ਪੰਜਾਬ ’ਤੇ ਵਧੀ ਕਰਜ਼ੇ ਦੀ ਪੰਡ, ਕਾਂਗਰਸ ਨੇ ਘੇਰੀ ਆਪ ਸਰਕਾਰ
ਪੰਜਾਬ ਤੇ ਵਧੀ ਕਰਜੇ ਦੀ ਪੰਡ,ਕਾਂਗਰਸ ਨੇ ਘੇਰੀ ਆਪ ਸਰਕਾਰ
Publish Date: Tue, 21 Apr 2026 09:55 PM (IST)
Updated Date: Tue, 21 Apr 2026 09:58 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਗੇ ਪਰ ਹੋਇਆ ਇਸ ਦੇ ਉਲਟ। ਪੰਜਾਬ ਸੋਨੇ ਦੀ ਚਿੜੀ ਤਾਂ ਨਹੀਂ ਬਣ ਸਕਿਆ ਪਰ ਪੰਜਾਬ ’ਤੇ ਕਰਜ਼ੇ ਦੀ ਪੰਡ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਸਾਲਾ ਵਿਚ ਹੀ ਇੰਨਾ ਕਰਜ਼ਾ ਲੈ ਲਿਆ ਜੋਕਿ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿਚ ਵੀ ਨਹੀਂ ਲਿਆ ਸੀ, ਜਿਸ ਦਾ ਭੁਗਤਾਨ ਪੰਜਾਬ ਦੇ ਲੋਕਾਂ ਸਿਰ ਟੈਕਸਾਂ ਦਾ ਭਾਰ ਪਾ ਕੇ ਵਸੂਲਿਆ ਜਾਵੇਗਾ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਸੀਨੀਅਰ ਕਾਂਗਰਸੀ ਆਗੂ ਸ਼ਰਨਜੀਤ ਸਿੰਘ, ਮੀਡੀਆ ਕੋਆਰਡੀਨੇਟਰ ਸੌਰਵ ਸ਼ਰਮਾ, ਮੀਡੀਆ ਇੰਚਾਰਜ ਅਮਿਤ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਕਰੀਬ 20 ਦਿਨਾਂ ਦੇ ਅੰਦਰ ਲਗਭਗ 2,800 ਕਰੋੜ ਰੁਪਏ ਦਾ ਕਰਜ਼ਾ ਉਠਾਇਆ ਹੈ, ਜਿਸ ਵਿਚ 2 ਅਪ੍ਰੈਲ ਨੂੰ ਲਿਆ ਗਿਆ 1,500 ਕਰੋੜ ਰੁਪਏ ਦਾ ਕਰਜ਼ਾ ਵੀ ਸ਼ਾਮਲ ਹੈ, ਜਦਕਿ ਹੁਣ ਮੁੜ 1,300 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਕਰਜ਼ਾ ਲੈ ਕੇ ਸੂਬੇ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਇਹ ਨੀਤੀ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦਬਾ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕੋਲ ਆਮਦਨ ਵਧਾਉਣ ਲਈ ਕੋਈ ਢੁੱਕਵੀਂ ਯੋਜਨਾ ਨਹੀਂ ਹੈ ਤੇ ਵਿਕਾਸ ਦੇ ਨਾਮ ’ਤੇ ਲਿਆ ਜਾ ਰਿਹਾ ਕਰਜ਼ਾ ਭਵਿੱਖ ਵਿਚ ਲੋਕਾਂ ’ਤੇ ਵੱਡਾ ਭਾਰ ਬਣੇਗਾ। ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸੂਬੇ ਨੂੰ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੀ ਮੌਜੂਦਾ ਹਾਲਤ ਨੂੰ ਲੈ ਕੇ ਆਰਥਿਕ ਮੰਚਾਂ ਤੇ ਰਾਜਨੀਤਿਕ ਘੇਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ, ਕਿਉਂਕਿ ਸੂਬੇ ‘ਤੇ ਕਰਜ਼ੇ ਦੀ ਪੰਡ ਲਗਾਤਾਰ ਵਧਦੀ ਜਾ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਾਰ-ਵਾਰ ਕਰਜ਼ਾ ਲੈਣ ਦੀ ਨੀਤੀ ਸੂਬੇ ਦੀ ਆਰਥਿਕਤਾ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਆਗੂਆਂ ਨੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਲੋਕਾਂ ‘ਤੇ ਕਰਾਂ ਦਾ ਬੋਝ ਵਧਣ ਦਾ ਖ਼ਤਰਾ ਵੀ ਬਣਦਾ ਜਾ ਰਿਹਾ ਹੈ ਕਿਉਂਕਿ ਬੀਤੇ ਚਾਰ ਸਾਲਾਂ ਵਿਚ ਸੂਬਾ ਸਰਕਾਰ ਨੇ ਕਰਜ਼ੇ ਦੀ ਪੰਡ ਨੂੰ ਐਨਾ ਵਧਾ ਦਿਤਾ ਹੈ ਕਿ ਉਸਦਾ ਭੁਗਤਾਨ ਆਮ ਲੋਕਾਂ ਨੂੰ ਤੰਗ-ਪਰੇਸ਼ਾਨ ਕਰਕੇ ਹੀ ਕੀਤਾ ਜਾਵੇਗਾ ਜਦਕਿ ਕਰਜ਼ਾ ਉਤਾਰਣ ਲਈ ਸੂਬਾ ਸਰਕਾਰ ਕੋਲ ਕੋਈ ਵੀ ਰੋਡ ਮੈਪ ਨਹੀ ਹੈ। ਸ਼ਰਨਜੀਤ ਸਿੰਘ, ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤਾਂ 4 ਸਾਲ ਵਿਚ ਹੀ ਇਕ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਜਾ ਚੁੱਕਿਆ ਹੈ, ਜਿਸ ਦਾ ਸਾਰਾ ਖਾਮਿਆਜ਼ਾ ਪੰਜਾਬ ਦੇ ਲੋਕਾਂ ਉੱਪਰ ਹੀ ਪਵੇਗਾ ਤੇ ਉਨ੍ਹਾਂ ਨੂੰ ਹੀ ਇਹ ਕਰਜ਼ਾ ਟੈਕਸ ਭਰ ਕੇ ਦੇਣਾ ਪਵੇਗਾ। ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਹਰ ਇਕ ਵਸਨੀਕ ਤੇ ਇਕ ਲੱਖ ਰੁਪਏ ਕਰਜ਼ਾ ਹੈ ਜੋਕਿ ਹੁਣ ਸਵਾ ਲੱਖ ਬਣ ਚੁੱਕਾ ਹੈ।