ਲੋਹੜੀ ਦੇ ਤਿਉਹਾਰ ਨਾਲ ਪਿੰਡਾਂ ਤੇ ਸ਼ਹਿਰਾਂ ’ਚ ਖ਼ਾਸ ਰੌਣਕ
ਲੋਹੜੀ ਦੇ ਤਿਉਹਾਰ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਬਜ਼ਾਰਾਂ ਵਿੱਚ ਖ਼ਾਸ ਰੌਣਕ
Publish Date: Fri, 09 Jan 2026 06:48 PM (IST)
Updated Date: Fri, 09 Jan 2026 06:51 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਰੂਹ ਮੰਨਿਆ ਜਾਂਦਾ ਹੈ। ਜਿਵੇਂ ਹੀ ਲੋਹੜੀ ਨੇੜੇ ਆਉਂਦੀ ਹੈ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦੇ ਬਜ਼ਾਰਾਂ ਵਿਚ ਖ਼ਾਸ ਚਹਿਲ-ਪਹਿਲ ਵੇਖਣ ਨੂੰ ਮਿਲਦੀ ਹੈ। ਹਰ ਪਾਸੇ ਖਰੀਦਦਾਰੀ ਦੀ ਧੁੰਮ, ਰੌਣਕਾਂ ਅਤੇ ਖੁਸ਼ੀਆਂ ਦਾ ਮਾਹੌਲ ਬਣ ਜਾਂਦਾ ਹੈ। ਲੋਹੜੀ ਦੇ ਮੌਕੇ ਲੋਕ ਖ਼ਾਸ ਤੌਰ ‘ਤੇ ਘਰਾਂ ਵਿਚ ਨਵੀਂ ਜੰਮੇ ਬੱਚਿਆਂ ਦੀ ਲੋਹੜੀ ਵੰਡਨ ਲਈ ਮੂੰਗਫਲੀ, ਰਿਓੜੀਆਂ, ਗੱਚਕ, ਤਿਲ ਦੇ ਲੱਡੂ, ਬਿਸਕੁਟ ਅਤੇ ਨਵੇਂ ਕੱਪੜੇ ਖਰੀਦਦੇ ਨਜ਼ਰ ਆ ਰਹੇ ਹਨ। ਇਸ ਮੌਕੇ ਡਡਵਿੰਡੀ ਅਤੇ ਸੁਲਤਾਨਪੁਰ ਲੋਧੀ ਦੇ ਬਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਵੀ ਰਵਾਇਤੀ ਸਮਾਨ ਦੀਆਂ ਦੁਕਾਨਾਂ ਲਗਾਈਆਂ ਗਈਆਂ ਹਨ, ਜਿਥੇ ਹਰ ਵਰਗ ਦੇ ਲੋਕਾਂ ਦੀ ਭੀੜ੍ਹ ਦਿਖਾਈ ਦੇ ਰਹੀ ਹੈ। ਪੰਜਾਬੀ ਸੱਭਿਆਚਾਰ ਅਨੁਸਾਰ ਲੋਹੜੀ ਸਿਰਫ਼ ਅੱਗ ਦੇ ਗੇੜੇ ਲੈਣ ਜਾਂ ਗੀਤ ਗਾਉਣ ਤੱਕ ਸੀਮਿਤ ਨਹੀਂ, ਸਗੋਂ ਇਹ ਪਰਿਵਾਰਕ ਸਾਂਝ, ਸਮਾਜਿਕ ਰਿਸ਼ਤਿਆਂ ਅਤੇ ਖੁਸ਼ੀਆਂ ਨੂੰ ਵੰਡਣ ਦਾ ਪ੍ਰਤੀਕ ਹੈ। ਖ਼ਾਸ ਕਰਕੇ ਕੁੜੀਆਂ ਦੀ ਲੋਹੜੀ ਮਨਾਉਣਾ ਇਸ ਗੱਲ ਦਾ ਸਬੂਤ ਹੈ ਕਿ ਹੁਣ ਸਮਾਜ ਵਿਚ ਧੀ ਨੂੰ ਮਾਣ ਅਤੇ ਸਨਮਾਨ ਮਿਲ ਰਿਹਾ ਹੈ ਪਿੰਡਾਂ ਵਿਚ ਸ਼ਾਮ ਹੁੰਦੇ ਹੀ ਅੱਗ ਬਾਲੀ ਜਾਂਦੀ ਹੈ, ਲੋਕ ਇਕੱਠੇ ਹੋ ਕੇ ਲੋਕ-ਗੀਤ ਗਾਉਂਦੇ ਹਨ ਅਤੇ ਇਕ-ਦੂਜੇ ਨੂੰ ਲੋਹੜੀ ਦੀ ਵਧਾਈ ਦਿੰਦੇ ਹਨ। ਸ਼ਹਿਰਾਂ ਵਿਚ ਵੀ ਘਰਾਂ, ਕਲੋਨੀਆਂ ਅਤੇ ਸੋਸਾਇਟੀਆਂ ਵਿਚ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਲੋਹੜੀ ਦੀ ਖੁਸ਼ੀ ਮਨਾਈ ਜਾਂਦੀ ਹੈ। ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਨਾ ਸਿਰਫ਼ ਰੁੱਤਾਂ ਦੇ ਬਦਲਾਅ ਦੀ ਖ਼ੁਸ਼ੀ ਹੈ, ਸਗੋਂ ਪੰਜਾਬੀ ਸੱਭਿਆਚਾਰ, ਰਵਾਇਤਾਂ ਅਤੇ ਪਰਿਵਾਰਕ ਪਿਆਰ ਦਾ ਜਿਉਂਦਾ-ਜਾਗਦਾ ਪ੍ਰਤੀਕ ਵੀ ਹੈ।