- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਐਲਾਨੀ ਨਿਗੂਣੀ ਸਹਾਇਤਾ ਰਾਸ਼ੀ ਮ੍ਰਿਤਕ ਅਧਿਆਪਕਾਂ ਨਾਲ ਕੋਝਾ ਮਜ਼ਾਕ : ਮਾਸਟਰ ਕੇਡਰ ਯੂਨੀਅਨ

18 ਨੂੰ ਮੋਗਾ ’ਚ ਹੋਵੇਗੀ ਇਨਸਾਫ ਰੈਲੀ : ਮਾਸਟਰ ਕੇਡਰ ਯੂਨੀਅਨ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੌਰਾਨ ਆਪਣੀ ਪਤਨੀ ਨੂੰ ਡਿਊਟੀ 'ਤੇ ਛੱਡਣ ਜਾ ਰਹੇ ਅਧਿਆਪਕ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਉਪਰੰਤ ਪੰਜਾਬ ਸਰਕਾਰ ਵੱਲੋਂ ਐਲਾਨੀ 10-10 ਲੱਖ ਰੁਪਏ ਦੀ ਮਾਮੂਲੀ ਸਹਾਇਤਾ ਰਾਸ਼ੀ ਨੂੰ ਨਕਾਰਦਿਆਂ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਇਸ ਨੂੰ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਕਰਾਰ ਦਿੰਦੇ ਹੋਏ 18 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਸੂਬਾ ਪੱਧਰੀ ਇਨਸਾਫ ਰੈਲੀ ਕੀਤੀ ਜਾ ਰਹੀ ਹੈ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਮਾਸਟਰ ਨਰੇਸ਼ ਕੋਹਲੀ, ਕੁਸ਼ਲ ਗੁਜਰਾਲ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਅਨਿਲ ਭਾਟੀਆ, ਦੀਦਾਰ ਸਿੰਘ, ਮਨਦੀਪ ਸਿੰਘ, ਸੂਰਤ ਆਦਿ ਨੇ ਦੱਸਿਆ ਕਿ ਚੋਣ ਡਿਊਟੀਆਂ ਦੌਰਾਨ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦੇ ਨਾਕਸ ਪ੍ਰਬੰਧਾਂ ਕਾਰਨ ਜਾਨ ਗੁਆਉਣ ਵਾਲੇ ਅਧਿਆਪਕ ਜੋੜੇ ਪ੍ਰਤੀ ਪੰਜਾਬ ਸਰਕਾਰ ਵੱਲੋਂ ਸੰਵੇਦਨਹੀਣਤਾ ਤੇ ਪੱਖਪਾਤੀ ਰਵੱਈਆ ਅਪਣਾਇਆ ਗਿਆ ਹੈ, ਇਸ ਰਵੱਈਏ ਪ੍ਰਤੀ ਅਧਿਆਪਕ ਵਰਗ ਨੇ ਰੋਸ ਦਾ ਪ੍ਰਗਟਾਵਾ ਪੰਜਾਬ ਦੇ ਸਾਰੇ ਜ਼ਿਲਿਆਂ 'ਚ 'ਅਧਿਆਪਕ ਇਨਸਾਫ ਕਮੇਟੀ' ਦੇ ਬੈਨਰ ਹੇਠ ਕੈਂਡਲ ਮਾਰਚ ਕਰ ਕੇ ਕੀਤਾ ਹੈ, ਜਿਸਦਾ ਅਗਲਾ ਦੌਰ 18 ਜਨਵਰੀ ਨੂੰ ਮੋਗਾ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਨਾਲ ਹੋਵੇਗਾ। ਮਾਸਟਰ ਨਰੇਸ਼ ਕੋਹਲੀ ਨੇ ਦੋਸ਼ ਲਾਇਆ ਕਿ ਜਥੇਬੰਦੀਆਂ ਵੱਲੋਂ ਚੋਣ ਕਮਿਸ਼ਨ ਨੂੰ ਸਥਾਨਕ ਪੱਧਰ 'ਤੇ ਡਿਊਟੀਆਂ ਲਾਉਣ ਦੀ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਵੱਖ-ਵੱਖ ਜ਼ਿਲਿਆਂ ਦੇ ਪ੍ਰਸ਼ਾਸਨ ਵੱਲੋਂ ਦੂਰ-ਦੁਰੇਡੇ ਡਿਊਟੀਆਂ ਲਾਈਆਂ ਗਈਆਂ, ਜਿਸ ਕਾਰਨ ਧੁੰਦ ਦੇ ਮੌਸਮ 'ਚ ਅਧਿਆਪਕ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਜੋਖ਼ਮ 'ਚ ਪਾ ਕੇ ਡਿਊਟੀ ਵਾਲੇ ਸਥਾਨ 'ਤੇ ਪੁੱਜੇ। ਇਸੇ ਦਿਨ ਜਿਥੇ ਮੋਗੇ ਜ਼ਿਲੇ ਦੇ ਇਨ੍ਹਾਂ ਦੋ ਅਧਿਆਪਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਉੱਥੇ ਚੋਣ 'ਤੇ ਜਾ ਰਹੀ ਸੰਗਰੂਰ ਜ਼ਿਲੇ ਦੀ ਅਧਿਆਪਕਾ ਰਾਜਵੀਰ ਕੌਰ ਦੇ ਵੀ ਇਸੇ ਤਰ੍ਹਾਂ ਦੀ ਹੋਈ ਦੁਰਘਟਨਾ ਕਾਰਨ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਕਈ ਦਿਨ ਹਸਪਤਾਲ ਵਿਖੇ ਦਾਖਲ ਰਹਿਣਾ ਪਿਆ। ਆਗੂਆਂ ਨੇ ਕਿਹਾ ਕਿ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦੋ-ਦੋ ਕਰੋੜ ਰੁਪਏ ਅਤੇ ਮੂਨਕ ਵਿਖੇ ਜ਼ਖਮੀ ਹੋਈ ਐਸੋਸੀਏਟ ਅਧਿਆਪਕਾ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਜਾਰੀ ਕਰਵਾਉਣ, ਬੱਚਿਆਂ ਦੀ ਪੜ੍ਹਾਈ ਪੂਰੀ ਹੋਣ 'ਤੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਲਿਖਤੀ ਭਰੋਸਾ ਦੇਣ, ਬੱਚਿਆਂ ਦੀ ਸਮੁੱਚੀ ਪੜ੍ਹਾਈ ਦੇ ਖਰਚ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਤੱਕ ਅਧਿਆਪਕ ਇਨਸਾਫ ਕਮੇਟੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।