ਅਧਿਆਪਕਾਂ ਤੋਂ ਸੱਖਣੀ ਸਿੱਖਿਆ ਕ੍ਰਾਂਤੀ ਨੇ ਕੀਤਾ ਲੋਕਾਂ ਦਾ ਮੋਹ ਭੰਗ
ਅਧਿਆਪਕਾਂ ਤੋਂ ਸੱਖਣੀ ਸਿੱਖਿਆ ਕ੍ਰਾਂਤੀ ਨੇ ਕੀਤਾ ਲੋਕਾਂ ਦਾ ਮੋਹ ਭੰਗ
Publish Date: Fri, 17 Apr 2026 06:48 PM (IST)
Updated Date: Fri, 17 Apr 2026 06:51 PM (IST)

- ਮਹਿੰਗੀਆਂ ਨਿੱਜੀ ਸਿੱਖਿਆ ਸੰਸਥਾਵਾਂ ਨਾਲ ਮਾਪਿਆਂ ਦਾ ਸਮਾਜਿਕ ਸਨਮਾਨ ਹੈ ਬਣਦਾ ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਦੇ ਖੇਤਰ ਵਿਚ ਆਧੁਨਿਕਤਾ ਦੇ ਇਸ ਦੌਰ ਵਿਚ ਮਨੁੱਖ ਆਪਣੇ ਆਪ ਨੂੰ ਗਲੋਬੀਕਲ ਸੋਚ ਦਾ ਹਾਣੀ ਬਣਾਉਣ ਲਈ ਨਹੀਂ, ਬਲਕਿ ਹਰ ਕੋਈ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਦੇ ਮਹੱਤਵ ਨੂੰ ਸਮਝਦਿਆਂ ਆਪਣੇ ਬੱਚਿਆਂ ਨੂੰ ਲੱਖ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਆਪਣੀ ਮਾਂ ਬੋਲੀ ਤੋਂ ਪਾਸਾ ਵੱਟਦਿਆਂ ਅੰਗਰੇਜ਼ੀ ਮਾਧਿਅਮ ਸਕੂਲਾਂ ਨੂੰ ਪਹਿਲ ਦੇ ਰਿਹਾ ਹੈ। ਗੱਲ ਇਹ ਹੈ ਕਿ ਸੂਬਿਆਂ ਦੀਆਂ ਸਰਕਾਰਾਂ ਸਿੱਖਿਆ ਤੰਤਰ ਨੂੰ ਮਾਂ ਬੋਲੀ ਰਾਹੀਂ ਸਫ਼ਲ ਕਰਨ ਦੀ ਬਜਾਏ ਅਸਫ਼ਲ ਹੋ ਰਹੀਆਂ ਹਨ। ਹਰ ਸੂਬਾ ਸਰਕਾਰ ਆਪਣੇ ਸੂਬੇ ਦੇ ਬੱਚਿਆਂ ਨੂੰ ਪ੍ਰਾਇਮਰੀ, ਸੈਕੰਡਰੀ, ਹਾਇਰ ਐਜੂਕੇਸ਼ਨ ਦੇਣ ਲਈ ਪ੍ਰਤੀਬੱਧਤਾ ਦਿਖਾਉਣ ਲਈ ਸਿੱਖਿਆ ਕ੍ਰਾਂਤੀ ਦੇ ਦਾਅਵੇ ਅਤੇ ਵਾਅਦੇ ਕਰਦੀਆਂ ਹਨ ਪਰ ਵਾਸਤਵਿਕਤਾ ਇਹ ਹੈ ਕਿ ਖਾਸ ਅਮੀਰ ਲੋਕਾਂ ਦਾ ਹੀ ਨਹੀਂ ਆਮ ਲੋਕਾਂ ਦਾ ਵੀ ਸਰਕਾਰੀ ਸਿੱਖਿਆ ਤੰਤਰ ਤੋਂ ਮੋਹ ਭੰਗ ਹੋ ਰਿਹਾ ਹੈ। ਅੱਜ ਸਮਾਜ ਵਿਚ ਬੜੀ ਵੱਡੀ ਬਹਿਸ ਚੱਲ ਰਹੀ ਹੈ ਕਿ ਇੱਕ ਪਾਸੇ ਸਰਕਾਰਾਂ ਨੇ ਆਪਣੇ ਨਾਗਰਿਕਾਂ ਦੇ 6 ਤੋਂ 14 ਸਾਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਜਿੱਥੇ ਫੀਸ/ਫੰਡ ਖਤਮ ਕੀਤੇ ਹਨ ਉੱਥੇ ਸੰਤੁਲਿਤ ਮਿਡ-ਡੇ-ਮੀਲ, ਵਰਦੀਆਂ ਅਤੇ ਕਿਤਾਬਾਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਸਕੂਲਾਂ ਤੋਂ ਬਾਹਰ ਬੈਠੇ ਬੱਚਿਆਂ ਨੂੰ ਵੀ ਸਕੂਲ ਲਿਆਂਦਾ ਜਾ ਸਕੇ। ਸਰਕਾਰਾਂ ਦੀਆਂ ਇੰਨੀਆਂ ਪਵਿੱਤਰ ਅਤੇ ਸਮਰਪਿਤ ਭਾਵਨਾਵਾਂ ਦੇ ਹੁੰਦੇ ਹੋਏ ਵੀ ਲੋਕ ਸਰਕਾਰੀ ਸਕੂਲਾਂ ਵੱਲ ਮੁੜ ਨਹੀਂ ਰਹੇ ਹਨ, ਬਹੁਤ ਵੱਡੇ ਇਹ ਸਵਾਲ ਜਵਾਬ ਮੰਗਦੇ ਹਨ। ਸਰਕਾਰੀ ਸਿੱਖਿਆ ਤੰਤਰ ਦੀਆਂ ਸਫਲਤਾ ਦੇ ਦਮਗਜ਼ੇ ਮਾਰਨ ਵਾਲੀ ਸਰਕਾਰਾਂ ਦੇ ਸਰਕਾਰੀ ਕਰਮਚਾਰੀ, ਅਧਿਕਾਰੀ, ਵਿਧਾਇਕ ਅਤੇ ਸੰਸਦ ਮੈਂਬਰ ਵੀ ਸਰਕਾਰੀ ਸਿੱਖਿਆ ਸੰਸਥਾਵਾਂ ਦੀ ਬਜਾਏ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਹੀ ਪਹਿਲ ਦਿੰਦੇ ਹਨ, ਆਖਿਰ ਕਿਉਂ, ਕੀ ਇਹ ਬੱਚਿਆਂ ਦੇ ਚੰਗੇ ਭਲਕ ਲਈ ਸਮਾਜਿਕ ਚੇਤਨਾ ਹੈ ਜਾਂ ਫਿਰ ਪੈਸੇ ਨੂੰ ਸਮਾਜਿਕ ਰੁਤਬਾ ਬਣਾਉਣ ਦੀ ਹੀਣ ਭਾਵਨਾ ਮਹਿੰਗੇ ਨਿੱਜੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਉਣਾ ਹੀ ਬੌਧਿਕ ਕੰਗਾਲੀ ਨੂੰ ਸਾਬਿਤ ਕਰ ਰਿਹਾ ਹੈ, ਪਰ ਜਦੋਂ ਅਸੀਂ ਕਾਰਨ ਅਤੇ ਪ੍ਰਭਾਵ ਦੇ ਸਿਧਾਂਤ ਅਨੁਸਾਰ ਮੁਲਾਂਕਣ ਕਰਦੇ ਹਾਂ ਤਾਂ ਬਹੁਤ ਕੁਝ ਸਾਹਮਣੇ ਆਉਂਦਾ ਹੈ। ਜਦੋਂ ਆਮ ਲੋਕ ਜੋ ਨਿੱਜੀ ਸਿੱਖਿਆ ਸੰਸਥਾਵਾਂ ਦੀ ਮ੍ਰਿਗ ਤ੍ਰਿਸ਼ਨਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਟੇਟਸ ਖਾਤਰ ਨਿੱਜੀ ਸਕੂਲਾਂ ਵਿਚ ਆਪਣੇ ਬੱਚੇ ਦਾਖਲ ਵੀ ਕਰਵਾਉਂਦੇ ਹਨ ਅਤੇ ਥੋਪੀਆਂ ਜਾਂਦੀਆਂ ਅਥਾਹ ਫੀਸਾਂ ਅਤੇ ਫੰਡਾਂ ਦੁਆਰਾ ਹੁੰਦੀ ਕਥਿਤ ਲੁੱਟ ਦਾ ਢੰਡੋਰਾ ਵੀ ਪਿੱਟਦੇ ਹਨ, ਜਦਕਿ ਉਲ਼ਟ ਨਿੱਜੀ ਸਿੱਖਿਆ ਸੰਸਥਾਵਾਂ ਦਾ ਪੱਖ ਇਹ ਹੈ ਕਿ ਉਨ੍ਹਾਂ ਦੀਆਂ ਸੰਸਥਾਵਾਂ ਚੈਰੀਟੇਬਲ ਟਰੱਸਟ ਨਹੀਂ ਹਨ, ਬਲਕਿ ਬੱਚਿਆਂ ਲਈ ਆਧੁਨਿਕ ਸਹੂਲਤਾਂ ਵਾਲੀਆਂ ਇਮਾਰਤਾਂ, ਜਮਾਤ ਕਮਰੇ, ਫਰਨੀਚਰ, ਬਿਜਲੀ ਪਾਣੀ, ਵਾਹਨ, ਉੱਚ ਸਿੱਖਿਅਤ ਅਧਿਆਪਕ ਅਤੇ ਹੋਰ ਸਹੂਲਤਾਂ ਦੇਣ ਲਈ ਵੱਡੇ ਬਜਟ ਸਹਿਣ ਕਰਨ ਲਈ ਕੋਈ ਸਰਕਾਰੀ ਇਮਦਾਦ ਨਹੀਂ ਹੁੰਦੀ, ਬਲਕਿ ਬੱਚਿਆਂ ਦੇ ਮਾਪਿਆਂ ਨੂੰ ਹੀ ਫੀਸਾਂ/ਫੰਡਾਂ ਦੇ ਰੂਪ ਵਿੱਚ ਸਹਿਣ ਕਰਨ ਪੈਂਦਾ ਹੈ। ਦੂਸਰੇ ਪਾਸੇ ਜਦੋਂ ਆਣਅਧਿਕਾਰਤ ਫੀਸਾਂ ਤੇ ਫੰਡਾਂ ਤੋਂ ਪੀੜਤ ਲੋਕ ਦੁਹਾਈ ਪਾਉਂਦੇ ਹਨ ਤਾਂ ਸਰਕਾਰੀ ਅਧਿਕਾਰੀਆਂ ਦਾ ਲੱਖ ਵਰਗਾ ਇੱਕੋ ਤਰਕ ਜਾਂ ਜਵਾਬ ਹੁੰਦਾ ਹੈ ਕਿ ਜੇਕਰ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਬੱਚੇ ਨਿੱਜੀ ਸਕੂਲਾਂ ਵਿੱਚ ਕਿਉਂ ਭੇਜੇ ਜਾਂਦੇ ਹਨ। ਜਦੋਂ ਇਹੀ ਸਵਾਲ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਜਦੋਂ ਸਰਕਾਰੀ ਸਿੱਖਿਆ ਤੰਤਰ ਮੁਫ਼ਤ ਅਤੇ ਕ੍ਰਾਂਤੀਕਾਰੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਤਾਂ ਤੁਹਾਡੇ ਬੱਚੇ ਕਿਉਂ ਪੜ੍ਹ ਰਹੇ ਹਨ, ਬਹੁਤਿਆਂ ਦਾ ਉੱਤਰ ਹੁੰਦਾ ਹੈ ਕਿ ਅੱਜ ਦੇ ਬੱਚੇ ਨੂੰ ਗਲੋਬਲੀਕਰਨ ਸੋਚ ਦਾ ਹਾਣੀ ਬਣਾਉਣ ਲਈ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਪੜ੍ਹਾਉਣਾ ਮਜਬੂਰੀ ਹੈ। ਜਦੋਂ ਆਮ ਆਦਮੀ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਤਾਂ ਉਨ੍ਹਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਸਰਕਾਰਾਂ ਜੋ ਦਾਅਵੇ ਕਰਦੀਆਂ ਹਨ, ਉਹ ਅਸਲੀਅਤ ਤੋਂ ਬਹੁਤ ਦੂਰ ਹੈ। ਪੰਜਾਬ ਦੇ ਸੈਂਕੜੇ ਪ੍ਰਾਇਮਰੀ ਸਕੂਲ ਸਿੰਗਲ ਟੀਚਰ ਸਕੂਲ ਹਨ, ਜੋ ਪੰਜ ਜਮਾਤਾਂ ਨੂੰ ਨਹੀਂ ਪੜ੍ਹਾ ਸਕਦੇ, ਅਧਿਆਪਕਾਂ ਤੋਂ ਸੱਖਣੇ ਸਕੂਲਾਂ ਵਿਚ ਮਿਲਦੀਆਂ ਹੋਰ ਮੁਫ਼ਤ ਸਹੂਲਤਾਂ ਕਿਸ ਕੰਮ ਹਨ। ਮਿਡਲ, ਹਾਈ, ਸੈਕੰਡਰੀ ਸਕੂਲਾਂ ਵਿਚ ਮੇਜਰ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਦੀ ਅਣਹੋਂਦ ਅਤੇ 65 ਫ਼ੀਸਦੀ ਸਕੂਲ ਮੁਖੀਆਂ ਤੋਂ ਸੱਖਣੇ ਸਕੂਲਾਂ ’ਚ ਜਿਹੜੇ ਬੱਚਿਆਂ ਦਾ ਵਰਤਮਾਨ ਹੀ ਸੁਰੱਖਿਅਤ ਨਹੀਂ ਹੈ ਉੱਥੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਆਸ ਵੀ ਕਿੱਥੋਂ ਅਤੇ ਕਿਵੇਂ ਕੀਤੀ ਜਾ ਸਕਦੀ ਹੈ। ਨਿੱਜੀ ਸਿੱਖਿਆ ਸੰਸਥਾਵਾਂ ’ਤੇ ਜ਼ਿਆਦਾਤਰ ਫੀਸਾਂ ਅਤੇ ਫੰਡਾਂ ਦਾ ਦੋਸ਼ ਤਾਂ ਲਾਇਆ ਜਾਂਦਾ ਹੈ ਪਰ ਉਨ੍ਹਾਂ ਸੰਸਥਾਵਾਂ ਵੱਲੋਂ ਝੱਲੇ ਜਾਂਦੇ ਖਰਚ ਦੀ ਭਰਪਾਈ ਕਿੱਥੋਂ ਹੋਵੇ, ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ। ਨਿੱਜੀ ਸਿੱਖਿਆ ਸੰਸਥਾਵਾਂ ਵਿੱਚ ਮਾਹਿਰ ਅਤੇ ਉੱਚ ਯੋਗਤਾ ਵਾਲੇ ਅਧਿਆਪਕਾਂ ਨੂੰ ਬਣਦੀ ਤਨਖਾਹ ਦੇਣ ਦੀ ਅਸਮਰੱਥਾ ਕਾਰਨ ਹੀ ਅਯੋਗ ਅਧਿਆਪਕਾਂ ਦੀ ਘੱਟ ਜਾਂ ਮਾਮੂਲੀ ਤਨਖਾਹਾਂ ਦੇ ਕੇ ਬੇਰੁਜ਼ਗਾਰੀ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉੱਚ ਸਿੱਖਿਅਕ ਮਹਿੰਗੇ ਅਧਿਆਪਕਾਂ ਦੀ ਘਾਟ ਕਾਰਨ ਹੀ ਮਾਪਿਆਂ ਨੂੰ ਟਿਊਸ਼ਨਾਂ ਪੜ੍ਹਾਉਣ ਦੇ ਕਲਚਰ ਦੀ ਦੋਹਰੀ ਮਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਰ ਅੱਜ ਦੀ ਤਰੀਕ ਵਿੱਚ ਜੋ ਕੰਧ ਉੱਤੇ ਲਿਖਿਆ ਸੱਚ ਇਹੀ ਹੈ ਕਿ ਜੇਕਰ ਆਪਣੇ ਸਿੱਖਿਆ ਦੇ ਅਧਿਕਾਰਾਂ ਖ਼ਾਤਰ ਸਰਕਾਰੀ ਸਿੱਖਿਆ ਤੰਤਰ ਖ਼ਿਲਾਫ਼ ਅਸੀਂ ਖੜ੍ਹਨਾ ਅਤੇ ਲੜਨਾ ਨਹੀਂ ਚਾਹੁੰਦੇ ਤਾਂ ਨਿੱਜੀ ਸਿੱਖਿਆ ਸੰਸਥਾਵਾਂ ਦਾ ਬੋਝ ਮੰਨਣ ਦੀ ਬਜਾਏ ਅਹਿਸਾਨ ਮੰਨ ਕੇ ਬਣਦੀਆਂ ਫੀਸਾਂ ਫੰਡਾਂ ਦਾ ਭੁਗਤਾਨ ਵੀ ਖੁਸ਼ੀ-ਖੁਸ਼ੀ ਕਰਨਾ ਚਾਹੀਦਾ ਹੈ। ਨਿੱਜੀ ਸਿੱਖਿਆ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉੱਚ ਸਿੱਖਿਅਤ ਅਧਿਆਪਕ ਵਰਗ ਨੂੰ ਬਣਦਾ ਮਾਣ ਸਨਮਾਨ ਦੇਣ ਮਾਣਯੋਗ ਵੇਤਨ/ ਤਨਖਾਹ ਮਿਲਣੀ ਚਾਹੀਦੀ ਹੈ। ਫੀਸਾਂ ਫੰਡਾਂ ਨੂੰ ਚੌਗੁਣਾ ਵੀ ਕੀਤਾ ਜਾਵੇ ਤਾਂ ਉਹ ਬੱਚਿਆਂ ਦੇ ਚੰਗੇਰੇ ਭਲਕ ਦੀ ਕੀਮਤ ਦੇ ਮੁਕਾਬਲੇ ਬਹੁਤ ਘੱਟ ਹੈ। ਵੱਧ ਤੋਂ ਵੱਧ ਫੀਸਾਂ/ਫੰਡਾਂ ਦੀ ਅਦਾਇਗੀ ਜਿੱਥੇ ਸਮਾਜਿਕ ਮਾਣ ਸਨਮਾਨ ਦੀ ਹਊਮੈ ਨੂੰ ਪੱਠੇ ਪਾਵੇਗਾ ਉੱਥੇ ਅਧੂਰੀ ਸਰਕਾਰੀ ਸਿੱਖਿਆ ਪ੍ਰਣਾਲੀ ਖ਼ਿਲਾਫ਼ ਸੰਘਰਸ਼ ਕਰਨਾ ਵੀ ਨਹੀਂ ਪਵੇਗਾ।