ਬਦਲਾਖੋਰੀ ਦੀ ਸਿਆਸਤ ਨਾਲ ਲੋਕਤੰਤਰ ਦੀਆਂ ਧੱਜੀਆਂ ਉੱਡੀਆਂ : ਮੰਡ/ਨਰਿੰਦਰ/ਗੁਰਪ੍ਰੀਤ
ਖੈਹਿਰਾ ਦੇ ਘਰ ਕੀਤੀ ਬਦਲਾਖੋਰੀ ਦੀ ਸਿਆਸਤ ਨਾਲ ਮਾਨ ਸਰਕਾਰ ਨੇ ਸਾਰੀਆਂ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ -ਮੰਡ/ ਨਰਿੰਦਰ/ ਗੁਰਪ੍ਰੀਤ
Publish Date: Tue, 24 Feb 2026 08:38 PM (IST)
Updated Date: Tue, 24 Feb 2026 08:40 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਨਿਵਾਸ ’ਤੇ ਕੀਤੀ ਗਈ ਭੰਨ ਤੋੜ ਦੀ ਕਾਰਵਾਈ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਉਂਦੇ ਹੋਏ ਸਾਰੀਆਂ ਹੱਦਾਂ ਨੂੰ ਤੋੜ ਦਿੱਤਾ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਆਗੂਆਂ ਕਿਸਾਨ ਸੈੱਲ ਦੇ ਅਮਰ ਸਿੰਘ ਮੰਡ, ਸਾਬਕਾ ਸਰਪੰਚ ਨਰਿੰਦਰ ਸਿੰਘ ਗਿੱਲਾਂ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਬਦਲੇ ਦੀ ਭਾਵਨਾ ਨਾਲ ਕੀਤੀ ਕਾਰਵਾਈ ਨਾਲ ਪੂਰਾ ਲੋਕਤੰਤਰ ਸ਼ਰਮਸਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਸਨ ਨਹੀਂ ਬਲਕਿ ਹੰਕਾਰ ਤੇ ਸੱਤਾ ਦਾ ਖੁੱਲ੍ਹਾ ਦੁਰਪ੍ਰਯੋਗ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਖਤਰਨਾਕ ਮਾਨਸਿਕਤਾ ਨੂੰ ਦਰਸਾਉਂਦੀ ਹੈ, ਜਿਹੜੀ ਲੋਕਤੰਤਰ, ਕਾਨੂੰਨ ਤੇ ਮਨੁੱਖੀ ਅਧਿਕਾਰਾਂ ਦਾ ਖੁੱਲ੍ਹੇਆਮ ਅਪਮਾਨ ਕਰਦੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੱਤਾ ਅਸਥਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਅਨਿਆਂ ਪੂਰਨ ਕਾਰਵਾਈ ਨੂੰ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਇਹ ਖਤਰਨਾਕ ਫਸਲ ਦੇ ਬੀਜ ਬੋਏ ਜਾ ਰਹੇ ਹਨ, ਉਸ ਦਾ ਲੇਖਾ-ਜੋਖਾ ਜਨਤਾ ਦੀ ਕਚਹਿਰੀ ਵਿਚ ਇਸੇ ਤਰ੍ਹਾਂ ਦੇਣਾ ਹੋਵੇਗਾ। ਜਿਹੜੀਆਂ ਗੰਢਾਂ ਇਹ ਹੱਥਾਂ ਨਾਲ ਬੰਨ ਰਹੇ ਹਨ, ਅਖੀਰ ਇਨ੍ਹਾਂ ਨੂੰ ਦੰਦਾਂ ਨਾਲ ਵੀ ਖੋਲ੍ਹਣ ’ਤੇ ਨਹੀਂ ਖੋਲ੍ਹਿਆ ਜਾ ਸਕੇਗਾ। ਕਾਂਗਰਸੀ ਆਗੂਆਂ ਨੇ ਪ੍ਰਸ਼ਾਸਨ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਸਰਕਾਰ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਜੋ ਸਾਰੇ ਕਾਨੂੰਨ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਅੱਖਾਂ ਮੀਟ ਕੇ ਕਾਰਵਾਈ ਕਰਦੇ ਹਨ, ਉਸ ਦਾ ਹਿਸਾਬ ਵੀ ਦੇਣਾ ਹੋਵੇਗਾ। ਕਾਂਗਰਸੀ ਆਗੂਆਂ ਮੰਡ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੱਤਾ ਦਾ ਦੁਰਪ੍ਰਯੋਗ ਤਾਕਤ ਨਹੀਂ ਬਲਕਿ ਕਾਇਰਤਾ ਹੈ, ਜਿਹੜੀ ਸੱਤਾ ਦੇ ਪਿੱਛੇ ਲੁਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਸਨ ਸੇਵਾ ਦੇ ਲਈ ਹੁੰਦਾ ਹੈ ਨਾ ਕਿ ਰਾਜਨੀਤਿਕ ਬਦਲੇ ਦੇ ਲਈ। ਇਹ ਕਾਰਵਾਈ ਬਹੁਤ ਹੀ ਸ਼ਰਮਨਾਕ ਤੇ ਅਨਿਆਂਪੂਰਨ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਨਤਾ ਨਾ ਤਾਂ ਇਸ ਨੂੰ ਭੁੱਲੇਗੀ ਤੇ ਨਾ ਹੀ ਅਜਿਹੀ ਸ਼ਰਮਨਾਕ ਕਾਰਵਾਈ ਨੂੰ ਕਦੇ ਮੁਆਫ ਕਰੇਗੀ।