ਡਡਵਿੰਡੀ ਦੇ ਸਟੇਡੀਅਮ ਦੀ ਬਦਲੇਗੀ ਤਸਵੀਰ : ਚੀਮਾ
30 ਲੱਖ ਰੁਪਏ ਲਾਗਤ ਨਾਲ ਪਿੰਡ ਡਡਵਿੰਡੀ ਦੇ ਸਟੇਡੀਅਮ ਦੀ ਬਦਲੇਗੀ ਤਸਵੀਰ : ਸੱਜਣ ਚੀਮਾ
Publish Date: Mon, 23 Mar 2026 07:22 PM (IST)
Updated Date: Mon, 23 Mar 2026 07:25 PM (IST)

ਨੌਜਵਾਨਾਂ ਲਈ ਬਣੇਗਾ ਆਧੁਨਿਕ ਖੇਡ ਕੇਂਦਰ: ਚੀਮਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਡਡਵਿੰਡੀ ਵਿਚ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਦੇ ਨਵੀਨੀਕਰਨ ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮਹੱਤਵਪੂਰਨ ਪ੍ਰੋਜੈਕਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ ਵੱਲੋਂ ਕੀਤਾ ਗਿਆ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਲਈ ਖੇਡਾਂ ਸਭ ਤੋਂ ਵਧੀਆ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਥੇ ਨਸ਼ਿਆਂ ਦਾ ਖਤਰਾ ਵੱਧ ਰਿਹਾ ਹੈ, ਉਥੇ ਖੇਡ ਮੈਦਾਨ ਨੌਜਵਾਨਾਂ ਨੂੰ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਵੱਲ ਪ੍ਰੇਰਿਤ ਕਰਦੇ ਹਨ। ਚੀਮਾ ਨੇ ਕਿਹਾ ਕਿ ਇਸ ਸਟੇਡੀਅਮ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ, ਜਿਸ ਨਾਲ ਪਿੰਡ ਦੇ ਖਿਡਾਰੀਆਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿਚ ਫੁੱਟਬਾਲ ਤੇ ਕ੍ਰਿਕਟ ਗਰਾਊਂਡ ਤਿਆਰ ਕੀਤੇ ਜਾਣਗੇ, ਰਾਤ ਸਮੇਂ ਪ੍ਰੈਕਟਿਸ ਲਈ ਉੱਚ ਕੁਆਲਿਟੀ ਲਾਈਟਾਂ ਲਗਾਈਆਂ ਜਾਣਗੀਆਂ, ਬਾਥਰੂਮ ਤੇ ਚੇਂਜਿੰਗ ਰੂਮ ਬਣਾਏ ਜਾਣਗੇ ਤੇ ਗਰਾਊਂਡ ਨੂੰ ਮਿਆਰੀ ਬਣਾਉਣ ਲਈ ਵਧੀਆ ਮਿੱਟੀ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਸਟੇਡੀਅਮ ਨਹੀਂ, ਸਗੋਂ ਪਿੰਡ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਕੇਂਦਰ ਬਣੇਗਾ। ਇਥੇ ਭਵਿੱਖ ਵਿਚ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤਾਂ ਜੋ ਨੌਜਵਾਨ ਆਪਣੀ ਪ੍ਰਤਿਭਾ ਨੂੰ ਸਾਬਤ ਕਰ ਸਕਣ ਤੇ ਰਾਜ ਤੇ ਦੇਸ਼ ਪੱਧਰ ‘ਤੇ ਨਾਮ ਕਮਾ ਸਕਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਹਰ ਪਿੰਡ ਵਿਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਪੀਏ ਲਵਪ੍ਰੀਤ ਸਿੰਘ, ਵਾਇਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਸੁਲਤਾਨਪੁਰ ਲੋਧੀ ਪਵਨ ਕੁਮਾਰ (ਲਾਲਾ) ਤੇ ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਨੇ ਵੀ ਇਸ ਉਪਰਾਲੇ ਦਾ ਖੁੱਲ੍ਹ ਕੇ ਸਵਾਗਤ ਕੀਤਾ ਤੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਸਹੂਲਤਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਪ੍ਰੋਜੈਕਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਵੀ ਮਦਦਗਾਰ ਸਾਬਤ ਹੋਵੇਗਾ ਤੇ ਪਿੰਡ ਵਿਚ ਸਿਹਤਮੰਦ ਵਾਤਾਵਰਣ ਬਣੇਗਾ ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਧੰਨਵਾਦ ਕੀਤਾ। ਇਸ ਮੌਕੇ ਪੀਏ ਲਵਪ੍ਰੀਤ ਸਿੰਘ,ਪਵਨ ਕੁਮਾਰ ਲਾਲਾ, ਬਲਾਕ ਸੰਮਤੀ ਮੈਂਬਰ ਸਰਵਨ ਸਿੰਘ,ਬਲਾਕ ਸੰਮਤੀ ਮੈਂਬਰ ਬਾਬਾ ਹੁਸ਼ਿਆਰ ਸਿੰਘ, ਸੁਖਜਿੰਦਰ ਸਿੰਘ ਮੈਂਬਰ ਪੰਚਾਇਤ, ਰਣਧੀਰ ਸਿੰਘ ਧੀਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗੁਲਸ਼ਨਪ੍ਰੀਤ ਸਿੰਘ, ਸੁਖਦੇਵ ਸਿੰਘ ਸੰਧਾ, ਡਾ. ਨਛੱਤਰ ਲਾਲ, ਮਨਜੀਤ ਸਿੰਘ, ਸੁਖਦੇਵ ਲਾਲ (ਕਬੱਡੀ ਖਿਡਾਰੀ), ਨਵਰਾਜ ਸਿੰਘ, ਸੁਖਵਿੰਦਰ ਸਿੰਘ, ਅਨਮੋਲ ਸਿੰਘ, ਜਸਪਾਲ ਸਿੰਘ ਪਾਲਾ, ਸੰਨੀ, ਰਾਜ ਬਹਾਦਰ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਸੋਨੂ, ਹਰਨੇਕ ਸਿੰਘ ਆਦਿ ਮੌਜੂਦ ਸਨ।