- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਯੋਗ ਸੁਪਰੀਮ ਕੋਰਟ ਦਾ ਨਿਰਦੇਸ਼ ਸ਼ਲਾਘਾਯੋਗ,ਖਾਲਸਾ, ਖੇੜਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸ਼ਹਿਰਾਂ ਵਿਚ ਵਧੀ ਹੋਈ ਕੁੱਤਿਆਂ ਦੀ ਆਬਾਦੀ ਕਾਰਨ, ਜਿਥੇ ਆਏ ਦਿਨ ਕਿਸੇ ਨਾ ਕਿਸੇ ਬੱਚੇ, ਬਜ਼ੁਰਗ, ਮਹਿਲਾ, ਨੌਜਵਾਨ ਨੂੰ ਕੁੱਤੇ ਵੱਲੋਂ ਵੱਢ ਲਿਆ ਜਾਂਦਾ ਹੈ। ਕੁੱਤੇ ਦੇ ਵੱਢਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਪਰ ਉਸ ਦੀ ਕੋਈ ਜਵਾਬਦੇਹੀ ਨਹੀਂ ਕਰਦਾ, ਨਾ ਹੀ ਨਗਰ ਨਿਗਮ ਤੇ ਨਾ ਹੀ ਸੂਬਾ ਸਰਕਾਰ ਤੇ ਨਾ ਹੀ ਅਵਾਰਾ ਕੁੱਤਿਆਂ ਨੂੰ ਰੋਟੀ ਖੁਆਉਣ ਵਾਲੇ। ਕੋਈ ਜਵਾਬਦੇਹੀ ਤੈਅ ਨਾ ਹੋਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਵੇਂ ਨਿਰਦੇਸ਼ ਮੁਤਾਬਿਕ ਕੁੱਤਿਆਂ ਨੂੰ ਖਾਣਾ ਖੁਆਉਣ ਵਾਲੇ ਕੁੱਤੇ ਦੇ ਵੱਢਣ ਤੋਂ ਬਾਅਦ ਜਵਾਬਦੇਹ ਠਹਿਰਾਏ ਜਾਣਗੇ। ਜਿਸ ’ਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਦੂਜੇ ਪਾਸੇ ਜੇਕਰ ਕੁੱਤੇ ਦੇ ਵੱਢਣ ਨਾਲ ਕਿਸੇ ਬੱਚੇ, ਬਜ਼ੁਰਗ, ਮਹਿਲਾ ਜਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਸੂਬਾ ਸਰਕਾਰ ਨੂੰ ਵੀ ਉਸਦਾ ਮੁਆਵਜ਼ਾ ਦੇਣਾ ਪਵੇਗਾ। ਹੁਣ ਸ਼ਾਇਦ ਨਗਰ ਨਿਗਮ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਅੱਖਾਂ ਜ਼ਰੂਰ ਖੁੱਲ੍ਹ ਜਾਣ ਕਿ ਲੋਕ ਅਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਹਨ। ਇਸ ਸਬੰਧੀ ਸ਼ਹਿਰ ਦੇ ਵੱਖ-ਵੱਖ ਪਤਵੰਤਿਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਆਪਣੀ ਵੱਖੋ-ਵੱਖਰੀ ਰਾਏ ਦਿੱਤੀ।
ਜਿਹੜਾ ਕੁੱਤਿਆਂ ਨੂੰ ਰੋਟੀ ਖੁਆਏਗਾ, ਉਹੀ ਵੱਢਣ ਲਈ ਵੀ ਜ਼ਿੰਮੇਵਾਰ ਹੋਵੇਗਾ
ਸੈਲਫ ਹੈਲਪ ਗਰੁੱਪ ਜਗਪਾਲਪੁਰ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਸੂਬਾ ਸਰਕਾਰ ਜਾਗ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਬੀਤੇ ਕਈ ਸਾਲਾਂ ਤੋਂ ਉਹ ਅਵਾਰਾ ਕੁੱਤਿਆਂ ਦੇ ਹੱਲ ਲਈ ਆਵਾਜ਼ ਚੁੱਕਦੇ ਆ ਰਹੇ ਹਨ ਪਰ ਇਸਦਾ ਕੋਈ ਵੀ ਸਾਰਥਕ ਨਤੀਜਾ ਨਹੀਂ ਨਿਕਲਿਆ। ਰੋਜ਼ਾਨਾ ਹੀ ਅਵਾਰਾ ਕੁੱਤਿਆਂ ਵੱਲੋਂ ਕਿਸੇ ਨਾ ਕਿਸੇ ਬੱਚੇ, ਬਜ਼ੁਰਗ, ਮਹਿਲਾ ਨੂੰ ਆਪਣਾ ਸ਼ਿਕਾਰ ਬਣਾ ਦਿੱਤਾ ਜਾਂਦਾ ਹੈ ਤੇ ਗੰਭੀਰ ਜ਼ਖ਼ਮੀ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿਚ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਆਏ ਫੈਸਲੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਕਿ ਹੁਣ ਜੇਕਰ ਕੁੱਤੇ ਨੂੰ ਕੋਈ ਰੋਟੀ ਖਆਵੇਗਾ ਤੇ ਉਸ ਕੁੱਤੇ ਵੱਲੋਂ ਕਿਸੇ ਨੂੰ ਵੱਢਿਆ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਰੋਟੀ ਖੁਵਾਉਣ ਵਾਲਾ ਹੋਵੇਗਾ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਇਨ-ਬਿਨ ਸ਼ਹਿਰਾਂ ਤੇ ਪਿੰਡਾਂ ਵਿਚ ਲਾਗੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਪ੍ਰਸ਼ਾਸਨ ਨੂੰ ਇਸ ਫੈਸਲੇ ਨੂੰ ਜ਼ਿੰਮੇਵਾਰੀ ਨਾਲ ਲਾਗੂ ਕਰਵਾਉਣਾ ਚਾਹੀਦਾ
ਸਮਾਜ ਸੇਵਕ ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਲਗਭਗ ਚਾਰ ਸਾਲ ਪੂਰੇ ਹੋ ਚੁੱਕੇ ਹਨ ਪਰ ਲੋਕਾਂ ਲਈ ਕੋਈ ਵੀ ਅਹਿਮ ਫੈਸਲੇ ਨਹੀਂ ਕੀਤੇ ਗਏ। ਹੁਣ ਆਖਿਰਕਾਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਏ ਨਿਰਦੇਸ਼ ਨੂੰ ਜ਼ਰੂਰ ਪੂਰੀ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਹੁਣ ਜੇਕਰ ਕੋਈ ਅਵਾਰਾ ਕੁੱਤੇ ਨੂੰ ਰੋਟੀ ਪਾਵੇਗਾ ਤਾਂ ਉਸ ਕੁੱਤੇ ਦੀ ਜ਼ਿੰਮੇਵਾਰੀ ਵੀ ਉਸ ਉੱਪਰ ਨਿਰਭਰ ਹੁੰਦੀ ਹੈ। ਜੇਕਰ ਉਹ ਕੁੱਤਾ ਕਿਸੇ ਰਾਹਗੀਰ ਨੂੰ ਵੱਢ ਲੈਂਦਾ ਹੈ ਤਾਂ ਉਸਨੂੰ ਰੋਟੀ ਖਵਾਉਣ ਵਾਲਾ ਜਵਾਬਦੇਹ ਠਹਿਰਾਇਆ ਜਾਵੇਗਾ, ਜਿਸ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸ਼ਹਿਰ ਦੇ ਲਗਭਗ ਸਾਰੇ ਹੀ ਪਿੰਡਾਂ ਵਿਚ ਅਵਾਰਾ ਕੁੱਤਿਆਂ ਦੀ ਭਰਮਾਰ ਦਿਖਾਈ ਦੇ ਜਾਵੇਗੀ। ਸਵੇਰ ਸਮੇਂ ਕਿਰਸਾਨੀ ਨਾਲ ਸਬੰਧਤ ਲੋਕ ਆਪਣੇ ਖੇਤਾਂ, ਆਪਣੇ ਪਸ਼ੂਆਂ ਤੇ ਹੋਰ ਕੰਮਾਂ ਲਈ ਤੜਕਸਾਰ ਹੀ ਘਰੋਂ ਨਿਕਲ ਜਾਂਦੇ ਹਨ। ਗੁਰੂ ਘਰਾਂ ਵਿਚ ਜਾਣ ਵਾਲੀਆਂ ਸੰਗਤਾਂ ਵੀ ਸਵੇਰੇ ਤੜਕਸਾਰ ਹੀ ਘਰੋਂ ਜਾਂਦੀਆਂ ਹਨ, ਜਿਨਾਂ ਨੂੰ ਇਹ ਅਵਾਰਾ ਕੁੱਤੇ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਮਾਨਯੋਗ ਸੁਪਰੀਮ ਕੋਰਟ ਵੱਲੋਂ ਆਏ ਇਸ ਅਹਿਮ ਫੈਸਲੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਪ੍ਰਸ਼ਾਸਨ ਨੂੰ ਨਿਭਾਉਣਾ ਚਾਹੀਦਾ ਹੈ ਤੇ ਅਵਾਰਾ ਕੁੱਤਿਆਂ ਦੇ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ।