ਗਰਮੀ ਨੂੰ ਪਿਆ ਮੋੜਾ, ਮੁੜ ਵਾਪਸ ਆਈ ਠੰਢ
ਅੰਨਦਾਤਾ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ
Publish Date: Thu, 19 Mar 2026 09:30 PM (IST)
Updated Date: Thu, 19 Mar 2026 09:34 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਪਿਛਲੇ 4-5 ਦਿਨ ਤੋਂ ਰੁਕ-ਰੁਕ ਕੇ ਅਤੇ ਅੱਜ ਪਈ ਭਾਰੀ ਬਾਰਿਸ਼ ਨਾਲ ਮੌਸਮ ਵਿਚ ਇਕ ਵਾਰ ਫਿਰ ਠੰਢਕ ਵਾਪਸ ਆ ਗਈ ਹੈ। ਬਾਰਿਸ਼ ਦੇ ਪ੍ਰਭਾਵ ਕਾਰਨ ਖੇਤਰ ਵਿਚ ਦੋ ਦਿਨਾਂ ਤੋਂ ਤਾਪਮਾਨ ਵਿਚ ਔਸਤਨ ਕਰੀਬ 12 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਅਚਾਨਕ ਘਟਨ ਨਾਲ ਲੋਕਾਂ ਨੂੰ ਮੁੜ ਸਰਦੀ ਦਾ ਅਹਿਸਾਸ ਹੋਇਆ ਹੈ ਤੇ ਕਈ ਲੋਕਾਂ ਨੂੰ ਦੁਬਾਰਾ ਗਰਮ ਕੱਪੜੇ ਪਾਉਂਦੇ ਵੇਖਿਆ ਗਿਆ। ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੇ ਅੱਜ ਸਾਰਾ ਦਿਨ ਪਏ ਮੀਂਹ ਕਾਰਨ ਜਨ-ਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ। ਸ਼ਹਿਰ ਦੀਆਂ ਪਹਿਲਾਂ ਹੀ ਟੁੱਟੀਆਂ ਤੇ ਟੋਏ ਵਾਲੀਆਂ ਸੜਕਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਤੋਂ ਇਲਾਵਾ ਵਾਹਨਾਂ ਨੂੰ ਵੀ ਬਹੁਤ ਮੁਸ਼ਕਿਲ ਪੇਸ਼ ਆਈ। ਖਾਸ ਤੌਰ ’ਤੇ ਸਵੇਰੇ ਸਕੂਲਾਂ ਤੇ ਦਫਤਰਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਾਫੀ ਥਾਵਾਂ ’ਤੇ ਸੜਕਾਂ ਦੇ ਕਿਨਾਰਿਆਂ ਤੇ ਨੀਵੇਂ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ। ਮੀਂਹ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫਸਲ ਵਿਛੀ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ। ਸੋਨੇ ਦੇ ਰੰਗ ਵਰਗੀ ਪੀਲੀ ਹੋ ਰਹੀ ਫਸਲ ਤੇਜ਼ ਮੀਹ ਤੇ ਹਵਾਵਾਂ ਨਾਲ ਖੇਤਾਂ ਵਿਚ ਵਿਛ ਗਈ ਹੈ, ਜਿਸ ਕਾਰਨ ਅੰਨਦਾਤਾ ਦੇ ਮੱਥੇ ’ਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ। ਪਹਿਲਾਂ ਅਚਾਨਕ ਗਰਮੀ ਵਧਣ ਤੇ ਤਾਪਮਾਨ ਵਿਚ ਹੋਏ ਵਾਧੇ ਕਾਰਨ ਕਣਕ ਦੀ ਫਸਲ ਦਾ ਝਾੜ ਘਟਨ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਸੀ ਪਰ ਹੁਣ ਤਾਪਮਾਨ ਵਿਚ ਵਾਧੇ ਨੇ ਕੁਝ ਰਾਹਤ ਤਾਂ ਦਿੱਤੀ ਪ੍ਰੰਤੂ ਕਣਕ ਦੀ ਫਸਲ ਵਿਛਣ ਕਾਰਨ ਇਸ ਦੀ ਕਟਾਈ ਕੰਬਾਈਨ ਨਾਲ ਕਰਵਾਉਣੀ ਮੁਸ਼ਕਿਲ ਹੋ ਗਈ ਹੈ ਤੇ ਕਣਕ ਦਾ ਦਾਣਾ ਵੀ ਲੰਮੀ ਪਈ ਫਸਲ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਲੰਮੀ ਪਈ ਫਸਲ ਨੂੰ ਹੱਥ ਨਾਲ ਹੀ ਕੱਟਿਆ ਜਾ ਸਕਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਦੁਗਣੀ ਮਿਹਨਤ ਖਰਚ ਕਰਨੀ ਪਵੇਗੀ। ਕੋਈ ਵੱਡਾ ਨੁਕਸਾਨ ਨਹੀਂ ਹੋਇਆ : ਖੇਤੀਬਾੜੀ ਮਾਹਰ ਖੇਤੀਬਾੜੀ ਵਿਸਥਾਰ ਅਫਸਰ ਡਾਕਟਰ ਪਰਮਿੰਦਰ ਕੁਮਾਰ ਨੇ ਕਿਹਾ ਕਿ ਇਹ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਦਾ ਕਣਕ ਦੀ ਫਸਲ ’ਤੇ ਕੋਈ ਵੱਡਾ ਅਸਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮੀਂਹ ਪਛੇਤੀ ਬਿਜਾਈ ਵਾਲੀ ਕਣਕ ਦੀ ਫਸਲ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਜੇ ਭਾਰੀ ਮੀਂਹ ਜਾਂ ਗੜੇਮਾਰੀ ਹੁੰਦੀ ਹੈ ਤਾਂ ਫਸਲ ਨੂੰ ਨੁਕਸਾਨ ਦਾ ਡਰ ਹੈ। ਇਹ ਬਾਰਿਸ਼ ਮੱਕੀ ਦੀ ਫਸਲ ਲਈ ਲਾਭਦਾਇਕ ਹੈ। ਮੀਂਹ ਕਾਰਨ ਡਿੱਗਾ ਤਾਪਮਾਨ ਕਣਕ ਦੀ ਫਸਲ ਲਈ ਵਧੀਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ ਮੀਂਹ ਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿਚ ਵਿਛੀ ਕਣਕ ਦੀ ਫਸਲ ਦੇ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਤਕਰੀਬਨ ਕਣਕ ਦੀਆਂ ਪੱਕੀਆਂ ਫਸਲਾਂ ਵੱਡੇ ਪੱਧਰ ’ਤੇ ਜ਼ਮੀਨ ’ਤੇ ਵਿਛ ਚੁੱਕੀਆਂ ਹਨ। ਕਣਕ ਦੀ ਫਸਲ ਦਾ ਵੱਡੇ ਪੱਧਰ ’ਤੇ ਝਾੜ ਘੱਟ ਹੋ ਸਕਦਾ ਹੈ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਹੋਏ ਹਨ ਤੇ ਪਿਛਲੇ ਇਕ ਸਾਲ ਤੋਂ ਕੁਦਰਤੀ ਆਫਤਾਂ ਨੇ ਕਿਸਾਨਾਂ ਦਾ ਖੇਤੀਬਾੜੀ ਪੱਖੋਂ ਲੱਕ ਤੋੜ ਦਿੱਤਾ ਹੈ। ਖੇਤਾਂ ਵਿਚ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਉੱਪਰ ਕਟਾਈ ਸਮੇਂ ਵੀ ਖਰਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੇ ਖੇਤਾਂ ਵਿਚ ਆ ਕੇ ਖਰਾਬ ਹੋ ਰਹੀਆਂ ਫਸਲਾਂ ਦਾ ਜਾਇਜ਼ਾ ਲਵੇ ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵੇ।