- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਵਿਚ ਐਨਰਜੀ ਡਰਿੰਕ ਦਾ ਵਧਦਾ ਚਲਨ ਖਤਰਨਾਕ, ਡਾ:ਵੀਰ ਸਿੰਘ ਬਸਰਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਭਾਵੇਂ ਅੱਜ ਅਸੀ 21ਵੀ ਸਦੀ ਵਿਚ ਦਾਖਲ ਹੋ ਚੁੱਕੇ ਹਾਂ। ਸਾਡੇ ਬਦਲਦੇ ਖਾਣ-ਪੀਣ ਦੇ ਪਦਾਰਥ ਖਤਰਨਾਕ ਸਾਬਿਤ ਹੋ ਰਹੇ ਹਨ, ਜਿਨ੍ਹਾਂ ਵੱਲ ਮਾਪਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਦੁੱਧ-ਲੱਸੀਆਂ ਦੇ ਸੂਬੇ ਪੰਜਾਬ ਵਿਚ ਅੱਜ ਬੱਚਿਆਂ ਦਾ ਰੁਝਾਨ ਐਨਰਜੀ ਡਰਿੰਕ ਵੱਲ ਵਧ ਰਿਹਾ ਹੈ। ਸਸਤੇ ਹੋਣ ਕਾਰਨ ਨਬਾਲਗ ਇਸ ਨੂੰ ਆਸਾਨੀ ਨਾਲ ਖਰੀਦ ਕੇ ਪੀ ਰਹੇ ਹਨ। ਮਿੱਠੇ ਫਲਾਂ ਦੇ ਸੁਆਦ ਜੂਸ ਵਰਗਾ ਮਹਿਸੂਸ ਹੋਣ ਵਾਲਾ ਐਨਰਜੀ ਡਰਿੰਕ ਬੱਚਿਆਂ ਦੀ ਸਿਹਤ ’ਤੇ ਘਾਤਕ ਪ੍ਰਭਾਵ ਪਾ ਰਿਹਾ ਹੈ। ਰੋਜ਼ਾਨਾ ਐਨਰਜੀ ਡਰਿੰਕ ਪੀਣ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਕ ਸਰਵੇ ਮੁਤਾਬਕ ਪੰਜਾਬ ਅੰਦਰ ਐਨਰਜੀ ਡਰਿੰਕ ਪੀਣ ਵਾਲੇ 40 ਫ਼ੀਸਦੀ ਬੱਚੇ ਪੰਦਰਾਂ ਸਾਲ ਤੋਂ ਘੱਟ ਉਮਰ ਦੇ ਹਨ। ਆਪਣਾ ਮੁਨਾਫ਼ਾ ਵਧਾਉਣ ਦੇ ਚੱਕਰ ਵਿਚ ਕੰਪਨੀਆਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ। ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਐਨਰਜੀ ਡਰਿੰਕ ਬੱਚਿਆਂ ਦੀ ਪਹੁੰਚ ਵਿਚ ਨਾ ਲਿਆਉਣ ਅਤੇ ਉਨ੍ਹਾਂ ਨੂੰ ਐਨਰਜੀ ਡਰਿੰਕ ਪੀਣ ਤੋਂ ਰੋਕਿਆ ਜਾਵੇ। ਐਨਰਜੀ ਡਰਿੰਕ ਦੇ ਮੁਕਾਬਲੇ ਚਾਹ-ਕਾਫ਼ੀ ਵਿਚ ਕੈਫੀਨ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ। ਕੈਫੀਨ ਨਾਲ ਭਰਪੂਰ ਐਨਰਜੀ ਡਰਿੰਕ ਬਜ਼ਾਰਾਂ ਵਿਚ ਆਉਣ ਨਾਲ ਬੱਚਿਆਂ ਨੂੰ ਬਲੱਡ ਸ਼ੂਗਰ ਦੀ ਸਮੱਸਿਆ ਖੜੀ ਹੋ ਰਹੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੈਫੀਨ ਕਦੇ ਵੀ ਖੁਰਾਕ ਦਾ ਸਾਧਨ ਨਹੀਂ ਹੋਣੀ ਚਾਹੀਦੀ।
ਐਨਰਜੀ ਡਰਿੰਕ ’ਚ ਪਾਏ ਜਾਣ ਵਾਲੇ ਤੱਥ
ਕੈਫੀਨ ਦੀ ਸਮੱਗਰੀ 75 ਤੋਂ 200 ਮਿਲੀਗ੍ਰਾਮ ਤੱਕ।
ਗੁਆਨਾ, ਜਿੰਨਸਿੰਗ ਤੇ ਟੌਰੇ ਨਾਮਕ ਉਤੇਜਕ ਉਤਪਾਦ।
ਸੋਡੀਅਮ 123 ਗ੍ਰਾਮ, ਔਸਤਨ ਖਾਣ ਪੀਣ ਵਾਲੇ ਪਦਾਰਥਾਂ ’ਚ 8 ਗ੍ਰਾਮ
ਐਨਰਜੀ ਡਰਿੰਕ ਪੀਣ ਦੇ ਨੁਕਸਾਨ
ਘਬਰਾਹਟ, ਬੇਚੈਨੀ ਤੇ ਚਿੜਚਿੜਾਪਨ ਮਹਿਸੂਸ ਹੋਣਾ
ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਦਾ ਵਧਣਾ।
ਨੀਂਦ ਨਾ ਆਉਣ ਦੀ ਪ੍ਰੇਸ਼ਾਨੀ।
ਦੌਰੇ ਪੈਣਾ, ਭਾਰ ਵਧਣਾ।
ਚੀਨੀ ਖਾਣ ਨਾਲ ਦੰਦਾਂ ਦਾ ਸੜਨਾ।
ਸਾਵਧਾਨੀਆਂ
1. ਐਨਰਜੀ ਡਰਿੰਕ ਨੂੰ ਨਾਬਾਲਗ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ।
2. ਸਰਕਾਰਾਂ ਨੂੰ ਇਸ ਪਾਸੇ ਧਿਆਨ ਜ਼ਰੂਰ ਦੇਣਾ ਚਾਹੀਦਾ।
3. ਬੱਚਿਆਂ ਨੂੰ ਸਮਝਾਓ ਕਿ ਐਨਰਜੀ ਡਰਿੰਕ ਉਨ੍ਹਾਂ ਲਈ ਘਾਤਕ ਹਨ।
4. ਬੱਚਿਆਂ ਸਾਹਮਣੇ ਐਨਰਜੀ ਡਰਿੰਕ ਅਤੇ ਕੈਫੀਨ ਨਾਲ ਬਣੇ ਉਤਪਾਦਾਂ ਦੀ ਪ੍ਰਸ਼ੰਸਾ ਨਾ ਕਰੋ।
ਐਨਰਜੀ ਡਰਿੰਕ ਘਾਤਕ ਅਸਰ ਪਾਉਣਗੇ : ਡਾ. ਬਸਰਾ
ਡਾ. ਵੀਰ ਸਿੰਘ ਬਸਰਾ, ਫਗਵਾੜਾ ਨੇ ਦੱਸਿਆ ਕਿ ਬੱਚਿਆਂ ਲਈ ਐਨਰਜੀ ਡਰਿੰਕ ਇਕ ਆਕਰਸ਼ਕ ਪੀਣ ਵਾਲੇ ਪਦਾਰਥ ਦੇ ਬਰਾਬਰ ਹੈ। ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਵੱਲ ਬਹੁਤ ਜਲਦੀ ਆਕਰਸ਼ਿਤ ਹੋ ਰਹੇ ਹਨ। ਦੁੱਧ, ਦਹੀਂ, ਲੱਸੀ, ਜੂਸ ਛੱਡਕੇ ਬੱਚੇ ਐਨਰਜੀ ਡਰਿੰਕ ਜ਼ਿਆਦਾ ਪੀਣ ਲੱਗ ਪਏ ਹਨ, ਜੋ ਕਿ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਵਿਚ ਬਹੁਤ ਹੀ ਘਾਤਕ ਅਸਰ ਪਾਉਣਗੇ। ਜੇਕਰ ਬੱਚੇ ਆਪਣੀ ਛੋਟੀ ਉਮਰ ਵਿਚ ਹੀ ਕੈਫੀਨ ਦਾ ਇਸਤੇਮਾਲ ਕਰਨ ਲੱਗਣ ਤਾਂ ਇਹ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਵਿਚ ਬਹੁਤ ਹੀ ਸੰਵੇਦਨਸ਼ੀਲ ਹੋ ਸਕਦਾ ਹੈ। ਸਰਕਾਰਾਂ ਵੱਲੋਂ ਸ਼ਰਾਬ ਪੀਣ ਦੀ ਨਿਯਮਿਤ ਉਮਰ 21 ਸਾਲ ਕੀਤੀ ਹੋਈ ਹੈ, ਜਿਸ ਕਾਰਨ ਜ਼ਿਆਦਾਤਰ 21 ਸਾਲ ਤੋਂ ਛੋਟੇ ਬੱਚੇ ਅਲਕੋਹਲ ਜਾਂ ਸ਼ਰਾਬ ਪੀਣ ਵੱਲ ਧਿਆਨ ਨਹੀਂ ਦਿੰਦੇ ਪਰ ਜੇਕਰ ਐਨਰਜੀ ਡਰਿੰਕ ਦੀ ਗੱਲ ਕਰੀਏ ਤਾਂ ਇਹ ਬੱਚਿਆਂ ਲਈ ਕਿਤੇ ਵੀ ਆਸਾਨੀ ਨਾਲ ਮਿਲ ਜਾਂਦਾ ਹੈ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਲਈ ਜੋਖ਼ਮ ਭਰਿਆ ਹੈ। ਪੰਜਾਬ ’ਚ ਇਸ ਸਮੇਂ 12 ਤੋਂ 17 ਸਾਲ ਦੀ ਉਮਰ ਦੇ 31 ਫ਼ੀਸਦੀ ਬੱਚੇ ਅਤੇ 18 ਤੋਂ 24 ਸਾਲ ਦੀ ਉਮਰ ਦੇ 34 ਫ਼ੀਸਦੀ ਬੱਚੇ ਰੋਜ਼ਾਨਾ ਐਨਰਜੀ ਡਰਿੰਕ ਦਾ ਇਸਤੇਮਾਲ ਕਰ ਰਹੇ ਹਨ। ਐਨਰਜੀ ਡਰਿੰਕ ਵਿਚ ਸ਼ੂਗਰ ਲੈਵਲ ਜ਼ਿਆਦਾ ਹੋਣ ਕਾਰਣ ਬਲੱਡ ਸ਼ੁਗਰ, ਹੱਡੀਆਂ ਕਮਜ਼ੋਰ ਹੋਣੀਆਂ ਤੇ ਹੋਰ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਹਰ ਤਰਾਂ ਦੇ ਸਾਫਟ ਡਰਿੰਕ ਬੱਚਿਆਂ ਲਈ ਘਾਤਕ : ਡਾ. ਅਲਕਾ
ਡਾ. ਅਲਕਾ ਬਸਰਾ, ਐੱਮਓ, ਈਐੱਸਆਈ, ਫਗਵਾੜਾ ਨੇ ਕਿਹਾ ਕਿ ਕਿਸੇ ਵੀ ਤਰਾਂ ਦੇ ਸਾਫਟ ਡਰਿੰਕ, ਐਨਰਜੀ ਡਰਿੰਕ ਬੱਚਿਆਂ ਲਈ ਬਹੁਤ ਹੀ ਘਾਤਕ ਹਨ। ਬੱਚਿਆਂ ਵਿਚ ਮੋਟਾਪਾ, ਲਿਵਰ ਦੀ ਬਿਮਾਰੀ, ਫੈਟੀ ਲਿਵਰ, ਲਿਵਰ ਫੇਲ ਹੋਣਾ ਆਦਿ ਬਹੁਤ ਸਾਰੀਆਂ ਬਿਮਾਰੀਆਂ ਸਾਫ਼ਟ ਡਰਿੰਕ ਅਤੇ ਐਨਰਜੀ ਡਰਿੰਕ ਪੀਣ ਨਾਲ ਬੱਚਿਆਂ ਨੂੰ ਹੋ ਸਕਦੀਆਂ ਹਨ। ਸਾਫਟ ਡਰਿੰਕ ਅਤੇ ਐਨਰਜੀ ਡਰਿੰਕ ਵਿਚ ਪਾਏ ਜਾਣ ਵਾਲੇ ਉਤਪਾਦ ਕੈਮੀਕਲ ਯੁਕਤ ਹੁੰਦੇ ਹਨ, ਜਿਨ੍ਹਾਂ ਦਾ ਸਰੀਰ ’ਤੇ ਬਹੁਤ ਹੀ ਘਾਤਕ ਅਸਰ ਪੈਂਦਾ ਹੈ। ਬੱਚੇ ਅਕਸਰ ਐਨਰਜੀ ਡਰਿੰਕ ਪੀਣ ਦੇ ਆਦੀ ਹੋ ਜਾਂਦੇ ਹਨ ਜੋ ਕਿ ਬੱਚਿਆਂ ਲਈ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬਜ਼ਾਰਾਂ ਵਿਚ ਮਿਲਣ ਵਾਲੇ ਕਿਸੇ ਵੀ ਤਰ੍ਹਾਂ ਦੇ ਜੂਸ, ਸਾਫਟ ਡਰਿੰਕ, ਐਨਰਜੀ ਡਰਿੰਕ ਵਿਚ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਬੱਚੇ ਗੰਭੀਰ ਬਿਮਾਰੀਆਂ ਦੀ ਚਪੇਟ ਵਿਚ ਆ ਸਕਦੇ ਹਨ। ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਘਰ ਦਾ ਬਣਿਆ ਖਾਣਾ, ਸ਼ਿਕੰਜਵੀ, ਤਾਜਾ ਫਲ ਆਦਿ ਖਾਣ ਨੂੰ ਦਿਓ ਤਾਂ ਜੋ ਉਹ ਤੰਦਰੁਸਤ ਰਹਿ ਸਕਣ।
ਐਨਰਜੀ ਡਰਿੰਕ ’ਤੇ ਪਾਬੰਦੀ ਲੱਗਣੀ ਚਾਹੀਦੀ : ਡਾ. ਅਮਨ ਬਸਰਾ
ਡਾ. ਅਮਨ ਬਸਰਾ ਨੇ ਕਿਹਾ ਕਿ ਐਨਰਜੀ ਡਰਿੰਕ ਬੱਚਿਆਂ ਲਈ ਬਹੁਤ ਹੀ ਘਾਤਕ ਹਨ। ਬੱਚਿਆਂ ਨੂੰ ਆਪਣੇ ਸਟੈਮਿਨਾ ਨੂੰ ਕਸਰਤ ਨਾਲ ਵਧਾਉਣਾ ਚਾਹੀਦਾ ਹੈ ਪਰ ਉਹ ਐਨਰਜੀ ਡਰਿੰਕ ਦਾ ਸ਼ਿਕਾਰ ਹੋ ਰਹੇ ਹਨ। ਸਕੂਲਾਂ ਵਿਚ ਵੀ ਬੱਚਿਆਂ ਨੂੰ ਐਨਰਜੀ ਡਰਿੰਕ ਦੇ ਖਤਰਨਾਕ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ। ਸੂਬਾ ਸਰਕਾਰ ਨੂੰ ਐਨਰਜੀ ਡਰਿੰਕ ਦੀ ਖਰੀਦੋ-ਫਰੋਖਤ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਜਾਂ 18 ਸਾਲ ਤੋਂ ਉਪਰ ਦੇ ਨੌਜਵਾਨਾਂ ਨੂੰ ਹੀ ਐਨਰਜੀ ਡਰਿੰਕ ਵੇਚਨਾ ਚਾਹੀਦਾ ਹੈ। ਮਾਪਿਆਂ ਦੀ ਛੋਟੀ ਜਿਹੀ ਲਾਪਰਵਾਹੀ ਕਾਰਣ ਬੱਚੇ ਇਸ ਖਤਰਨਾਕ ਡਰਿੰਕ ਦੀ ਚਪੇਟ ਵਿਚ ਆਉਣ ਲੱਗੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖਾਣ-ਪੀਣ ਦਾ ਖਾਸ ਖਿਆਲ ਰੱਖਣ ਕਿ ਉਹ ਕੀ ਖਾਂਦੇ-ਪੀਂਦੇ ਹਨ ਤਾਂ ਜੋ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।