸਰਕਾਰ ਨੇ ਲੋਕਾ ਨੂੰ ਦਿਤਾ ਐਨ ੳ ਸੀ ਖਤਮ ਕਰਨ ਦਾ ਲਾਲੀਪੋਪ-ਘੱੁਮਣ
Publish Date: Sat, 03 Jan 2026 08:01 PM (IST)
Updated Date: Sat, 03 Jan 2026 08:02 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜਿਵੇਂ ਰਾਤ ਸਮੇਂ ਕਿਸੇ ਸ਼ਰਾਬ ਪੀਣ ਦੇ ਸ਼ੌਕੀਨ ਵਿਅਕਤੀ ਨੂੰ ਸ਼ਰਾਬ ਪਿਲਾ ਦਿਓ ਤੇ ਉਹ ਵੱਡੇ-ਵੱਡੇ ਸੁਪਨੇ ਦੇਖਣ ਲੱਗਦਾ ਹੈ ਕਿ ਉਸਨੇ ਸਵੇਰ ਉੱਠਦਿਆਂ ਤਾਜ ਮਹਿਲ ਹੀ ਖਰੀਦ ਲੈਣਾ ਹੈ। ਉਹੀ ਹਾਲ ਸੂਬਾ ਸਰਕਾਰ ਦਾ ਹੋਇਆ ਪਿਆ ਹੈ ਜੋ ਕਿ ਸ਼ਾਮ ਨੂੰ ਪੰਜਾਬ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਦਿੰਦੀ ਹੈ ਅਤੇ ਸਵੇਰੇ ਉੱਠਦੇ ਸਾਰ ਉਹ ਸੁਪਨੇ ਧਰੇ ਦੇ ਧਰੇ ਰਹਿ ਜਾਂਦੇ ਹਨ। ਅਜਿਹਾ ਹੀ ਸੂਬੇ ਦੇ ਲੋਕਾਂ ਨੂੰ ਐੱਨਓਸੀ ਖਤਮ ਕਰਨ ਦਾ ਲਾਲੀਪੌਪ ਮਿਲਿਆ, ਜਿਸਦਾ ਕਿ ਕਈ ਮਹੀਨੇ ਬੀਤ ਜਾਣ ਪਿਛੋਂ ਵੀ ਨੋਟੀਫਿਕੇਸ਼ਨ ਜਾਰੀ ਨਹੀ ਹੋਇਆ ਤੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਜਦੋਂ ਦੀ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਸਵੇਰ ਸਮੇਂ ਕੀਤੇ ਗਏ ਵਾਅਦਿਆਂ ਨੂੰ ਸ਼ਾਮ ਨੂੰ ਅਮਲੀ ਜਾਮਾ ਪਹਿਨਾਉਣ ਦੀ ਥਾਂ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਵੱਲੋਂ ਚੁਟਕਲੇ ਸੁਣਾ ਕੇ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ। ਅਜਿਹੇ ਹੀ ਹਾਲਾਤ ਐੱਨਓਸੀ ਦੀ ਸ਼ਰਤ ਨੂੰ ਖਤਮ ਕਰਨ ਵਾਲੇ ਬਿਆਨ ਦੇ ਹੋਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੀਆਂ-ਵੱਡੀਆਂ ਫਲੈਕਸਾਂ ਲਗਵਾ ਕੇ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਐੱਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਪਰ ਦੇਖਿਆ ਜਾਵੇ ਤਾਂ ਐੱਨਓਸੀ ਦੀ ਸ਼ਰਤ ਤਾਂ ਖਤਮ ਨਹੀਂ ਹੋਈ ਪਰ ਰਜਿਸਟਰੀਆਂ ਕਰਵਾਉਣ ਦੇ ਮਾਮਲਿਆਂ ਵਿਚ ਭ੍ਰਿਸ਼ਟਾਚਾਰ ਕਾਫੀ ਵਧ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਰਜਿਸਟਰੀ ਕਰਵਾਉਣ ਵਾਲੇ ਲੋਕ ਜਦੋਂ ਕਚਹਿਰੀਆਂ ਵਿਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਾਫ ਤੇ ਸਪਸ਼ਟ ਕਹਿ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਹਾਲੇ ਐੱਨਓਸੀ ਖਤਮ ਕਰਨ ਦਾ ਨੋਟੀਫਿਕੇਸ਼ਨ ਨਹੀਂ ਪਹੁੰਚਿਆ। ਜੇਕਰ ਸਰਕਾਰ ਚੁਟਕਲਿਆਂ ਦੀ ਰਾਜਨੀਤੀ ਛੱਡ ਕੇ ਸਹੀ ਢੰਗ ਨਾਲ ਕਿਸੇ ਕਾਰਜ ਨੂੰ ਅਮਲੀ ਜਾਮਾ ਪਹਿਨਾਵੇ ਤਾਂ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਕੁਝ ਰਾਹਤ ਮਿਲ ਸਕਦੀ ਹੈ ਪਰ ਅਜਿਹਾ ਹੁੰਦਾ ਜਾਪਦਾ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੂਬਾ ਯੂਥ ਮੀਤ ਪ੍ਰਧਾਨ ਅਮ੍ਰਿਤਪਾਲ ਸਿੰਘ ਕੁਲਾਰ, ਸੀਨੀਅਰ ਆਗੂ ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ ਸ਼ੇਰਗਿੱਲ, ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਚੁਟਕਲੇ ਹੀ ਸੁਣਦੇ ਆ ਰਹੇ ਹਾਂ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਰੋੜਾਂ ਰੁਪਏ ਦੇ ਫਲੈਕਸ ਲਗਵਾ ਕੇ ਲੋਕਾਂ ਨੂੰ ਭਰੋਸਾ ਦਵਾ ਦਿੱਤਾ ਗਿਆ ਸੀ ਕਿ ਐੱਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਹੁਣ ਰਜਿਸਟਰੀ ਕਰਵਾਉਣ ਸਮੇਂ ਬਹੁਤ ਰਾਹਤ ਮਿਲੇਗੀ ਪਰ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਰਜਿਸਟਰੀ ਦਫਤਰ ਹੁਣ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ। ਜਿਥੇ ਲੋਕ ਰਜਿਸਟਰੀ ਕਰਵਾਉਣ ਲਈ ਕਚਹਿਰੀਆਂ ਵਿਚ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤੇ ਫਿਰ ਸੂਬਾ ਸਰਕਾਰ ਕਿਵੇਂ ਆਖ ਰਹੀ ਹੈ ਕਿ ਰਜਿਸਟਰੀਆਂ ਕਰਨ ’ਤੇ ਐੱਨਓਸੀ ਖਤਮ ਕਰ ਦਿੱਤੀ ਗਈ ਹੈ। ਦੇਖਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਰ ਇਕ ਵਾਅਦੇ ਦੀ ਤਰ੍ਹਾਂ ਐੱਨਓਸੀ ਵਾਲਾ ਵਾਅਦਾ ਵੀ ਝੂਠਾ ਹੀ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਵੱਲੋਂ ਕੀਤੇ ਐਲਾਨ ਤੋਂ ਬਾਅਦ ਹੋਈਆਂ ਰਜਿਸਟਰੀਆਂ ਨਾਲ ਸੂਬੇ ਦਾ ਮਾਲੀਆ ਘਟਿਆ ਹੈ ਜਾਂ ਵਧਿਆ ਹੈ ਕਿਉਂਕਿ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਨੂੰ ਕਾਫੀ ਚੂਨਾ ਲੱਗ ਰਿਹਾ ਹੈ, ਜਿਸ ਦੀ ਜਾਂਚ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਤੰਜ ਕਸਦਿਆਂ ਕਿਹਾ ਕਿ ਜੋ ਵੀ ਉਹ ਵਾਅਦਾ ਲੋਕਾਂ ਨਾਲ ਕਰਦੇ ਹਨ ਘੱਟੋ-ਘੱਟ ਉਸ ਦਾ ਨੋਟੀਫਿਕੇਸ਼ਨ ਜ਼ਰੂਰ ਜਾਰੀ ਕਰ ਦਿਆ ਕਰਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ। ਹੁਣ ਮੁੰਗੇਰੀ ਲਾਲ ਦੇ ਸੁਨਿਹਰੀ ਸੁਪਨਿਆ ਤੋਂ ਲੋਕ ਅੱਕ ਚੁੱਕੇ ਹਨ।