- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਤੀ ’ਚ ਬੋਰ ਕਰਕੇ ਦੂਸ਼ਿਤ ਪਾਣੀ ਪਾਉਣ ਦੇ ਸਵਾਲ ਦਾ ਜਵਾਬ ਦੇਣ ਤੋਂ ਕੇਂਦਰ ਸਰਕਾਰ ਨੇ ਟਾਲਾ ਵੱਟਿਆ

ਦੇਸ਼ ’ਚ 4498 ਉਦਯੋਗਿਕ ਇਕਾਈਆਂ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ
ਧਰਤੀ ’ਚ ਬੋਰ ਕਰਕੇ ਦੂਸ਼ਿਤ ਪਾਣੀ ਪਾਉਣ ਦੇ ਸਵਾਲ ਦਾ ਜਵਾਬ ਦੇਣ ਤੋਂ ਕੇਂਦਰ ਸਰਕਾਰ ਨੇ ਟਾਲਾ ਵੱਟਿਆ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਫੈਕਟਰੀਆਂ ਤੇ ੳਦਯੋਗਿਕ ਇਕਾਈਆਂ ਵੱਲੋਂ ਧਰਤੀ ਹੇਠ ਬੋਰ ਪੁੱਟ ਕੇ ਪਾਏ ਜਾ ਰਹੇ ਦੂਸ਼ਿਤ ਪਾਣੀਆਂ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਕੇਂਦਰ ਸਰਕਾਰ ਟਾਲਾ ਵੱਟ ਗਈ। ਸੰਤ ਸੀਚੇਵਾਲ ਵੱਲੋਂ ਸਪੱਸ਼ਟ ਸਵਾਲ ਕੀਤਾ ਗਿਆ ਸੀ ਕਿ ਉਨ੍ਹਾਂ ਫੈਕਟਰੀਆਂ ਤੇ ਉਯੋਗਿਕ ਇਕਾਈਆਂ ਦਾ ਵੇਰਵਾ ਦਿੱਤਾ ਜਾਵੇ ਜਿਹੜੀਆਂ ਧਰਤੀ ਵਿਚ ਸਿੱਧੇ ਬੋਰ ਕਰਕੇ ਦੂਸ਼ਿਤ ਤੇ ਜ਼ਹਿਰੀਲਾ ਪਾਣੀ ਪਾਉਂਦੀਆਂ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਵਾਲ ਰਾਹੀਂ ਪੁੱਛਿਆ ਗਿਆ ਸੀ ਕਿ ਸਰਕਾਰ ਉਨ੍ਹਾਂ ਤਰੀਕਿਆਂ ਤੇ ਨਿਗਰਾਨੀ ਪ੍ਰਣਾਲੀਆਂ ਦਾ ਵੇਰਵਾ ਦੇਵੇ ਜਿਨ੍ਹਾਂ ਰਾਹੀਂ ਬੋਰਹੋਲਜ਼ ਜਾਂ ਉਦਯੋਗਿਕ ਰਹਿੰਦ-ਖੂੰਹਦ ਰਾਹੀਂ ਜ਼ਮੀਨੀ ਪਾਣੀ ਨੂੰ ਪਲੀਤ ਕਰਨ ਵਾਲੀਆਂ ਫੈਕਟਰੀਆਂ 'ਤੇ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਨੇ ਪੰਜਾਬ ਸਮੇਤ ਹੋਰਨਾਂ ਰਾਜਾਂ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਹੋਈਆਂ ਜਾਂਚਾਂ ਤੇ ਦੋਸ਼ੀ ਉਦਯੋਗਾਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਵੇਰਵਾ ਮੰਗਿਆ ਸੀ। ਕੇਂਦਰੀ ਜਲਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਸਵਾਲ ਦੇ ਜਵਾਬ ਤਾਂ ਦਿੱਤੇ ਪਰ ਉਸ ਪਹਿਲੂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਜਿਸ ਬਾਰੇ ਪੁੱਛਿਆ ਗਿਆ ਸੀ ਤੇ ਜਿਸ ਲਈ ਸਮੁੱਚਾ ਪੰਜਾਬ ਚਿੰਤਤ ਹੈ। ਕੇਂਦਰੀ ਮੰਤਰੀ ਚੌਧਰੀ ਨੇ ਦੱਸਿਆ ਕਿ ਦੇਸ਼ ਭਰ ਵਿਚ ਕੁਲ 4,498 ਬੇਹੱਦ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਹਨ, ਜਿਨ੍ਹਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 601 ਉਦਯੋਗਾਂ ਵਿਰੁੱਧ ਕਾਰਵਾਈ ਕਰਦਿਆਂ 29 ਨੂੰ ਬੰਦ ਕਰਨ ਦੇ ਨਿਰਦੇਸ਼ ਤੇ 571 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਬੇਹੱਦ ਪ੍ਰਦੂਸ਼ਣ ਫੈਲਾਉਣ ਵਾਲੇ 2 ਉਦਯੋਗਾਂ ਦੀ ਪਛਾਣ ਕੀਤੀ ਗਈ ਹੈ ਤੇ ਰਿਪੋਰਟ ਅਨੁਸਾਰ ਇਹ ਦੋਵੇਂ ਇਕਾਈਆਂ ਵਾਤਾਵਰਣ ਮਿਆਰਾਂ ਦੀ ਪਾਲਣਾ ਕਰ ਰਹੀਆਂ ਹਨ। ਸੰਤ ਸੀਚੇਵਾਲ ਨੇ ਇਸ ਜਵਾਬ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਗਜ਼ਾਂ ਵਿਚ ਸਭ ਕੁਝ ਠੀਕ ਦਿਖਾਉਣਾ ਇਕ ਗੱਲ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਪਾਣੀ ਦੀ ਗੁਣਵੱਤਾ ਲਗਾਤਾਰ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਵਿਚ ਬਹੁਤ ਭਾਰੀ ਧਾਤਾਂ ਪਾਈਆਂ ਜਾ ਰਹੀਆਂ ਹਨ। ਇਹ ਸ਼ਿਕਾਇਤਾਂ ਵੀ ਲੋਕ ਕਰਦੇ ਰਹਿੰਦੇ ਹਨ ਕਿ ਫੈਕਟਰੀਆਂ ਵਾਲੇ ਬੋਰ ਕਰਕੇ ਦੂਸ਼ਿਤ ਪਾਣੀ ਸਿੱਧਾ ਧਰਤੀ ਹੇਠਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਅਪਰਾਧ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਤੱਸਲੀਬਖ਼ਸ ਜਵਾਬ ਨਹੀਂ ਦਿੱਤਾ ਗਿਆ। ਜਿਹੜੇ ਅੰਕੜੇ ਵੀ ਦੱਸੇ ਹਨ, ਉਹ ਵੀ ਭਰਮ ਵਾਲੀ ਸਥਿਤੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਹੜੇ ਅੰਕੜੇ ਸਾਂਝੇ ਕੀਤੇ ਗਏ ਹਨ, ਉਹ ਉਨ੍ਹਾਂ ਇਕਾਈਆਂ ਦੇ ਹਨ ਜੋ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਹਨ, ਜਦ ਕਿ ਸਾਰੀਆਂ ਉਦਯੋਗਿਕ ਇਕਾਈਆਂ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੀਆਂ ਹਨ। ਉਨ੍ਹਾਂ ਨੇ ਕੇਂਦਰ ਤੋਂ ਮੰਗ ਕੀਤੀ ਕਿ ਜੇਕਰ ਭੂਜਲ ਦੀ ਰੱਖਿਆ ਲਈ ਤੁਰੰਤ ਤੇ ਸਖ਼ਤਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰਨਾ ਪਵੇਗਾ।