ਭੁਲੱਥ ਬਾਈਪਾਸ ‘ਤੇ ਥੜੇ ਤੇ ਖੰਭੇ ਆਵਾਜਾਈ ’ਚ ਪਾ ਰਹੇ ਰੁਕਾਵਟ
ਭੁਲੱਥ ਬਾਈਪਾਸ ‘ਤੇ ਬਣੇ ਥੜੇ ਤੇ ਖੰਭੇ ਬਣੇ ਆਵਾਜਾਈ ਲਈ ਮੁਸ਼ਕਿਲ
Publish Date: Sat, 07 Mar 2026 07:41 PM (IST)
Updated Date: Sat, 07 Mar 2026 07:45 PM (IST)

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਸੰਘਣੀ ਅਬਾਦੀ ਵਾਲੇ ਕਸਬਾ ਭੁਲੱਥ ਵਿਚ ਰੋਜ਼ਾਨਾ ਲੱਗਣ ਵਾਲੇ ਟਰੈਫਿਕ ਜਾਮ ਕਾਰਨ ਕੇਵਲ ਭੁਲੱਥ ਨਿਵਾਸੀ ਨਹੀਂ ਸਗੋਂ ਇਲਾਕਾ ਨਿਵਾਸੀ ਵੀ ਪ੍ਰੇਸ਼ਾਨ ਹਨ ਕਿਉਂਕਿ ਸਬ ਡਵੀਜ਼ਨ, ਤਹਿਸੀਲ ਤੇ ਹੋਰ ਸਰਕਾਰੀ ਅਦਾਰੇ ਇਥੇ ਹੋਣ ਕਰਕੇ ਆਵਾਜਾਈ ਕਾਫੀ ਹੈ। ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਕਰਤਾਰਪੁਰ ਤੋਂ ਨਡਾਲਾ–ਬੇਗੋਵਾਲ ਸੜਕ ਤੱਕ ਇਕ ਨਵਾਂ ਬਾਈਪਾਸ ਬਣਾਇਆ ਜਾਵੇ, ਜੋ ਭੋਗਪੁਰ ਤੇ ਹਮੀਰਾ ਵੱਲ ਜਾਣ ਵਾਲੇ ਵਾਹਨਾਂ ਲਈ ਵੀ ਰਾਹਤ ਸਾਬਤ ਹੋ ਸਕੇ। ਹਾਲਾਂਕਿ ਇਹ ਮੰਗ ਹਾਲੇ ਤੱਕ ਪੂਰੀ ਨਹੀਂ ਹੋ ਸਕੀ ਤੇ ਪੂਰੀ ਹੋਣੀ ਮੁਸ਼ਕਿਲ ਹੈ। ਇਨ੍ਹਾਂ ਹਲਾਤਾਂ ਵਿਚ ਸ਼ਹਿਰ ਦੇ ਨਡਾਲਾ ਅੱਡੇ ਤੋਂ ਕਸਬਾ ਭੋਗਪੁਰ ਨੂੰ ਜਾਣ ਲਈ ਬਣੇ ਬਾਈਪਾਸ ਨੂੰ ਲੋਕਾਂ ਲਈ ਵੱਡੀ ਰਾਹਤ ਮੰਨਿਆ ਜਾਂਦਾ ਹੈ, ਪਰ ਇਥੇ ਕੁਝ ਘਰਾਂ ਅੱਗੇ ਉਸਾਰੇ ਨਜਾਇਜ਼ ਥੜੇ ਆਵਾਜਾਈ ’ਚ ਵੱਡੀ ਰੁਕਾਵਟ ਬਣ ਰਹੇ ਹਨ ਤੇ ਇਸ ਤੋਂ ਇਲਾਵਾ ਬਾਈਪਾਸ ਦੇ ਕਿਨਾਰਿਆਂ ਤੇ ਅੰਦਰ ਵੱਲ ਲੱਗੇ ਬਿਜਲੀ ਬੋਰਡ ਦੇ ਖੰਭੇ ਵੀ ਸਮੱਸਿਆ ਪੈਦਾ ਕਰ ਰਹੇ ਹਨ। ਇਸ ਨਾਲ ਕਿਸੇ ਸਮੇਂ ਹਾਦਸਾ ਵੀ ਵਾਪਰ ਸਕਦਾ ਹੈ ਤੇ ਨੁਕਸਾਨ ਵੀ ਹੋ ਸਕਦਾ ਹੈ। ਪਿਛਲੇ ਸਾਲ ਇਸ ਮਸਲੇ ਨੂੰ ਲੈ ਕੇ ਮੌਜੂਦਾ ਪੰਚਾਇਤ ਵੱਲੋਂ ਵੀ ਸੁਰ ਕੱਢੇ ਗਏ ਸਨ, ਪਰ ਇਸ ਬਾਰੇ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ ਤੇ ਨਾ ਹੀ ਬਾਈਪਾਸ ਨਿਵਾਸੀਆਂ ਵੱਲੋਂ ਗੰਭੀਰਤਾ ਦਿਖਾਈ ਗਈ। ਉਲਟਾ ਆਵਾਜਾਈ ਲਈ ਬਣਦੀ ਰੁਕਾਵਟ ਤੋਂ ਜਾਣੂ ਹੋਣ ਦੇ ਬਾਵਜੂਦ ਥੜੇ ਘਰਾਂ ਵਾਲੇ ਹੱਦ ਅੰਦਰ ਨਹੀਂ ਕਰ ਰਹੇ। ਸ਼ਹਿਰੀ ਨਿਵਾਸੀਆਂ ਦੇ ਨਾਲ ਨਾਲ ਲਾਗਲੇ ਪਿੰਡਾਂ ਦੇ ਮੋਹੁਤਬਰ ਵਿਅਕਤੀਆਂ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਬਾਈਪਾਸ ਤੋਂ ਲੰਘਣਾ ਵੀ ਸ਼ਹਿਰ ਵਿਚੋਂ ਲੰਘਣ ਵਰਗਾ ਹੀ ਬਣ ਗਿਆ ਹੈ, ਕਿਉਂਕਿ ਨਾਜਾਇਜ਼ ਥੜਿਆਂ ਤੇ ਬੇਤਰਤੀਬ ਲੱਗੇ ਖੰਭਿਆਂ ਕਾਰਨ ਇਕ ਸਮੇਂ ਸਿਰਫ਼ ਇਕ ਹੀ ਵਾਹਨ ਲੰਘ ਸਕਦਾ ਹੈ, ਜਦਕਿ ਚੌੜਾਈ ਮੁਤਾਬਕ ਦੋ ਵਾਹਨ ਆਸਾਨੀ ਨਾਲ ਲੰਘ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਬਾਈਪਾਸ ਦੀ ਸਹੀ ਵਰਤੋਂ ਯਕੀਨੀ ਬਣਾਉਣ ਤੇ ਸ਼ਹਿਰ ਦੀ ਤਰੱਕੀ ਲਈ ਆਵਾਜਾਈ ਪ੍ਰਬੰਧ ਸੁਧਾਰਿਆ ਜਾਵੇ। ਇਸ ਲਈ ਨਾਜਾਇਜ਼ ਥੜਿਆਂ ਨੂੰ ਘਰਾਂ ਦੀ ਹੱਦ ਅੰਦਰ ਕਰਵਾਇਆ ਜਾਵੇ ਤੇ ਬਿਜਲੀ ਦੇ ਖੰਭੇ ਸੜਕ ਦੇ ਕਿਨਾਰੇ ਲਗਾਏ ਜਾਣ, ਤਾਂ ਜੋ ਆਵਾਜਾਈ ਆਸਾਨ ਬਣ ਸਕੇ।