ਕਪੂਰਥਲਾ ’ਚ ਵਿਦੇਸ਼ ਤੋਂ ਆਈ ਔਰਤ ਦੇ ਕਾਤਲਾਂ ਦੀ ਪਛਾਣ
ਕਪੂਰਥਲਾ ਵਿੱਚ ਵਿਦੇਸ਼ ਤੋਂ ਆਈ ਔਰਤ ਦੇ ਕਾਤਲਾਂ ਦੀ ਪਛਾਣ
Publish Date: Sat, 03 Jan 2026 06:56 PM (IST)
Updated Date: Sun, 04 Jan 2026 04:12 AM (IST)

- ਬੀਤੇ ਕੱਲ੍ਹ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕੀਤਾ ਗਿਆ ਸੀ ਔਰਤ ਦਾ ਕਤਲ ਕੈਪਸ਼ਨ: 3ਕੇਪੀਟੀ11, 12 ਵਿਦੇਸ਼ ਤੋਂ ਆਈ ਔਰਤ ’ਤੇ ਫਾਈਰਿੰਗ ਕਰਨ ਤੋਂ ਬਾਅਦ ਬਾਇਕ ’ਤੇ ਫਰਾਰ ਹੋਏ ਹਮਲਾਵਰਾਂ ਦੀਆਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈਆਂ ਵੱਖ ਵੱਖ ਤਸਵੀਰਾਂ। ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਦੇ ਸੀਨਪੁਰਾ ਇਲਾਕੇ ’ਚ ਹੇਮਪ੍ਰੀਤ ਕੌਰ ਉਰਫ਼ ਹੇਮਾ (40) ਦੇ ਕਤਲ ਮਾਮਲੇ ’ਚ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਨੇ ਔਰਤ ਦੇ ਘਰ ’ਚ ਹੋਈ ਗੋਲ਼ੀਬਾਰੀ ਦੀ ਸੀਸੀਟੀਵੀ ਫੁਟੇਜ ਪ੍ਰਾਪਤ ਕਰ ਲਈ ਹੈ, ਫੁਟੇਜ ’ਚ ਦੋ ਸ਼ੱਕੀਆਂ ਨੂੰ ਵੇਖਿਆ ਗਿਆ ਹੈ। ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ’ਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਅਤੇ ਘਟਨਾ ਤੋਂ ਬਾਅਦ ਤੇਜ਼ੀ ਨਾਲ ਭੱਜਦੇ ਦਿਖਾਈ ਦਿੱਤੇ। ਪੁਲਿਸ ਸੂਤਰਾਂ ਅਨੁਸਾਰ ਫੁਟੇਜ ’ਚ ਸ਼ੱਕੀਆਂ ਦੀ ਪਛਾਣ ਸਾਫ਼ ਦਿਖਾਈ ਦਿੰਦੀ ਹੈ, ਜਿਸ ਨਾਲ ਉਨ੍ਹਾਂ ਦੀ ਪਛਾਣ ਕਰਨ ’ਚ ਮਦਦ ਮਿਲ ਰਹੀ ਹੈ। ਸੂਤਰਾਂ ਮਤਾਬਕ ਪੁਲਿਸ ਦੀ ਖੁਫੀਆ ਟੀਮ ਨੇ ਬਾਈਕ ਨੰਬਰ ਤੇ ਉਨ੍ਹਾਂ ਦੁਆਰਾ ਵਰਤੇ ਗਏ ਮੋਬਾਈਲ ਫੋਨ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਹਾਲਾਂਕਿ ਇਸ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ। ਇਹ ਘਟਨਾ ਕੱਲ੍ਹ ਸ਼ਾਮ ਮੁਹੱਲਾ ਸੀਨਪੁਰਾ ’ਚ ਵਾਪਰੀ। ਜਦੋ ਦੋ ਬਾਈਕ ਸਵਾਰਾਂ ਨੇ ਜ਼ਬਰਦਸਤੀ ਹੇਮਪ੍ਰੀਤ ਕੌਰ ਦੇ ਘਰ ’ਚ ਦਾਖ਼ਲ ਹੋ ਕੇ ਗੋਲ਼ੀਆਂ ਚਲਾਈਆਂ। ਪੁਲਿਸ ਅਨੁਸਾਰ ਕੁੱਲ ਚਾਰ ਗੋਲ਼ੀਆਂ ਚਲਾਈਆਂ ਗਈਆਂ, ਜਿਨ੍ਹਾਂ ’ਚੋਂ ਇਕ ਹੇਮਪ੍ਰੀਤ ਕੌਰ ਨੂੰ ਲੱਗੀ, ਜਦਕਿ ਤਿੰਨ ਹਵਾ ’ਚ ਚਲਾਈਆਂ ਗਈਆਂ। ਗੰਭੀਰ ਜ਼ਖ਼ਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੀਸੀਟੀਵੀ ਫੁਟੇਜ ਤੋਂ ਪ੍ਰਾਪਤ ਤਸਵੀਰਾਂ ਦੇ ਆਧਾਰ ਤੇ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਸੰਭਾਵਿਤ ਲੁਕਣਗਾਹਾਂ ਤੇ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਸੁਖਵੀਰ ਕੌਰ ਪਤਨੀ ਗੁਰਦਿਆਲ ਸਿੰਘ ਵਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਥਾਣਾ ਸਿਟੀ ਜ਼ਿਲ੍ਹਾ ਕਪੂਰਥਲਾ ਦੇ ਬਿਆਨਾਂ ’ਤੇ 2 ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।