- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲਾ ਪ੍ਰਾਈਵੇਟ ਸਕੂਲਾਂ ਵੱਲੋਂ ਨਜਾਇਜ਼ ਵਸੂਲੇ ਜਾ ਰਹੇ ਫੰਡਾਂ ਤੇ ਫੀਸਾਂ ਦਾ

ਟਿਊਸ਼ਨ ਫੀਸ ਵਧਾਉਣ ਦੇ ਕੀ ਮਾਪਦੰਡ ਹਨ : ਭੰਡਾਲ/ਨਛੱਤਰ ਬਾਈ
ਮਾਮਲਾ ਪ੍ਰਾਈਵੇਟ ਸਕੂਲਾਂ ਵੱਲੋਂ ਨਜਾਇਜ਼ ਵਸੂਲੇ ਜਾ ਰਹੇ ਫੰਡਾਂ ਤੇ ਫੀਸਾਂ ਦਾ
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਗਾ : ਪਿਛਲੇ ਲੰਮੇ ਸਮੇਂ ਤੋਂ ਪ੍ਰਾਈਵੇਟ ਸਕੂਲ ਮਾਫੀਏ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਫੀਸ ਰੈਗੂਲੇਟਰੀ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਕਾਸ਼ ਬਾਂਸਲ ਨੂੰ 48 ਘੰਟੇ ਦਾ ਅਲਟੀਮੇਟਮ ਦੇ ਦਿੱਤਾ। ਮਾਮਲਾ ਅੱਜ ਉਸ ਸਮੇਂ ਭਖ ਗਿਆ ਜਦ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਮਾਪਿਆਂ ਵੱਲੋਂ ਲਗਾਏ ਧਰਨੇ ਨੂੰ ਟੀਮ ਸਮੇਤ ਸਮਰਥਨ ਦੇਣ ਪੁੱਜੇ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ ਤੇ ਬਾਈ ਨਛੱਤਰ ਸਿੰਘ ਦੀ ਥਾਣਾ ਫੱਤੂਢੀਗਾ ਮੁੱਖੀ ਮੈਡਮ ਅਮਨਦੀਪ ਕੌਰ ਨਾਲ ਬਹਿਸ ਹੋ ਗਈ। ਪ੍ਰਾਈਵੇਟ ਸਕੂਲ ਦੇ ਬਚਾਅ ਪੱਖ ਵਿਚ ਭੁਗਤਦਿਆਂ ਥਾਣਾ ਫੱਤੂਢੀਂਗਾ ਪੁਲਿਸ ਨੇ ਬਾਕੀ ਥਾਣਿਆਂ ਦੀ ਪੁਲਿਸ ਨਫ਼ਰੀ ਮੰਗਵਾ ਕਿਸਾਨ ਆਗੂਆਂ ’ਤੇ ਆਪਣੀ ਵਰਦੀ ਦਾ ਰੋਹਬ ਝਾੜਦੇ ਹੋਏ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਦਿੱਤੀ, ਜਿਸ ’ਤੇ ਆਗੂਆਂ ਵੱਲੋਂ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਵਰਦੀ ਸਾਡੀ ਸੁਰੱਖਿਆ ਲਈ ਹੈ ਨਾ ਕਿ ਰੋਹਬ ਪਾਉਣ ਲਈ। ਉਪਰੰਤ ਐੱਸਐੱਚਓ ਸੋਨਮਪ੍ਰੀਤ ਕੌਰ ਵੱਲੋਂ ਮੌਕਾ ਸੰਭਾਲਦੇ ਹੋਏ ਆਗੂਆਂ ਨਾਲ ਗੱਲਬਾਤ ਕਰ ਮਾਮਲੇ ਨੂੰ ਸ਼ਾਂਤ ਕੀਤਾ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮੀਟਿੰਗ ਦਾ ਸਮਾਂ ਲੈ ਮੀਟਿੰਗ ਦੇ ਭਰੋਸੇ ਤੋਂ ਬਾਅਦ ਧਰਨੇ ਨੂੰ 48 ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਕਾਸ਼ ਬਾਂਸਲ ਨਾਲ ਮੀਟਿੰਗ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਡੀਸੀ ਦਫਤਰ ਨੂੰ ਮਾਪਿਆਂ ਸਮੇਤ ਆਗੂਆਂ ਵੱਲੋਂ ਦਰਜਨਾਂ ਸ਼ਿਕਾਇਤਾਂ ਤੇ ਮੰਗ ਪੱਤਰ ਦਿੱਤੇ ਗਏ ਹਨ ਪਰ ਉਕਤ ਦਫ਼ਤਰ ਵੱਲੋਂ ਕੋਈ ਵੀ ਸਾਰਥਕ ਹੱਲ ਨਹੀਂ ਕੱਢਿਆ ਗਿਆ। ਜਦ ਵਾਰ-ਵਾਰ ਮਾਪਿਆਂ ਵੱਲੋਂ ਸਾਡੀਆਂ ਜਥੇਬੰਦੀਆਂ ਤੱਕ ਪਹੁੰਚ ਕੀਤੀ ਜਾ ਰਹੀ ਸੀ ਤਾਂ ਮਜਬੂਰਨ ਅੱਜ ਸਾਨੂੰ 48 ਘੰਟੇ ਦਾ ਅਲਟੀਮੇਟਮ ਦੇਣਾ ਪਿਆ। ਜੇਕਰ 48 ਘੰਟੇ ਦੇ ਅੰਦਰ-ਅੰਦਰ ਪ੍ਰਾਈਵੇਟ ਸਕੂਲਾਂ ਦਾ ਆਡਿਟ ਕਰਵਾ ਸਕੂਲਾਂ ਤੇ ਮਾਪਿਆਂ ਦੀਆਂ ਸ਼ਿਕਾਇਤਾਂ ਦਾ ਕੋਈ ਸਾਰਥਕ ਹੱਲ ਨਹੀਂ ਕੱਢਿਆ ਜਾਂਦਾ ਤਾਂ ਮਿਤੀ 23 ਅਪ੍ਰੈਲ ਨੂੰ ਡੀਸੀ ਕੰਪਲੈਕਸ ਦੇ ਅੰਦਰ ਪੱਕੇ ਤੌਰ ’ਤੇ ਦਿਨ-ਰਾਤ ਦਾ ਧਰਨਾ ਉਲੀਕਿਆ ਜਾਵੇਗਾ। ਇਸ ਦੇ ਨਿਕਲਣ ਵਾਲੇ ਸਿੱਟਿਆਂ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਡਿਪਟੀ ਕਮਿਸ਼ਨਰ ਵੱਲੋਂ ਜਲਦ ਮੀਟਿੰਗ ਸੱਦ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਸੁਖਦੇਵ ਸਿੰਘ ਖੀਰਾਂਵਾਲੀ, ਮਨਪ੍ਰੀਤ ਸਿੰਘ ਮੰਨਾ, ਸਰਪੰਚ ਲਖਵਿੰਦਰ ਸਿੰਘ, ਸਰਪੰਚ ਹਰਜੀਤ ਸਿੰਘ ਪੱਡਾ, ਪਰਮਜੀਤ ਸਿੰਘ ਭੁੱਲਰ, ਅੱਛਰ ਸਿੰਘ ਗਡਾਨਾ, ਲਵਪ੍ਰੀਤ ਸਿੰਘ ਮਿਆਣੀ, ਹਰਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਡਾ. ਲਖਵਿੰਦਰ ਸਿੰਘ, ਮਲਕੀਤ ਸਿੰਘ ਭੰਡਾਲ, ਸੁੱਖਾ ਸਿੰਘ ਸਰਪੰਚ ਫੱਤੂਚੱਕ, ਰਾਜਪਾਲ ਸਿੰਘ ਭੁੱਲਰ, ਬਾਬਾ ਮਲਕੀਤ ਸਿੰਘ ਆਦਿ ਆਗੂ ਹਾਜ਼ਰ ਰਹੇ।