ਹੋਲੀ ਦੇ ਰੰਗ, ਰਾਸ਼ਟਰ ਨਿਰਮਾਣ ਦੇ ਸੰਗ : ਸਵਾਮੀ ਵਿਗਿਆਨਾਨੰਦ ਜੀ
ਹੋਲੀ ਦੇ ਰੰਗ, ਰਾਸ਼ਟਰ ਨਿਰਮਾਣ ਦੇ ਸੰਗ : ਸਵਾਮੀ ਵਿਗਿਆਨਾਨੰਦ ਜੀ
Publish Date: Mon, 02 Mar 2026 08:29 PM (IST)
Updated Date: Mon, 02 Mar 2026 08:31 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਪਣੇ ਸਥਾਨਕ ਆਸ਼ਰਮ ਵਿਖੇ ਆਯੋਜਿਤ ਦੋ ਦਿਨਾਂ ਵਿਲੱਖਣ ਯੋਗ ਤੇ ਧਿਆਨ ਸਾਧਨਾ ਸ਼ਿਵਿਰ ਦੇ ਅੱਜ ਦੂਜੇ ਦਿਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਜਗਤਗੁਰੂ ਭਾਰਤ ਭੂਮੀ ਤਿਓਹਾਰਾਂ ਦੀ ਧਰਤੀ ਹੈ। ਇਥੇ ਹਰੇਕ ਤਿਓਹਾਰ ਧਾਰਮਿਕ ਤੇ ਆਤਮਿਕ ਪੱਧਰ ’ਤੇ ਮਨਾਇਆ ਜਾਂਦਾ ਹੈ। ਅਜੋਕੇ ਵਿਗਿਆਨਕ ਯੁਗ ਵਿਚ ਜਿਥੇ ਭੌਤਿਕ ਵਿਗਿਆਨ ਦੁਆਰਾ ਭੌਤਿਕ ਸੁਖ ਸੁਵਿਧਾਵਾਂ ਦਾ ਵਿਕਾਸ ਹੋਇਆ ਹੈ, ਉਥੇ ਨਾਲ ਹੀ ਮਨੁੱਖ ਦਾ ਅੰਤਰਿਕ ਤੇ ਆਤਮਿਕ ਪਤਨ ਵੀ ਹੋਇਆ ਹੈ ਕਿਉਂਕਿ ਅੱਜ ਭਾਰਤਵਾਸੀ ਹਰੇਕ ਤਿਓਹਾਰ ਨੂੰ ਭੌਤਿਕ ਪੱਧਰ ’ਤੇ ਹੀ ਮਨਾਉਂਦੇ ਹਨ, ਜਿਸ ਨਾਲ ਹੋਲੀ, ਦੁਸਹਿਰਾ, ਦੀਵਾਲੀ ਤੇ ਲੋਹੜੀ ਵਰਗੇ ਤਿਓਹਾਰਾਂ ਦੀ ਗਰਿਮਾ ਫਿੱਕੀ ਹੋ ਰਹੀ ਹੈ। ਸਵਾਮੀ ਜੀ ਨੇ ਹੋਲੀ ਦੀ ਮਹਾਨਤਾ ਸਦੇ ਹੋਏ ਕਿਹਾ ਕਿ ਯੁਗਾਂ ਤੋਂ ਹੋਲੀ ਅਗਿਆਨ, ਅਭਿਮਾਨ, ਝੂਠ ਤੇ ਹਨੇਰੇ ਦੀ ਪ੍ਰਤੀਕ ਹੋਲਿਕਾ ਉੱਤੇ ਗਿਆਨ, ਸੱਚ, ਸ਼ੀਲ, ਭਗਤੀ ਤੇ ਪ੍ਰਕਾਸ਼ ਦੇ ਪ੍ਰਤੀਕ ਪ੍ਰਹਿਲਾਦ ਦੀ ਜਿੱਤ ਦਾ ਪ੍ਰਤੀਕ ਹੈ। ਦੁੱਖ ਦਾ ਵਿਸ਼ਾ ਹੈ ਕਿ ਅੱਜ ਭਾਰਤ ਦੇਸ਼ ਵਿਚ ਹੋਲੀ ਦੇ ਪਵਿੱਤਰ ਦਿਹਾੜੇ ’ਤੇ ਜ਼ਿਆਦਾਤਰ ਪੜ੍ਹੇ ਲਿਖੇ ਤੇ ਸੂਝਵਾਨ ਨੌਜਵਾਨ ਨਸ਼ਾ ਕਰਦੇ ਹਨ ਤੇ ਰਸਾਇਣ ਭਰਪੂਰ ਰੰਗਾਂ ਦੀ ਵਰਤੋਂ ਕਰਕੇ ਪਾਣੀ ਦੀ ਨਿਰਰਥਕ ਵਰਤੋਂ ਕਰਕੇ ਇਸ ਨੂੰ ਗਲਤ ਰੂਪ ਪ੍ਰਦਾਨ ਕਰ ਰਹੇ ਹਨ। ਅੱਜ ਜ਼ਰੂਰਤ ਹੈ ਕਿ ਇਸ ਤਿਓਹਾਰ ’ਤੇ ਨਸ਼ੇ ਦੀ, ਅੱਤਵਾਦ ਦੀ, ਭ੍ਰਿਸ਼ਟਾਚਾਰ ਦੀ, ਅਗਿਆਨਤਾ ਦੀ ਹੋਲਿਕਾ ਸਾੜ ਕੇ ਤੇ ਪਾਣੀ ਬਚਾ ਕੇ ਆਪਣੇ ਭਾਰਤ ਦੇਸ਼ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਈਏ, ਜਿਸ ਨਾਲ ਇਕ ਸੱਚੇ-ਸੁੱਚੇ ਰਾਸ਼ਟਰ ਦੀ ਸਿਰਜਣਾ ਹੋ ਸਕੇ। ਧਿਆਨ ਦੇਣ ਯੋਗ ਹੈ ਕਿ ਅੱਜ ਸੰਸਥਾਨ ਦੇ ਅੰਤਰਕਰਾਂਤੀ ਪ੍ਰੋਜੈਕਟ ਦੇ ਅੰਤਰਗਤ ਤਿਹਾੜ ਜੇਲ ਦੇ ਬੰਦੀਆਂ ਵੱਲੋਂ ਸੰਸਥਾਨ ਦੇ ਸਹਿਯੋਗ ਨਾਲ ਸਮਾਜ ਕਲਿਆਣ ਲਈ ਪਲਾਸ਼ ਦੇ ਫੁੱਲਾਂ ਤੇ ਆਯੁਰਵੈਦਿਕ ਜੜ੍ਹੀ-ਬੂਟੀਆਂ ਨਾਲ ਸ਼ੁੱਧ ਕੁਦਰਤੀ ਰੰਗ ਤਿਆਰ ਕੀਤੇ ਜਾਂਦੇ ਹਨ ਜੋਕਿ ਰਸਾਇਣ ਮੁਕਤ ਹੋਣ ਕਰਕੇ ਸਿਹਤ ਪੱਖੋਂ ਵੀ ਪੂਰੀ ਤਰ੍ਹਾਂ ਫਾਇਦੇਮੰਦ ਹਨ। ਅੱਜ ਆਸ਼ਰਮ ਵਿਚ ਜਿਥੇ ਵਿਸ਼ਵ ਸ਼ਾਂਤੀ ਦੀ ਮੰਗਲ ਕਾਮਨਾ ਕਰਦੇ ਹੋਏ ਸਾਧਕਾਂ ਨੇ ਸਾਮੂਹਿਕ ਧਿਆਨ ਤੇ ਅਲੌਕਿਕ ਮੰਤਰਾਂ ਦਾ ਉਚਾਰਣ ਕੀਤਾ, ਉਥੇ ਨਾਲ ਹੀ ਸਾਧਕਾਂ ਨੇ ਹੋਲੀ ਦੇ ਰੰਗ, ਰਾਸ਼ਟਰ ਨਿਰਮਾਣ ਦੇ ਸੰਗ ਅਨੁਸਾਰ ਤਿਲਕ ਹੋਲੀ ਮਨਾਉਂਦੇ ਹੋਏ ਇਕ ਦੂਜੇ ਨੂੰ ਸ਼ੁੱਧ ਆਯੁਰਵੈਦਿਕ ਰੰਗਾਂ ਦੇ ਤਿਲਕ ਲਗਾ ਕੇ ਸਮਾਜ ਨੂੰ ਪਾਣੀ ਬਚਾਉਣ ਦਾ ਸੰਦੇਸ਼ ਦਿੱਤਾ। ਸਾਧਵੀ ਵੀਰੇਸ਼ਵਰੀ ਭਾਰਤੀ, ਸੰਦੀਪ ਭਾਰਤੀ ਤੇ ਅਵਿਨਾਸ਼ ਭਾਰਤੀ ਨੇ ਭਜਨ ਗਾ ਕੇ ਸਾਧਕਾਂ ਦਾ ਸਕਾਰਾਤਮਕ ਮਾਰਗਦਰਸ਼ਨ ਵੀ ਕੀਤਾ।