ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕੀਤਾ ਮਹਿਲਾਵਾਂ ਦਾ ਸਨਮਾਨ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕਰਵਾਇਆ ਸਨਮਾਨ ਸਮਾਗਮ
Publish Date: Wed, 11 Mar 2026 07:58 PM (IST)
Updated Date: Wed, 11 Mar 2026 08:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਨਮਾਨ ਸਮਾਗਮ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਲਖਵਿੰਦਰ ਕਲੇਰ ਦੀ ਅਗਵਾਈ ਹੇਠ ਸਥਾਨਕ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਆਪਣਾ ਕਾਰੋਬਾਰ, ਆਪਣੀ ਪਛਾਣ ਸਿਰਨਾਵੇਂ ਹੇਠ ਆਯੋਜਿਤ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ ਹਰਜੀ ਮਾਨ ਹਲਕਾ ਇੰਚਾਰਜ ਫਗਵਾੜਾ ਨੇ ਸ਼ਿਰਕਤ ਕੀਤੀ, ਜਦਕਿ ਮੁੱਖ ਬੁਲਾਰਿਆਂ ਵਜੋਂ ਗਗਨਦੀਪ ਸਿੰਘ ਡੀਪੀਐੱਮ, ਕਰਨਵੀਰ ਕੁਮਾਰ ਬੀਪੀਐੱਮ, ਰੀਤਾ ਕਸ਼ਯਪ ਬੀਪੀਐੱਮ, ਸਾਕਸ਼ੀ ਲੱਦੜ ਐਕਟੀਵੁਮੈਨ ਕਪੂਰਥਲਾ ਤੋਂ ਇਲਾਵਾ ਗੁਰਦੀਪ ਸਿੰਘ ਦੀਪਾ ਸ਼ਾਮਲ ਹੋਏ। ਇਸ ਮੌਕੇ ਹਲਕਾ ਇੰਚਾਰਜ ਹਰਜੀ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਿਲਾਵਾਂ ਹਰ ਖੇਤਰ ਵਿਚ ਆਪਣੀ ਯੋਗਤਾ ਦਾ ਲੋਹਾ ਮੰਨਵਾ ਰਹੀਆਂ ਹਨ ਤੇ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਔਰਤ ਆਰਥਿਕ ਤੌਰ ‘ਤੇ ਮਜ਼ਬੂਤ ਹੁੰਦੀ ਹੈ ਤਾਂ ਪੂਰਾ ਪਰਿਵਾਰ ਤੇ ਸਮਾਜ ਮਜ਼ਬੂਤ ਹੁੰਦਾ ਹੈ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਸਿਰਫ਼ ਆਰਥਿਕ ਮਦਦ ਹੀ ਨਹੀਂ ਸਗੋਂ ਤਾਲੀਮ, ਮਾਰਗਦਰਸ਼ਨ ਤੇ ਬਾਜ਼ਾਰ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਰਾਹੀਂ ਪਿੰਡਾਂ ਦੀਆਂ ਔਰਤਾਂ ਨੂੰ ਛੋਟੇ-ਛੋਟੇ ਉਦਯੋਗਾਂ, ਹਸਤਕਲਾ ਤੇ ਘਰੇਲੂ ਕਾਰੋਬਾਰਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਜੇਕਰ ਮਹਿਲਾਵਾਂ ਇਕੱਠੀਆਂ ਹੋ ਕੇ ਸਵੈ-ਸਹਾਇਤਾ ਸਮੂਹਾਂ ਦੇ ਰੂਪ ਵਿਚ ਕੰਮ ਕਰਨ ਤਾਂ ਉਹ ਨਾ ਸਿਰਫ਼ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਸੁਧਾਰ ਸਕਦੀਆਂ ਹਨ, ਸਗੋਂ ਪਿੰਡਾਂ ਦੇ ਸਮੂਹਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਸਮਾਗਮ ਦੌਰਾਨ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਤੋਂ ਇਲਾਵਾ ਮਹਿਲਾ ਸਰਪੰਚਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਤੇ ਸਮਾਜਿਕ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੌਜੂਦ ਔਰਤਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਮਿਸ਼ਨ ਨਾਲ ਜੁੜ ਕੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ ਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਵੀ ਪੈਦਾ ਹੋਇਆ ਹੈ। ਪੀਆਰਪੀ ਫਗਵਾੜਾ ਅਨੁਰਾਧਾ ਨੇ ਦੱਸਿਆ ਕਿ ਉਨ੍ਹਾਂ ਪੇਂਡੂ ਇਲਾਕਿਆਂ ਵਿਚ ਸਵੈ-ਗਰੁਪ ਬਣਾ ਕੇ ਔਰਤਾਂ ਨੂੰ ਜੋੜਿਆ ਹੈ ਤੇ ਉਹ ਸਵੈ-ਰੋਜ਼ਗਾਰ ਰਾਹੀਂ ਆਪਣੀ ਆਰਥਕ ਹਾਲਤ ਵਿਚ ਸੁਧਾਰ ਕਰਨ ਦੇ ਯੋਗ ਬਣੀਆਂ ਹਨ। ਅਖੀਰ ਵਿਚ ਪ੍ਰਬੰਧਕਾਂ ਵੱਲੋਂ ਸਮੂਹ ਪਤਵੰਤਿਆਂ ਨੂੰ ਸਨਮਾਨਿਤ ਕਰਦੇ ਹੋਏ ਧੰਨਵਾਦ ਕੀਤਾ ਗਿਆ। ਸਟੇਜ ਦੀ ਸੇਵਾ ਸੀਮਾ ਰਾਣਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਜੋਧਾ ਸਿੰਘ ਕਲਸਟਰ ਕੋਆਰਡੀਨੇਟਰ ਸੁਲਤਾਨਪੁਰ ਲੋਧੀ, ਮੇਜਰ ਸਿੰਘ ਜੀਆਰਐੱਸ, ਡਿਪਟੀ ਮੇਅਰ ਵਿੱਕੀ ਸੂਦ, ਪ੍ਰੋਫੈਸਰ ਭੁਪਿੰਦਰ ਕੌਰ, ਰੀਟਾ ਰਾਣੀ, ਸੋਢੀ ਸਿੰਘ, ਨੇਹਾ ਓਹਰੀ, ਵਰੁਨੀਕਾ ਬੇਦੀ, ਕੁਲਜੀਤ ਕੌਰ, ਸਲੋਨੀ ਜੈਨ, ਪ੍ਰੀਤੀ ਸ਼ਰਮਾ, ਕੌਂਸਲਰ ਪਰਵੀਨ ਠਾਕੁਰ, ਕੁਲਵੰਤ ਕੌਰ ਸਰਪੰਚ ਢੰਡੋਲੀ, ਸੁਨੀਤਾ ਸਰਪੰਚ ਦੁੱਗਾਂ, ਮਲਕੀਤ ਚੰਦ ਪੰਚਾਇਤ ਸਕੱਤਰ, ਸੁਲੱਖਣ ਸਿੰਘ ਟੀਸੀ, ਸੁਰਿੰਦਰ ਕੁਮਾਰ ਏਪੀਓ, ਅਜੇ ਕੁਮਾਰ ਬਲਾਕ ਸੰਮਤੀ ਮੈਂਬਰ ਖਜੂਰਲਾ, ਅਮਰਿੰਦਰ ਸਿੰਘ ਸੈਣੀ, ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਰੇਨੂੰ ਰਾਣੀ, ਜਸਬੀਰ ਕੌਰ, ਨੀਰੂ, ਰਿਤਿਕਾ, ਕਾਮਨੀ, ਕਰੀਨਾ, ਪ੍ਰਦੀਪ ਕੌਰ, ਕਿਰਨ ਗੁਰਪ੍ਰੀਤ ਕੌਰ, ਬਲਵੀਰ ਠਾਕੁਰ, ਗੋਪੀ ਬੇਦੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ, ਸਵੈ-ਸਹਾਇਤਾ ਸਮੂਹਾਂ ਦੇ ਮੈਂਬਰ ਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ।