ਵਿਧਾਨ ਸਭਾ 'ਚ ਜ਼ਹਿਰੀਲੇ ਤੱਤਾਂ ਦੇ ਕੈਂਸਰ ਨਾਲ ਔਰਤਾਂ ਦੀ ਮੌਤ ਦਾ ਮੁੱਦਾ ਗੂੰਜਿਆ
ਵਿਧਾਨ ਸਭਾ 'ਚ ਜ਼ਹਿਰੀਲੇ ਤੱਤਾਂ ਦੇ ਕੈਂਸਰ ਨਾਲ ਮਹਿਲਾਵਾਂ ਦੀ ਮੌਤ ਦਾ ਮੁੱਦਾ ਗੂੰਜਿਆ
Publish Date: Sat, 14 Feb 2026 07:29 PM (IST)
Updated Date: Sun, 15 Feb 2026 04:12 AM (IST)

ਕੈਪਸ਼ਨ: 14ਕੇਪੀਟੀ11 ਪੰਜਾਬ ਵਿਧਾਨ ਸਭਾ ਵਿੱਚ ਕੈਂਸਰ ਦੇ ਮਾਮਲਿਆਂ ਸਬੰਧੀ ਮੁੱਦਾ ਉਠਾਉਂਦੇ ਐਮ.ਪੀ. ਸੰਤ ਬਲਬੀਰ ਸਿੰਘ ਸੀਚੇਵਾਲ ਜੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡਡਵਿੰਡੀ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਅੱਜ ਸੂਬੇ ’ਚ ਜ਼ਹਿਰੀਲੇ ਤੱਤਾਂ ਦੇ ਪ੍ਰਦੂਸ਼ਣ ਕਾਰਨ ਵੱਧ ਰਹੀਆਂ ਕੈਂਸਰ ਦੀਆਂ ਬਿਮਾਰੀਆਂ ਤੇ ਔਰਤਾਂ ਦੀ ਮੌਤ ਦਾ ਮੁੱਦਾ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਇਸ ਮੌਕੇ ਐੱਮਪੀ ਸੰਤ ਬਲਬੀਰ ਸਿੰਘ ਨੇ ਵਿਧਾਨ ਸਭਾ ’ਚ ਇਹ ਗੰਭੀਰ ਮਸਲਾ ਚੁੱਕਦਿਆਂ ਕਿਹਾ ਕਿ ਪਿੰਡਾਂ ਤੇ ਸ਼ਹਿਰੀ ਖੇਤਰਾਂ ’ਚ ਪ੍ਰਦੂਸ਼ਿਤ ਪਾਣੀ ਤੇ ਜ਼ਮੀਨ ਕਾਰਨ ਕੈਂਸਰ ਦੇ ਮਾਮਲੇ ਚਿੰਤਾਜਨਕ ਤਰੀਕੇ ਨਾਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਪਰਿਵਾਰ ਇਸ ਬਿਮਾਰੀ ਕਾਰਨ ਬਰਬਾਦ ਹੋ ਰਹੇ ਹਨ ਅਤੇ ਖ਼ਾਸ ਕਰ ਕੇ ਔਰਤਾਂ ਇਸ ਦਾ ਵੱਧ ਸ਼ਿਕਾਰ ਬਣ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ’ਚ ਤੁਰੰਤ ਮੈਡੀਕਲ ਕੈਂਪ ਲਗਾਏ ਜਾਣ, ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਤੇ ਉਦਯੋਗਿਕ ਇਕਾਈਆਂ ਵੱਲੋਂ ਹੋ ਰਹੇ ਪ੍ਰਦੂਸ਼ਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਸੰਤ ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੈਂਸਰ ਮਰੀਜ਼ਾਂ ਲਈ ਖ਼ਾਸ ਸਹਾਇਤਾ ਯੋਜਨਾਵਾਂ ਚਲਾਈਆਂ ਜਾਣ ਤੇ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਸਿਰਫ਼ ਸਿਹਤ ਦਾ ਨਹੀਂ, ਸਗੋਂ ਮਨੁੱਖੀ ਹੱਕਾਂ ਦਾ ਮਾਮਲਾ ਹੈ ਅਤੇ ਇਸਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਸਭਾ ਵਿੱਚ ਇਸ ਮਸਲੇ ‘ਤੇ ਹੋਰ ਮੈਂਬਰਾਂ ਨੇ ਵੀ ਆਪਣੀ ਰਾਏ ਦਿੱਤੀ ਅਤੇ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।