ਪੁਰਾਣੇ ਸਿੱਕੇ ਲੈ ਕੇ ਕਰੋੜਾਂ ਦਾ ਲਾਲਚ ਦਿੰਦਿਆਂ 53000 ਠੱਗੇ
ਮਾਮਲਾ ਵੱਧ ਰਹੇ ਸਾਈਬਰ ਕ੍ਰਾਈਮ ਰਾਹੀਂ ਠੱਗੀ ਮਾਰਨ ਦਾ
Publish Date: Wed, 28 Jan 2026 08:06 PM (IST)
Updated Date: Thu, 29 Jan 2026 04:13 AM (IST)

ਐਸ ਐਸ ਪੀ ਕਪੂਰਥਲਾ ਨੂੰ ਦਿੱਤੀ ਇਤਲਾਹ, ਕੀਤੀ ਕਾਰਵਾਈ ਦੀ ਮੰਗ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਕਰਕੇ ਲੋਕਾਂ ਨੂੰ ਠੱਗੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਤਰ੍ਹਾਂ ਹੀ ਭੁਲੱਥ ਦੇ ਰਹਿਣ ਵਾਲੇ ਰਿਟਾਇਰਡ ਕੈਪਟਨ ਦਲਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਰਡ ਨੰਬਰ ਇੱਕ ਨਾਲ ਅਜਿਹੀ ਠੱਗੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ, ਕੈਪਟਨ ਦਲਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫੇਸਬੁਕ ਤੇ ਇੱਕ ਐਡ ਆਈ ਸੀ, ਜੋ ਰਾਜਾ ਗਿਆਨੀ ਨਾਂਅ ਦੇ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਸੀ, ਕਿ ਪੁਰਾਣੇ ਸਿੱਕੇ ਦੇਣ ਨਾਲ ਤੁਹਾਡੇ ਰੁਪਏ ਵੱਧ ਸਕਦੇ ਹਨ, ਸਾਡੇ ਪਾਸ ਵੀ ਦੋ ਪੁਰਾਣੇ ਸਿੱਕੇ ਪਏ ਸਨ, ਜਦੋਂ ਮੈਂ ਲਾਲਚ ਵੱਸ ਹੋ ਕੇ ਫੇਸਬੁਕ ਤੇ ਚੱਲ ਰਹੇ ਰਾਜਾ ਗਿਆਨੀ ਨਾਲ ਰਾਬਤਾ ਕਾਇਮ ਕੀਤਾ, ਤਾਂ ਉਸਦੇ ਦੋ ਸਿੱਕੇ ਦੇਖ ਕੇ ਕਿਹਾ ਕਿ ਤੁਹਾਡਾ ਕਰੋੜਾਂ ਦਾ ਫਾਇਦਾ ਹੋ ਸਕਦਾ ਹੈ, ਉਸ ਨੇ ਕਿਹਾ ਕਿ ਆਪਣੀ ਫੋਟੋ ਸੈਲਫੀ ਤੇ ਆਧਾਰ ਕਾਰਡ ਸੈਂਡ ਕਰੋ, ਤੇ 550 ਰੁਪਏ ਪੇ ਟੀ ਐਮ ਕਰੋ, ਜਦੋਂ ਅਸੀਂ ਇਹ ਸਭ ਕਰ ਦਿੱਤਾ, ਤਾਂ ਉਸ ਦੇ ਕੁਝ ਸਮੇਂ ਬਾਅਦ ਸਾਨੂੰ ਦੱਸਿਆ ਕਿ ਤੁਹਾਡੇ ਪੁਰਾਣੇ ਸਿੱਕਿਆਂ ਦੀ ਕੀਮਤ ਇੱਕ ਕਰੋੜ 96, ਲੱਖ 17 ਹਜ਼ਾਰ ਰੁਪਏ ਬਣੀ ਹੈ, ਫਿਰ ਉਸਨੇ ਆਪਣੇ ਦੱਸੇ ਹੋਏ ਮੋਬਾਇਲ ਨੰਬਰ 88160838670 ਹੋਰ ਰੁਪਏ ਭੇਜਣ ਲਈ ਕਿਹਾ, ਤੇ ਇਸ ਤਰ੍ਹਾਂ ਸਾਨੂੰ ਸਬਜਬਾਗ ਦਿਖਾ ਕੇ ਕਰੋੜਾਂ ਦਾ ਲਾਲਚ ਦੇ ਕੇ ਸਾਡੇ ਪਾਸੋਂ 53 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ, ਹੁਣ ਉਹ ਸਾਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਧਮਕੀਆਂ ਭੇਜ ਰਿਹਾ ਹੈ, ਕੈਪਟਨ ਨੇ ਦੱਸਿਆ ਕਿ ਇਸ ਸਬੰਧੀ ਐਸ ਐਸ ਪੀ ਕਪੂਰਥਲਾ ਨੂੰ ਲਿਖਤੀ ਇਤਲਾਹ ਦਿੰਦਿਆਂ ਇਨਸਾਫ ਦੀ ਮੰਗ ਕਰਦਿਆਂ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।