ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਦਾ ਹੋਇਆ ਠੁੱਸ
ਫਗਵਾੜਾ ਨੂੰ ਜਿਲਾ ਬਣਾਉਣ ਦਾ ਮੱੁਦਾ ਹੋਇਆ ਠੁੱਸ,ਕੁਲਥਮ
Publish Date: Mon, 20 Apr 2026 08:02 PM (IST)
Updated Date: Mon, 20 Apr 2026 08:06 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕੌਮੀ ਰਾਜ ਮਾਰਗ ’ਤੇ ਸਥਿਤ ਵਿਧਾਨ ਸਭਾ ਹਲਕਾ ਫਗਵਾੜਾ ਦੇ ਲੋਕ ਬੀਤੇ ਕਾਫੀ ਲੰਬੇ ਸਮੇਂ ਤੋਂ ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਕਰਦੇ ਆ ਰਹੇ ਹਨ। ਬੀਤੀਆਂ ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾਂ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਫਗਵਾੜਾ ਵਾਸੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਚਾਰ ਸਾਲ ਬੀਤ ਜਾਣ ਪਿੱਛੋਂ ਵੀ ਹਾਲੇ ਤੱਕ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦਾ ਨੀਹ ਪੱਥਰ ਨਹੀਂ ਰੱਖ ਹੋ ਸਕਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਵੀ ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਲਈ ਪਿੰਡਾਂ ਵਿਚ ਜਾ ਕੇ ਢਿੰਡੋਰਾ ਪਿੱਟਿਆ ਜਾ ਰਿਹਾ ਸੀ ਕਿ ਬਹੁਤ ਜਲਦ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ ਪਰ ਚਾਰ ਸਾਲ ਬੀਤ ਜਾਣ ਪਿੱਛੋਂ ਵੀ ਹਾਲੇ ਤੱਕ ਇਸ ਦੀ ਰੂਪ-ਰੇਖਾ ਤੱਕ ਤਿਆਰ ਨਹੀਂ ਹੋ ਸਕੀ। ਇਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਦੱਸੇ। ਇੰਡਸਟਰੀ ਹੱਬ ਵਜੋਂ ਜਾਣਿਆ ਜਾਂਦਾ ਹੈ ਫਗਵਾੜਾ : ਸ਼ਰਨਜੀਤ ਸਿੰਘ ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਫਗਵਾੜਾ ਸ਼ਹਿਰ ਅੰਦਰ ਸਥਾਪਿਤ ਇੰਡਸਟਰੀ ਤੋਂ ਪੂਰੀ ਦੁਨੀਆ ਅੰਦਰ ਸਮਾਨ ਐਕਸਪੋਰਟ ਹੁੰਦਾ ਹੈ। ਫਗਵਾੜਾ ਸ਼ਹਿਰ ਜੀਟੀ ਰੋਡ ’ਤੇ ਸਥਿਤ ਹੋਣ ਕਾਰਨ ਇਸ ਨੂੰ ਇੰਡਸਟਰੀ ਹੱਬ ਵਜੋਂ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਵੱਡੇ ਉਦਯੋਗ ਫਗਵਾੜਾ ਸ਼ਹਿਰ ਅੰਦਰ ਸਥਾਪਿਤ ਹਨ। ਸ਼ੂਗਰ ਮਿੱਲ, ਸਟਾਰਚ ਮਿਲ ਸਮੇਤ ਇੰਡਸਟਰੀਅਲ ਏਰੀਆ ਵਿਚ ਵੱਡੇ ਉਦਯੋਗਾਂ ਦੀ ਭਰਮਾਰ ਹੈ ਪਰ ਇਸਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋਂ ਚਾਰ ਸਾਲ ਪਹਿਲਾਂ ਕੀਤਾ ਗਿਆ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ ਜਿਸ ਕਾਰਨ ਫਗਵਾੜਾ ਵਾਸੀਆਂ ਦੇ ਨਾਲ-ਨਾਲ ਉਦਯੋਗ ਜਗਤ ਵੀ ਨਿਰਾਸ਼ ਹੈ। ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਇਸ ਸਾਲ ਵਿਚ ਜਲਦ ਤੋਂ ਜਲਦ ਪੂਰਾ ਕਰਵਾਕੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਰੂਪ-ਰੇਖਾ ਤਿਆਰ ਕਰ ਦੇਣੀ ਚਾਹੀਦੀ ਹੈ। ਹਰ ਸਾਲ ਵਿਦੇਸ਼ਾਂ ਤੋਂ ਆਉਂਦੇ ਹਨ ਹਜ਼ਾਰਾਂ ਯਾਤਰੀ : ਅਸ਼ੋਕ ਕੁਲਥਮ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਕਿਹਾ ਕਿ ਫਗਵਾੜਾ ਸ਼ਹਿਰ ਨੂੰ ਕੱਪੜੇ ਦੇ ਵਪਾਰ ਨਾਲ ਵੀ ਜਾਣਿਆ ਜਾਂਦਾ ਹੈ। ਹਰ ਸਾਲ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆ ਕੇ ਫਗਵਾੜਾ ਸ਼ਹਿਰ ਅੰਦਰ ਖਰੀਦਾਰੀ ਕਰਦੇ ਹਨ। ਵੱਡੇ-ਵੱਡੇ ਸ਼ੋਅਰੂਮ ਤੇ ਵੱਖਰੀ ਵੈਰਾਇਟੀ ਕਾਰਨ ਮਸ਼ਹੂਰ ਫਗਵਾੜਾ ਸ਼ਹਿਰ ਅੱਜ ਵੀ ਜ਼ਿਲ੍ਹਾ ਬਣਨ ਲਈ ਤਰਸ ਰਿਹਾ ਹੈ, ਜਦੋਂ ਕਿ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੀ ਅਗਵਾਈ ਹੇਠ ਅਨੇਕਾਂ ਵਾਰ ਮੈਂਬਰ ਪਾਰਲੀਮੈਂਟ, ਹਲਕਾ ਇੰਚਾਰਜ ਦਰਜਾ ਬ ਦਰਜਾ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਇਹ ਸਮੱਸਿਆ ਦਾ ਕੋਈ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਦਕਿ ਸੂਬਾ ਸਰਕਾਰ ਆਪਣੇ ਕਾਰਜਕਾਲ ਦਾ ਚਾਰ ਸਾਲ ਦਾ ਸਮਾਂ ਪੂਰਾ ਕਰ ਚੁੱਕੀ ਹੈ ਤੇ ਆਉਣ ਵਾਲੇ ਇਕ ਸਾਲ ਵਿਚ ਵੀ ਉਹ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਕੋਈ ਰੂਪ-ਰੇਖਾ ਤਿਆਰ ਕਰਨਗੇ, ਇਸਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਫਗਵਾੜਾ ਵਾਸੀਆਂ ਦੀ ਲੰਬੇ ਸਮੇ ਦੀ ਮੰਗ ਨਹੀਂ ਹੋਈ ਪੂਰੀ : ਤਜਿੰਦਰ ਸਿੰਘ ਬਾਵਾ ਸਮਾਜ ਸੇਵਕ ਤਜਿੰਦਰ ਸਿੰਘ ਬਾਵਾ ਨੇ ਕਿਹਾ ਕਿ ਜੀਟੀ ਰੋਡ ’ਤੇ ਸਥਿਤ ਸ਼ਹਿਰ ਫਗਵਾੜਾ ਲਗਭਗ ਚਾਰੇ ਪਾਸਿਓਂ ਬਾਕੀ ਜ਼ਿਲ੍ਹਿਆਂ ਦੇ ਨਜ਼ਦੀਕ ਹੈ, ਜਿਵੇਂ ਇਕ ਪਾਸੇ ਜਲੰਧਰ, ਲੁਧਿਆਣਾ ਤੇ ਨਵਾਂ ਸ਼ਹਿਰ ਤਿੰਨਾਂ ਪਾਸਿਆਂ ਨੂੰ ਕਵਰ ਕਰਦੇ ਹਨ ਪਰ ਇਸ ਦੇ ਬਾਅਦ ਵੀ ਫਗਵਾੜਾ ਵਾਸੀਆਂ ਲਈ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਜੇਕਰ ਫਗਵਾੜਾ ਵਾਸੀਆਂ ਨੂੰ ਕੋਈ ਨਿੱਕੇ ਤੋਂ ਨਿੱਕਾ ਕੰਮ ਵੀ ਕਰਵਾਉਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਜਲੰਧਰ ਟੱਪ ਕੇ ਕਪੂਰਥਲੇ ਜਾਣਾ ਪੈਂਦਾ ਹੈ, ਜਿਸ ਨਾਲ ਕਾਫੀ ਸਮਾਂ ਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਫਗਵਾੜਾ ਵਾਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਫਗਵਾੜੇ ਨੂੰ ਜ਼ਿਲ੍ਹ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਸੂਬਾ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ। ਫਗਵਾੜਾ ਵਾਸੀਆਂ ਦੀ ਇਕੋ ਅਵਾਜ਼ ਫਗਵਾੜਾ ਨੂੰ ਬਣਾੳ ਜ਼ਿਲ੍ਹਾ : ਚਰਨਜੀਤ ਸਿੰਘ ਖਾਲਸਾ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਬੀਤੇ ਕਾਫੀ ਲੰਬੇ ਸਮੇਂ ਤੋਂ ਫਗਵਾੜਾ ਵਾਸੀਆਂ ਦੀ ਇਕੋ ਆਵਾਜ਼ ਰਹੀ ਹੈ ਕਿ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ, ਜਿਸ ਸਬੰਧੀ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਜਲਦ ਹੀ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ ਪਰ ਚਾਰ ਸਾਲ ਬੀਤਣ ਤੋਂ ਬਾਅਦ ਵੀ ਫਗਵਾੜਾ ਵਾਸੀਆਂ ਦੇ ਇਸ ਮੁੱਦੇ ਨੂੰ ਸਥਾਨਕ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਕਿ ਜਲਦ ਤੋਂ ਜਲਦ ਫਗਵਾੜਾ ਵਾਸੀਆਂ ਦੀ ਜ਼ਿਲ੍ਹਾ ਬਣਾਉਣ ਦੀ ਖੁਆਹਿਸ਼ ਨੂੰ ਆਪਣੀ ਸਰਕਾਰ ਦੇ ਰਹਿੰਦਿਆਂ ਹੀ ਪੂਰਾ ਕੀਤਾ ਜਾਵੇ ਤਾਂ ਜੋ ਫਗਵਾੜਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਤੇ ਭਰੋਸਾ ਕਰ ਹੋ ਸਕੇ। ਕਪੂਰਥਲਾ ਜਾ ਕੇ ਖੱਜਲ ਹੁੰਦੇ ਹਨ ਫਗਵਾੜਾ ਵਾਸੀ : ਤਰਨਜੀਤ ਸਿੰਘ ਤਰਨਜੀਤ ਸਿੰਘ ਬੰਟੀ ਵਾਲੀਆ, ਬਲਾਕ ਪ੍ਰਧਾਨ ਕਾਂਗਰਸ ਪਾਰਟੀ ਫਗਵਾੜਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਵਿਚ ਵੱਡੀਆਂ ਯੂਨੀਵਰਸਿਟੀਆਂ ਸਥਾਪਿਤ ਹਨ। ਫਗਵਾੜਾ ਚਾਰੇ ਪਾਸਿਆਂ ਤੋਂ ਵੱਡੇ ਸ਼ਹਿਰਾਂ ਨਾਲ ਵੀ ਘਿਰਿਆ ਹੋਇਆ ਹੈ ਪਰ ਫਗਵਾੜਾ ਸ਼ਹਿਰ ਨੂੰ ਕਪੂਰਥਲਾ ਜ਼ਿਲ੍ਹੇ ਨਾਲ ਜੋੜਿਆ ਗਿਆ ਹੈ ਜੋ ਕਿ ਕਿਸੇ ਪੱਖ ਤੋਂ ਵੀ ਵਧੀਆ ਚੋਣ ਨਹੀਂ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਆਪਣੇ ਰੋਜ਼ਾਨਾ ਦੇ ਸਰਕਾਰੀ ਕੰਮ ਕਰਾਉਣ ਲਈ ਜਲੰਧਰ ਟੱਪ ਕੇ ਕਪੂਰਥਲੇ ਜਾਣਾ ਪੈਂਦਾ ਹੈ। ਕਈ ਵਾਰ ਅਧਿਕਾਰੀਆਂ ਦੇ ਨਾ ਮਿਲਣ ਕਾਰਨ ਦਿਨ ਵੀ ਖਰਾਬ ਹੋ ਜਾਂਦਾ ਹੈ ਤੇ ਕੰਮ ਵੀ ਨਹੀਂ ਹੁੰਦਾ। ਫਗਵਾੜਾ ਵਿਚ ਵੱਡੀ ਤਾਦਾਦ ਵਿਚ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਰਹਿੰਦੇ ਹਨ, ਉਨ੍ਹਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਜ਼ਰੂਰੀ ਕੰਮ ਕਰਾਉਣ ਲਈ ਕਪੂਰਥਲਾ ਹੀ ਕਿਉਂ ਜਾਣਾ ਪੈਂਦਾ ਹੈ ਜਦਕਿ ਫਗਵਾੜਾ ਸ਼ਹਿਰ ਜ਼ਿਲ੍ਹਾ ਬਣਨ ਲਈ ਪੂਰੀ ਤਰ੍ਹਾਂ ਸਾਰਥਕ ਹੈ। ਸੂਬਾ ਸਰਕਾਰ ਨੂੰ ਗੰਭੀਰਤਾ ਨਾਲ ਇਸ ਨੂੰ ਜ਼ਿਲ੍ਹਾ ਬਣਾਉਣ ਦੇ ਯਤਨ ਸ਼ੁਰੂ ਕਰਨੇ ਚਾਹੀਦੇ ਹਨ।