ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਫ਼ਿਲਮ ‘ਘੂਸਖੋਰ ਪੰਡਿਤ’ : ਲਵਲੀ ਸ਼ਰਮਾ
ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਫ਼ਿਲਮ ‘ਘੂਸਖੋਰ ਪੰਡਿਤ’ : ਲਵਲੀ ਸ਼ਰਮਾ
Publish Date: Sat, 07 Feb 2026 07:44 PM (IST)
Updated Date: Sat, 07 Feb 2026 07:47 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਵਿਵਾਦਿਤ ਸਿਰਲੇਖ ਵਾਲੀ ਫ਼ਿਲਮ ‘ਘੂਸਖੋਰ ਪੰਡਿਤ’ ਦੇ ਨਾਮ ਤੇ ਕਥਿਤ ਵਿਸ਼ਾ ਵਸਤੂ ਨੂੰ ਲੈ ਕੇ ਪਰਸ਼ੂਰਾਮ ਸੈਨਾ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਹਰਿਓਮ ਸ਼ਰਮਾ ਲਵਲੀ ਨੇ ਇਸ ਫ਼ਿਲਮ ਨੂੰ ਬ੍ਰਾਹਮਣ ਸਮਾਜ ਤੇ ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਦੇ ਹੋਏ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦਾ ਸਿਰਲੇਖ ਹੀ ਇਹ ਸਪਸ਼ਟ ਕਰਦਾ ਹੈ ਕਿ ਇਸ ਵਿਚ ‘ਪੰਡਿਤ’ ਵਰਗੇ ਪਵਿੱਤਰ ਤੇ ਸਨਮਾਨਿਤ ਸ਼ਬਦ ਨੂੰ ਜਾਣਬੁੱਝ ਕੇ ਅਪਮਾਨਜਨਕ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਰੋੜਾਂ ਸਨਾਤਨੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਲਵਲੀ ਸ਼ਰਮਾ ਨੇ ਕਿਹਾ ਕਿ ਪੰਡਿਤ ਸਮਾਜ ਸਦੀਆਂ ਤੋਂ ਧਰਮ, ਸਭਿਆਚਾਰ, ਸਿੱਖਿਆ ਤੇ ਸੰਸਕਾਰਾਂ ਦਾ ਵਾਹਕ ਰਿਹਾ ਹੈ, ਪਰ ਕੁਝ ਕਥਿਤ ਫ਼ਿਲਮ ਨਿਰਮਾਤਾ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਲਈ ਵਾਰ-ਵਾਰ ਸਨਾਤਨ ਪ੍ਰਤੀਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਸੁਚੱਜੀ ਮਾਨਸਿਕ ਹਿੰਸਾ ਦੀ ਮਿਸਾਲ ਵੀ ਹੈ। ਪਰਸ਼ੁਰਾਮ ਸੈਨਾ ਨੇ ਸਵਾਲ ਉਠਾਇਆ ਕਿ ਕੀ ਕਿਸੇ ਹੋਰ ਧਰਮ ਦੇ ਪਵਿੱਤਰ ਅਹੁਦੇ ਜਾਂ ਪਹਿਚਾਣ ਨੂੰ ਇਸ ਤਰ੍ਹਾਂ ਨਕਾਰਾਤਮਕ ਰੂਪ ਵਿਚ ਦਰਸਾਉਣ ਦੀ ਹਿੰਮਤ ਕੋਈ ਕਰ ਸਕਦਾ ਹੈ? ਜੇ ਨਹੀਂ, ਤਾਂ ਸਿਰਫ਼ ਸਨਾਤਨ ਧਰਮ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ? ਉਨ੍ਹਾਂ ਸਪਸ਼ਟ ਕੀਤਾ ਕਿ ਜੇ ਫ਼ਿਲਮ ਦਾ ਨਾਮ ਤੇ ਸਮੱਗਰੀ ਤੁਰੰਤ ਨਹੀਂ ਬਦਲੀ ਗਈ, ਤਾਂ ਸੰਗਠਨ ਸੂਬੇ ਭਰ ਵਿਚ ਕਾਨੂੰਨੀ ਤੇ ਲੋਕਤੰਤਰਿਕ ਢੰਗ ਨਾਲ ਅੰਦੋਲਨ ਕਰੇਗਾ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ, ਲੇਖਕ ਤੇ ਸਾਰੇ ਕਲਾਕਾਰਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਸਮਾਜਿਕ ਸਹਿਯੋਗ ਭੰਗ ਕਰਨ ਦੇ ਦੋਸ਼ਾਂ ਹੇਠ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਸਨਾਤਨ ਸਮਾਜ ਸਹਿਣਸ਼ੀਲ ਜ਼ਰੂਰ ਹੈ, ਪਰ ਕਮਜ਼ੋਰ ਨਹੀਂ। ਸਾਡੀ ਆਸਥਾ ਨਾਲ ਖਿਲਵਾੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।