ਤੱਪਦੀ ਗਰਮੀ ਨੇ ਕੱਢਿਆ ਲੋਕਾਂ ਦਾ ਪਸੀਨਾ
ਤੱਪਦੀ ਗਰਮੀ ਨੇ ਲੋਕਾਂ ਦਾ ਕੱਢਿਆ ਪਸੀਨਾ, ਸ਼ਾਮ ਨੂੰ ਹਨੇਰੀ ਨਾਲ ਬਿਜਲੀ ਗੁੱਲ ਹੋਣ ਕਾਰਨ ਵਧੀਆਂ ਮੁਸ਼ਕਲਾਂ, ਡਾਕਟਰਾਂ ਨੇ ਦਿੱਤੇ ਸੁਝਾਅ
Publish Date: Thu, 11 Jun 2026 08:04 PM (IST)
Updated Date: Thu, 11 Jun 2026 08:05 PM (IST)

ਸ਼ਾਮ ਨੂੰ ਹਨੇਰੀ ਨਾਲ ਬਿਜਲੀ ਗੁੱਲ ਹੋਣ ਕਾਰਨ ਵਧੀਆਂ ਮੁਸ਼ਕਲਾਂ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਇਲਾਕੇ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਵੀਰਵਾਰ ਨੂੰ ਸਵੇਰ ਤੋਂ ਹੀ ਤਿੱਖੀ ਧੁੱਪ ਤੇ ਗਰਮ ਹਵਾਵਾਂ ਕਾਰਨ ਲੋਕ ਪਰੇਸ਼ਾਨ ਨਜ਼ਰ ਆਏ। ਦੁਪਹਿਰ ਸਮੇਂ ਤਾਪਮਾਨ ਵਿਚ ਵਾਧਾ ਹੋਣ ਕਾਰਨ ਸੜਕਾਂ ਤੇ ਬਾਜ਼ਾਰਾਂ ਵਿਚ ਆਵਾਜਾਈ ਵੀ ਘੱਟ ਰਹੀ ਤੇ ਲੋਕ ਘਰਾਂ ਅੰਦਰ ਰਹਿਣ ਲਈ ਮਜਬੂਰ ਹੋਏ। ਸ਼ਾਮ ਵੇਲੇ ਅਚਾਨਕ ਤੇਜ਼ ਹਨੇਰੀ ਤੇ ਧੂੜ ਭਰੀਆਂ ਹਵਾਵਾਂ ਚੱਲਣ ਨਾਲ ਮੌਸਮ ਨੇ ਕਰਵਟ ਬਦਲੀ, ਪਰ ਇਸ ਦੇ ਨਾਲ ਹੀ ਕਈ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਗਰਮੀ ਤੋਂ ਰਾਹਤ ਦੀ ਉਮੀਦ ਲਗਾਏ ਬੈਠੇ ਲੋਕ ਬਿਜਲੀ ਨਾ ਹੋਣ ਕਾਰਨ ਘਰਾਂ ਵਿਚ ਬੇਚੈਨ ਰਹੇ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਕ ਪਾਸੇ ਤਿੱਖੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਵਾਰ-ਵਾਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਹਾਲਾਤ ਹੋਰ ਵੀ ਔਖੇ ਬਣ ਗਏ ਹਨ। ਲੋਕਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਖਰਾਬ ਮੌਸਮ ਦੌਰਾਨ ਬਿਜਲੀ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕਰਨ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਦੇ ਕਈ ਇਲਾਕਿਆਂ ਵਿਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਗਰਮੀ ਦੇ ਨਾਲ-ਨਾਲ ਤੇਜ਼ ਹਨੇਰੀ ਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਿਨਾਂ ਲੋੜ ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਉੱਧਰ ਮਾਹਿਰ ਡਾਕਟਰ ਕੁਲਦੀਪ ਕਲੇਰ ਐੱਮਬੀਬੀਐੱਸ, ਐੱਮਡੀ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਅਨੁਸਾਰ ਗਰਮੀ ਦੇ ਮੌਸਮ ਵਿਚ ਸਰੀਰ ਵਿਚ ਪਾਣੀ ਦੀ ਕਮੀ ਤੇ ਲੂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ, ਨਿੰਬੂ ਪਾਣੀ, ਲੱਸੀ ਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਹੈ। ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਖ਼ਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹਨੇਰੀ ਤੇ ਧੂੜ ਭਰੀਆਂ ਹਵਾਵਾਂ ਦੌਰਾਨ ਸਾਹ ਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਵਧ ਸਕਦੀਆਂ ਹਨ। ਅਜਿਹੇ ਸਮੇਂ ਮਾਸਕ ਤੇ ਐਨਕ ਦੀ ਵਰਤੋਂ ਕਰਨ ਦੇ ਨਾਲ-ਨਾਲ ਬਾਹਰ ਜਾਣ ਤੋਂ ਵੀ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਦਲਦੇ ਮੌਸਮ ਵਿਚ ਥੋੜ੍ਹੀ ਜਿਹੀ ਸਾਵਧਾਨੀ ਕਈ ਬਿਮਾਰੀਆਂ ਤੋਂ ਬਚਾਅ ਕਰ ਸਕਦੀ ਹੈ।