ਖੈੜਾ ਦੋਨਾ ਰੇਲਵੇ ਫਾਟਕ ’ਤੇ ਰਾਹਗੀਰਾਂ ਨੂੰ ਝੱਲਣੀ ਪੈਂਦੀ ਪਰੇਸ਼ਾਨੀ
ਖੈੜਾ ਦੋਨਾ ਰੇਲਵੇ ਫਾਟਕ ਬਣਿਆ ਰਾਹੀਆਂ ਦੇ ਰਾਹ ਦਾ ਅੜਿੱਕਾ
Publish Date: Sun, 19 Apr 2026 07:48 PM (IST)
Updated Date: Sun, 19 Apr 2026 07:51 PM (IST)

ਰੌਸ਼ਨ ਖੈੜਾ, ਪੰਜਾਬੀ ਜਾਗਰਣ, ਕਪੂਰਥਲਾ : ਭਾਰਤੀ ਰੇਲਵੇ ਦੇਸ਼ ਦੇ ਯਾਤਰੀਆਂ ਨੂੰ ਜਿੱਥੇ ਬਿਹਤਰੀਨ ਸੇਵਾਵਾਂ ਦੇਣ ਦਾ ਦਾਅਵਾ ਕਰ ਰਹੀ ਉੱਥੇ ਕੁਝ ਇਕ ਕਥਿਤ ਲਾਪ੍ਰਵਾਹ ਅਧਿਕਾਰੀਆਂ ਕਾਰਨ ਆਮ ਲੋਕਾਂ ਨੂੰ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਕਪੂਰਥਲਾ-ਸੁਲਤਾਨਪੁਰ ਲੋਧੀ ਰੇਲਵੇ ਟਰੈਕ ਉੱਤੇ ਪੈਂਦੇ ਫਾਟਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਕਈ ਫਾਟਕਾਂ ਉੱਤੇ ਵਿਭਾਗੀ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਸਦਕਾ ਆਮ ਰਾਹੀਆਂ ਲਈ ਠੇਡੇ ਠੋਹਕਰਾਂ ਹੀ ਖਾਣੀਆਂ ਪੈ ਰਹੀਆਂ ਹਨ। ਇਸੇ ਟਰੈਕ ਉੱਤੇ ਪਿੰਡ ਖੈੜਾ ਦੋਨਾਂ ਤੋਂ ਬਿਹਾਰੀਪੁਰ, ਸਿੱਧਵਾਂ ਦੋਨਾਂ ਅਤੇ ਕਾਲਾ ਸੰਘਿਆਂ ਨੂੰ ਜਾਂਦੇ ਰਾਹੀਆਂ ਨੂੰ ਜਿੱਥੇ ਠੇਡਿਆਂ ਠੋਹਕਰਾਂ ਖਾਣੀਆਂ ਪੈਂਦੀਆਂ ਹਨ ਉੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈੜਾ ਦੋਨਾ, ਖੈੜਾ ਇੰਟਰਨੈਸ਼ਨਲ ਪਬਲਿਕ ਸਕੂਲ ਖੈੜਾ ਦੋਨਾ ਅਤੇ ਬੀਐੱਸਟੀ ਸਕੂਲ ਬਿਹਾਰੀਪੁਰ ਨੂੰ ਆਉਣ-ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਲਾਂਘੇ ਵਿੱਚੋਂ ਲੰਘਣਾ ਮੁਸ਼ਕਿਲ ਹੁੰਦਾ ਹੈ। ਇੱਥੋਂ ਲੰਘਦੀਆਂ ਗੱਡੀਆਂ ਦੀ ਬਹੁਤਾਤ ਕਾਰਨ ਇਹ ਫਾਟਕ ਵੀ ਦੂਸਰੇ ਫਾਟਕਾਂ ਵਾਂਗੂੰ ਅਕਸਰ ਬੰਦ ਹੀ ਰਹਿੰਦਾ ਹੈ ਪਰ ਜਦੋਂ ਖੁੱਲ੍ਹਦਾ ਹੈ ਤਾਂ ਇਸ ਉਭੜ ਖਾਬੜ ਲਾਂਘੇ ਅਤੇ ਟੋਇਆਂ ਕਾਰਨ ਰਾਹੀ ਡਿੱਗਦੇ ਉੱਠਦੇ ਹਨ ਪਰ ਰੇਲਵੇ ਵਿਭਾਗ ਦਾ ਕੋਈ ਧਿਆਨ ਹੀ ਨਹੀਂ ਹੈ। ਇੱਥੋਂ ਲੰਘਦੇ ਬਜ਼ੁਰਗਾਂ, ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਪ੍ਰਿੰਸੀਪਲ ਅਨੁਰਾਗ ਭੱਲਾ, ਪ੍ਰਿੰਸੀਪਲ ਗੁਰਸੇਵਕ ਸਿੰਘ, ਸਾਬਕਾ ਸਰਪੰਚ ਤੇਜਵਿੰਦਰ ਸਿੰਘ ਖੈੜਾ, ਸਰਪੰਚ ਸੁਖਵਿੰਦਰ ਸਿੰਘ ਸਿੱਧਵਾਂ ਦੋਨਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖਾਲਸਾ ਆਦਿ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਫਾਟਕ ਦੇ ਲਾਂਘੇ ਨੂੰ ਸਮਤਲ ਕੀਤਾ ਜਾਵੇ ਅਤੇ ਟੋਇਆਂ ਆਦਿ ਨੂੰ ਤੁਰੰਤ ਪੂਰਿਆ ਜਾਵੇ।