- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਅਧਿਕਾਰੀਆਂ ਨੇ ਮੰਨਿਆ ਦੁਕਾਨਾਦਾਰਾਂ ਦਾ ਸਮਾਨ ਚੁਕਕੇ ਹੁੰਦੀ ਹੈ ਨਿਲਾਮੀ।

ਖੁਦ ਨਿਗਮ ਅਧਿਕਾਰੀਆਂ ਨੇ ਕੀਤਾ ਖੁਲਾਸਾ
ਸਿਰਫ ਸਰਾਏ ਰੋਡ ਦੇ ਦੁਕਾਨਦਾਰਾਂ ਨੂੰ ਬਣਾਇਆ ਜਾਂਦਾ ਨਿਸ਼ਾਨਾ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਨਗਰ ਨਿਗਮ ਫਗਵਾੜਾ ਹਮੇਸ਼ਾ ਆਪਣੇ ਉਲਟੇ-ਸਿੱਧੇ ਕਾਰਜਾਂ ਕਰਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਇਕ ਪਾਸੇ ਤੇ ਨਿਗਮ ਅਧਿਕਾਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਪੀਲੀ ਲਕੀਰ ਤੋਂ ਬਾਹਰ ਰੱਖਿਆ ਸਮਾਨ ਜ਼ਬਤ ਕੀਤਾ ਜਾਂਦਾ ਹੈ ਅਤੇ ਉਸ ਦੀ ਨਿਲਾਮੀ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਜੇਕਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਹਾਲੇ ਤੱਕ ਪੂਰੇ ਸ਼ਹਿਰ ਅੰਦਰ ਪੀਲੀ ਲਕੀਰ ਲੱਗੀ ਹੀ ਨਹੀਂ ਤੇ ਜਿਥੇ ਲੱਗੀ ਹੋਈ ਹੈ, ਉਥੇ ਅਧੂਰੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ। ਹਮੇਸ਼ਾਂ ਫਗਵਾੜਾ ਦੇ ਦੁਕਾਨਦਾਰਾਂ ਨੂੰ ਹੀ ਸੋਫਟ ਟਾਰਗੇਟ ਬਣਾ ਕੇ ਉਨ੍ਹਾਂ ਦਾ ਸਮਾਨ ਜ਼ਬਤ ਕਰ ਲਿਆ ਜਾਂਦਾ ਹੈ, ਜਦਕਿ ਇਹੀ ਦੁਕਾਨਦਾਰ ਨਗਰ ਨਿਗਮ ਨੂੰ ਹਰ ਸਾਲ ਮੋਟਾ ਟੈਕਸ ਵੀ ਅਦਾ ਕਰਦੇ ਹਨ। ਇਨ੍ਹਾਂ ਦੁਕਾਨਦਾਰਾਂ ਦਾ ਜੋ ਸਮਾਨ ਚੁੱਕਿਆ ਜਾਂਦਾ ਹੈ, ਉਸ ਦੀ ਨਿਗਮ ਅਧਿਕਾਰੀਆਂ ਦੇ ਕਹਿਣ ਮੁਤਾਬਕ ਬਾਅਦ ਵਿਚ ਨਿਲਾਮੀ ਕੀਤੀ ਜਾਂਦੀ ਹੈ। ਨਿਗਮ ਦੀ ਕਾਰਵਾਈ ’ਤੇ ਸਮਾਨ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ ਕਹਾਵਤ ਪੂਰੀ ਢੁੱਕਵੀਂ ਬੈਠਦੀ ਹੈ। ਫਗਵਾੜਾ ਦੇ ਸਰਾਏ ਰੋਡ, ਸਿਨੇਮਾ ਰੋਡ ਆਦਿ ਵਿਚ ਪੀਲੀ ਲਕੀਰ ਲੱਗ ਚੁੱਕੀ ਹੈ, ਜਿਥੇ ਕਿ ਆਏ ਦਿਨ ਨਿਗਮ ਅਧਿਕਾਰੀ ਜਾਂਦੇ ਹਨ ਤੇ ਦੁਕਾਨਦਾਰਾਂ ਦਾ ਸਮਾਨ ਚੁੱਕ ਕੇ ਲੈ ਜਾਂਦੇ ਹਨ।
ਹਾਲਾਂਕਿ ਰੇਲਵੇ ਸਟੇਸ਼ਨ ਫਗਵਾੜਾ ਨੂੰ ਜਾਂਦੇ ਰਾਸਤੇ ’ਤੇ ਵੀ ਪੀਲੀ ਲਕੀਰ ਲੱਗ ਚੁੱਕੀ ਹੈ। ਉੱਥੇ ਰੋਜ਼ਾਨਾ ਸੈਂਕੜੇ ਗੱਡੀਆਂ ਪੀਲੀ ਲਕੀਰ ਤੋਂ ਬਾਹਰ ਖੜੀਆਂ ਰਹਿੰਦੀਆਂ ਹਨ ਪਰ ਨਿਗਮ ਅਧਿਕਾਰੀ ਉਨ੍ਹਾਂ ਗੱਡੀਆਂ ਨੂੰ ਪਤਾ ਨਹੀਂ ਕਿਉਂ ਜ਼ਬਤ ਨਹੀਂ ਕਰਦੇ। ਕੀ ਹਰ ਵਾਰ ਨਿਗਮ ਦੀ ਕਾਰਵਾਈ ਸਿਰਫ ਦੁਕਾਨਦਾਰਾਂ ’ਤੇ ਹੀ ਕੀਤੀ ਜਾਂਦੀ ਰਹੇਗੀ। ਇਕ ਵਾਰ ਫਿਰ ਫਗਵਾੜਾ ਦੇ ਬਾਜ਼ਾਰਾਂ ਵਿਚ ਨਿਗਮ ਅਧਿਕਾਰੀਆਂ ਵੱਲੋਂ ਸਮਾਨ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ। ਇਸੇ ਦੌਰਾਨ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਸਮਾਨ ਦਾ ਨਗਰ ਨਿਗਮ ਕੀ ਕਰਦਾ ਹੈ ਤਾਂ ਅੱਗੋਂ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਸਮਾਨ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਦੀ ਨਿਲਾਮੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਇਸ ਬਿਆਨ ਨੇ ਜਿਥੇ ਹਾਸੋਹੀਣੀ ਸਥਿਤੀ ਪੈਦਾ ਕਰ ਦਿੱਤੀ, ਉੱਥੇ ਹੀ ਨਿਗਮ ਦੀ ਕਾਰਵਾਈ ਵਿਰੁੱਧ ਲੋਕਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਗਿਆ ਕਿ ਇਕ ਪਾਸੇ ਹਰ ਸਾਲ ਮੋਟਾ ਟੈਕਸ ਫਗਵਾੜਾ ਦੇ ਦੁਕਾਨਦਾਰਾਂ ਕੋਲੋਂ ਵਸੂਲਿਆ ਜਾਂਦਾ ਹੈ ਤੇ ਦੂਜੇ ਪਾਸੇ ਉਨ੍ਹਾਂ ਦਾ ਸਮਾਨ ਜ਼ਬਤ ਕਰਕੇ ਉਨ੍ਹਾਂ ਨੂੰ ਹੀ ਨਿਲਾਮ ਕਰਕੇ ਵਾਪਸ ਮੋੜਿਆ ਜਾਂਦਾ ਹੈ•। ਹੁਣ ਸਵਾਲ ਇਹ ਹੈ ਕਿ ਜੋ ਗੁਰੂ ਹਰਗੋਬਿੰਦ ਨਗਰ ਵਿਚ ਬਣੀ ਹੋਈ ਚੌਪਾਟੀ ਹੈ, ਉਸ ’ਤੇ ਨਗਰ ਨਿਗਮ ਕਾਰਵਾਈ ਕਿਉਂ ਨਹੀਂ ਕਰਦਾ ਜਦਕਿ ਉਹ ਤਾਂ ਪੂਰੀ ਤਰਾਂ ਨਿਗਮ ਦੀ ਪਾਰਕਿੰਗ ਵਾਲੀ ਜਗ੍ਹਾ ’ਤੇ ਬਣੀ ਹੋਈ ਹੈ। ਕੀ ਤਹਿਬਜ਼ਾਰੀ ਟੀਮ ਨੂੰ ਫਗਵਾੜਾ ਗੁਰੂ ਹਰਗੋਬਿੰਦ ਨਗਰ ਚੌਪਾਟੀ ਵਿਚੋਂ ਕੁਝ ਹਿੱਸਾ ਪੱਤੀ ਪਹੁੰਚਦਾ ਹੈ, ਜੋ ਉਸ ਚੌਪਾਟੀ ’ਤੇ ਕਾਰਵਾਈ ਨਹੀਂ ਹੁੰਦੀ, ਜਦਕਿ ਛੋਟੇ ਦੁਕਾਨਦਾਰਾਂ ਦਾ ਸਮਾਨ ਤੇ ਸਭ ਤੋਂ ਛੇਤੀ ਚੁੱਕ ਲਿਆ ਜਾਂਦਾ ਹੈ।
ਨਗਰ ਨਿਗਮ ਫਗਵਾੜਾ ਲੁੱਟ ਦਾ ਅੱਡਾ ਬਣਿਆ : ਸਾਥੀ
ਇਸ ਸਬੰਧੀ ਜਦੋਂ ਆਰਟੀਆਈ ਐਕਟੀਵਿਸਟ ਗੁਰਮੀਤ ਸਿੰਘ ਸਾਥੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਦੁਕਾਨਦਾਰਾਂ ਦਾ ਸਮਾਨ ਚੁੱਕਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ। ਜੇਕਰ ਨਗਰ ਨਿਗਮ ਦੇ ਕਿਸੇ ਅਧਿਕਾਰੀ ਨੂੰ ਕੋਈ ਦੁਕਾਨਦਾਰ ਮੰਦਾ-ਚੰਗਾ ਬੋਲ ਦਿੰਦਾ ਹੈ ਤਾਂ ਉਸ ’ਤੇ ਕਾਰਵਾਈ ਹੋ ਜਾਂਦੀ ਹੈ ਤੇ ਫਿਰ ਜੋ ਦੁਕਾਨਦਾਰਾਂ ਦਾ ਸਮਾਨ ਦਿਨ-ਦਿਹਾੜੇ ਚੋਰੀ ਕਰਕੇ ਨਿਗਮ ਅਧਿਕਾਰੀ ਲੈ ਜਾਂਦੇ ਹਨ, ਉਸ ਦੀ ਨਿਲਾਮੀ ਕਰਦੇ ਹਨ, ਫਿਰ ਉਨ੍ਹਾਂ ’ਤੇ ਕਾਰਵਾਈ ਕਿਉਂ ਨਹੀਂ ਹੁੰਦੀ। ਨਗਰ ਨਿਗਮ ਫਗਵਾੜਾ ਲੁੱਟ ਦਾ ਅੱਡਾ ਬਣਿਆ ਹੋਇਆ ਹੈ। ਗੁਰਮੀਤ ਸਿੰਘ ਸਾਥੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਕਈ ਸਾਲਾਂ ਤੋਂ ਗੁਰੂ ਹਰਗੋਬਿੰਦ ਨਗਰ ਵਿਚ ਬਣੀ ਚੌਪਾਟੀ ਦੀਆਂ ਸ਼ਿਕਾਇਤਾਂ ਨਗਰ ਨਿਗਮ ਨੂੰ ਦਿੱਤੀਆਂ ਜਾ ਰਹੀਆਂ ਹਨ ਕਿ ਇਹ ਨਜਾਇਜ਼ ਬਣੀ ਹੋਈ ਹੈ। ਇਸ ਦੇ ਬਾਵਜੂਦ ਵੀ ਉਸ ’ਤੇ ਕੋਈ ਕਾਰਵਾਈ ਨਹੀਂ ਹੁੰਦੀ।
ਨਗਰ ਨਿਗਮ ਦੀ ਦੇਖਰੇਖ ਹੇਠ ਉਸ ਮਾਰਕੀਟ ਵਿਚ ਸ਼ਰੇਆਮ ਸਾਰੇ ਹੀ ਨਜਾਇਜ਼ ਕਬਜ਼ੇ ਹੋਏ ਪਏ ਹਨ। ਇਸ ਦੇ ਬਾਵਜੂਦ ਵੀ ਨਗਰ ਨਿਗਮ ਅਧਿਕਾਰੀ ਉਸ ਨੂੰ ਖਾਲੀ ਕਰਾਉਣ ਲਈ ਕੋਈ ਯਤਨ ਨਹੀਂ ਕਰਦੇ। ਜੇਕਰ ਗੁਰੂ ਹਰਗੋਬਿੰਦ ਨਗਰ ਇਲਾਕੇ ਵਿਚ ਕੋਈ ਦੁਕਾਨ ਕਿਰਾਏ ’ਤੇ ਲੈਣੀ ਹੋਵੇ ਤਾਂ 20 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਕਿਰਾਇਆ ਦੇਣਾ ਪੈਂਦਾ ਹੈ। ਜਦ ਕਿ ਇਹ ਰੇਹੜੀ ਫੜੀਆਂ ਵਾਲੇ ਉੱਥੇ ਮੁਫਤ ਦੇ ਹਿਸਾਬ ਨਾਲ ਆਪਣਾ ਕਾਰੋਬਾਰ ਚਲਾ ਰਹੇ ਹਨ ਤੇ ਨਗਰ ਨਿਗਮ ਵੱਲੋਂ ਸਿਰਫ ਸਰਾਏ ਰੋਡ ਸਿਨੇਮਾ ਰੋਡ ਦੇ ਦੁਕਾਨਦਾਰਾਂ ’ਤੇ ਹੀ ਕਾਰਵਾਈ ਕਰਕੇ ਉਨ੍ਹਾਂ ਦਾ ਸਮਾਨ ਜ਼ਬਤ ਕੀਤਾ ਜਾਂਦਾ ਹੈ। ਉੱਧਰ ਰੇਲਵੇ ਰੋਡ ’ਤੇ ਪੂਰਾ ਦਿਨ ਨਜਾਇਜ਼ ਗੱਡੀਆਂ ਪੀਲੀ ਲਕੀਰ ਤੋਂ ਬਾਹਰ ਖੜੀਆਂ ਰਹਿੰਦੀਆਂ ਹਨ, ਉੱਥੇ ਨਿਗਮ ਅਧਿਕਾਰੀਆਂ ਦੀ ਹਿੰਮਤ ਕਿਉਂ ਨਹੀਂ ਪੈਂਦੀ। ਨਗਰ ਨਿਗਮ ਦੀ ਦੋਗਲੀ ਕਾਰਵਾਈ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਨਿਗਮ ਦੀ ਕਾਰਵਾਈ ਸਿਰਫ ਦੁਕਾਨਦਾਰਾਂ ਦਾ ਸਮਾਨ ਇਕੱਠਾ ਕਰਕੇ ਨਿਲਾਮੀ ਕਰਨ ਲਈ ਹੀ ਹੋ ਰਹੀ ਹੈ।