- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਲਈ ਦੁਵਿਧਾ ਕੇਂਦਰ ਬਣਿਆ ਪ੍ਰਸ਼ਾਸਨਿਕ ਕੰਪਲੈਕਸ ’ਚ ਸਥਿਤ ਸੇਵਾ ਕੇਂਦਰ

--ਸਿਸਟਮ ਹੌਲੀ ਜਾਂ ਖਰਾਬ ਹੋਣ ਦਾ ਬਹਾਨਾ ਬਣਾ ਕੇ ਕੀਤਾ ਜਾਂਦਾ ਪ੍ਰੇਸ਼ਾਨ
--ਸਰਕਾਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਹਵਾਈ ਤੀਰ ਸਾਬਿਤ ਹੋਏ
ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ
ਕਪੂਰਥਲਾ : ਇਕ ਪਾਸੇ ਜਿਥੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਉਨ੍ਹਾਂ ਦੇ ਮੰਤਰੀ ਤੇ ਵਿਧਾਇਕ ਲੋਕਾਂ ਨੂੰ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੇ ਹੋਏ ਬਦਲਾਅ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਜੇਕਰ ਜ਼ਮੀਨੀ ਪੱਧਰ ’ਤੇ ਦੇਖਿਆ ਜਾਵੇ ਤਾਂ ਉਨ੍ਹਾਂ ਦੇ ਇਹ ਦਾਅਵੇ ਤੇ ਵਾਅਦੇ ਸਿਰਫ਼ ਹਵਾਈ ਤੀਰ ਹੀ ਸਾਬਿਤ ਹੁੰਦੇ ਦਿਖਾਈ ਦਿੰਦੇ ਹਨ ਤੇ ਲੋਕ ਸੁਵਿਧਾ ਦੀ ਜਗ੍ਹਾ ਦੁਵਿਧਾ ’ਚ ਫਸੇ ਹੋਏ ਖੱਜਲ ਖੁਆਰ ਹੋ ਰਹੇ ਹਨ। ਅਜਿਹਾ ਹੀ ਕੁੱਝ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਵੱਲੋਂ ਪ੍ਰਸ਼ਾਸਨਿਕ ਕੰਪਲੈਕਸ ਕਪੂਰਥਲਾ ਵਿਖੇ ਸਥਿਤ ਸੇਵਾ ਕੇਂਦਰ ਦਾ ਮੌਕਾ ਮੁਆਇਨਾ ਕੀਤਾ ਗਿਆ। ਦੇਖਿਆ ਗਿਆ ਕਿ ਸ਼ਹਿਰ ਤੇ ਪਿੰਡਾਂ ਤੋਂ ਆਏ ਲੋਕ ਆਪਣੇ ਕੰਮਾਂ ਨੂੰ ਲੈ ਕੇ ਖੱਜਲਖੁਆਰ ਹੋ ਰਹੇ ਹਨ ਤੇ ਕਈ ਵਾਰ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਘਰਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ। ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਆਪਣੀ ਸਮੱਸਿਆ ਲੈ ਕੇ ਕਿੱਥੇ ਜਾਣ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਕਪੂਰਥਲਾ ਨਾਲ ਸਬੰਧਤ ਸਾਰੇ ਹੀ ਆਗੂ ਆਪਣੇ-ਆਪ ਨੂੰ ਮੁੱਖ ਆਗੂ ਦੱਸਦੇ ਹਨ ਪਰ ਲੋਕਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ। ਸੇਵਾ ਕੇਂਦਰ ਵਿਚ ਜਿਥੇ ਕਰੀਬ ਇਕ ਸਾਲ ਤੋਂ ਈ-ਅਸ਼ਟਾਮਾਂ ਦਾ ਕੰਮ ਨਹੀਂ ਹੋ ਰਿਹਾ, ਉਥੇ ਹੀ 18 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਦੇ ਅਧਾਰ ਕਾਰਡ ਨਹੀਂ ਬਣ ਰਹੇ ਜਦਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ’ਚ ਇਹ ਸੇਵਾਵਾਂ ਨਿਰਵਿਘਨ ਚੱਲ ਰਹੀਆਂ ਹਨ। ਸੇਵਾ ਕੇਂਦਰ ਵਿਚ ਪੁਰਾਣਾ ਆਧਾਰ ਕਾਰਡ ਕਢਵਾਉਂਣ ਆਏ ਹਰਜਿੰਦਰ ਸਿੰਘ ਵਾਸੀ ਸ਼ੇਖੂਪੁਰ ਨੇ ਦੱਸਿਆ ਕਿ ਉਸਦਾ ਆਧਾਰ ਕਾਰਡ ਗੁੰਮ ਹੋ ਗਿਆ ਹੈ ਤੇ ਉਹ ਵਿਦੇਸ਼ ਤੋਂ ਕਰੀਬ 7 ਸਾਲ ਬਾਅਦ ਆਇਆ ਹੈ ਪਰ ਜਦੋਂ ਉਹ ਆਪਣਾ ਆਧਾਰ ਕਾਰਡ ਕਢਵਾਉਣ ਲਈ ਸੇਵਾ ਕੇਂਦਰ ਵਿਚ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਹੱਲ ਕੱਢਣ ਦੀ ਬਜਾਏ ਸਿਵਾਏ ਖੱਜਲ ਕਰਨ ਦੇ ਹੋਰ ਕੁਝ ਵੀ ਪੱਲੇ ਨਹੀਂ ਪਾਇਆ। ਇਸੇ ਤਰ੍ਹਾਂ ਅਧਾਰ ਕਾਰਡ ਬਣਾਉਣ ਆਏ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਬੀਤੇ ਕਈ ਦਿਨਾਂ ਤੋਂ ਖੱਜਲ ਹੋ ਰਿਹਾ ਹੈ ਪਰ ਉਸਦਾ ਅਧਾਰ ਕਾਰਡ ਅਜੇ ਤੱਕ ਨਹੀਂ ਬਣਿਆ। ਉਸਨੇ ਕਿਹਾ ਕਿ ਉਸਨੂੰ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਹ ਭਾਰਤ ਦੇਸ਼ ਦਾ ਨਾਗਰਿਕ ਹੀ ਨਾ ਹੋਵੇ। ਉਸਨੇ ਕਿਹਾ ਕਿ ਮੇਰੇ ਤੋਂ ਇਲਾਵਾ ਇਥੇ ਹੋਰ ਵੀ ਕੁੱਝ ਲੋਕ ਇਸ ਤਰ੍ਹਾਂ ਦੇ ਹਨ, ਜੋ ਕਈ ਕਈ ਘੰਟੇ ਉਡੀਕ ਕਰਨ ਤੋਂ ਬਾਅਦ ਬਿਨਾਂ ਕੰਮ ਕਰਵਾਏ ਹੀ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ ਅਤੇ ਸੇਵਾ ਕੇਂਦਰ ’ਚ ਬੈਠੇ ਕਰਮਚਾਰੀਆਂ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਜਾਂ ਤਾਂ ਸਿਸਟਮ ਹੌਲੀ ਗਤੀ ਨਾਲ ਚੱਲ ਰਿਹਾ ਹੈ ਜਾਂ ਸਿਸਟਮ ਚੱਲ ਹੀ ਨਹੀਂ ਰਿਹਾ ਤੇ ਹਰ ਵਾਰ ਹੀ ਕਰਮਚਾਰੀਆਂ ਦਾ ਇਹੀ ਬਹਾਨਾ ਹੁੰਦਾ ਹੈ ਜਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਬਿਜਲੀ ਬੰਦ ਹੈ ਤੇ ਜਨਰੇਟਰ ਵਿਚ ਤੇਲ ਨਹੀਂ ਹੈ।
ਪਰਮਵੀਰ ਸਿੰਘ ਭਿੰਡਰ ਮੈਂਬਰ ਬਲਾਕ ਸੰਮਤੀ, ਗੁਰਬਚਨ ਲਾਲ ਲਾਲੀ ਸਾਬਕਾ ਸਰਪੰਚ, ਮਾਸਟਰ ਸਰਵਨ ਸਿੰਘ, ਸੁਖਪਾਲ ਸਿੰਘ, ਕੁਲਵੰਤ ਰਾਏ ਭੱਲਾ, ਬਲਦੇਵ ਸਿੰਘ ਦੇਬੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਲੋਕਾਂ ਨੂੰ ਆਪਣੇ ਛੋਟੇ-ਮੋਟੇ ਕੰਮ ਕਰਵਾਉਣ ਲਈ ਵੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਾਬ ਕੀਤਾ ਜਾ ਰਿਹਾ ਹੈ। ਜੇਕਰ ਇਨ੍ਹਾਂ ਪੈਸਿਆਂ ਦੀ ਸਹੂਲਤ ਲੋਕਾਂ ਨੂੰ ਦਿੱਤੀ ਜਾਂਦੀ ਤਾਂ ਲੋਕਾਂ ਨੂੰ ਕੁੱਝ ਫਾਇਦਾ ਹੁੰਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੇਵਾ ਕੇਂਦਰ ਵਿਚ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਸੇਵਾ ਕੇਂਦਰ ਬਾਹਰ ਏਜੰਟਾਂ ਦਾ ਬੋਲਬਾਲਾ
ਜ਼ਿਕਰਯੋਗ ਹੈ ਕਿ ਜਿਥੇ ਸੇਵਾ ਕੇਂਦਰ ’ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਈ-ਕਈ ਦਿਨ ਚੱਕਰ ਲਗਾਉਣੇ ਪੈਂਦੇ ਹਨ, ਉਥੇ ਜ਼ਿਆਦਾਤਰ ਲੋਕਾਂ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਹਾਰ ਕੇ ਇਹ ਲੋਕ ਜਦੋਂ ਸੇਵਾ ਕੇਂਦਰ ਤੋਂ ਬਾਹਰ ਨਿਕਲਦੇ ਹਨ ਤਾਂ ਸੇਵਾ ਕੇਂਦਰ ਦੇ ਬਾਹਰ ਵੱਡੀ ਗਿਣਤੀ ’ਚ ਘੁੰਮਦੇ ਏਜੰਟ ਕੰਮ ਕਰਵਾਉਣ ਦੇ ਬਦਲੇ ਲੋਕਾਂ ਨਾਲ ਸੌਦੇਬਾਜ਼ੀ ਕਰਦੇ ਹਨ। ਕਿਸੇ ਦਾ ਜੋ ਕੰਮ ਸਿੱਧੇ ਤੌਰ ’ਤੇ ਸੇਵਾ ਕੇਂਦਰ ਵਿਚ ਅਪਲਾਈ ਕਰਕੇ ਮਹੀਨੇ ਵਿਚ ਵੀ ਨਹੀਂ ਹੁੰਦਾ, ਇਹ ਏਜੰਟ ਇਕ ਦਿਨ ਵਿਚ ਹੀ ਕਰਵਾ ਦਿੰਦੇ ਹਨ, ਜਿਸਦੇ ਬਦਲੇ ਇਨ੍ਹਾਂ ਏਜੰਟਾਂ ਵੱਲੋਂ ਲੋਕਾਂ ਕੋਲੋਂ ਆਪਣੀ ਮਰਜ਼ੀ ਮੁਤਾਬਕ ਪੈਸੇ ਵਸੂਲ ਕੀਤੇ ਜਾਂਦੇ ਹਨ ਤੇ ਲੋਕਾਂ ਨੂੰ ਵੀ ਕੰਮ ਕਰਵਾਉਣ ਲਈ ਮਜ਼ਬੂਰੀ ਵਿਚ ਇਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਹਨ।
ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਏਗੀ : ਡੀਸੀ
ਜਦੋਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪਤਾ ਕਰਵਾਉਣਗੇ ਤਾਂ ਜੋ ਸੇਵਾ ਕੇਂਦਰ ਵਿਚ ਕੰਮ ਕਰਵਾਉਂਣ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਸੇਵਾ ਕੇਂਦਰ ਦਾ ਕੋਈ ਕਰਮਚਾਰੀ ਜਾਣਬੁੱਝ ਕੇ ਲੋਕਾਂ ਨੂੰ ਖਰਾਬ ਕਰਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।