ਗੈਰ ਵਿਦਿਅਕ ਕੰਮਾਂ ਦੇ ਬੋਝ ਕਾਰਨ ਹੋਈ ਅਧਿਆਪਕਾਂ ਦੀ ਮੌਤ : ਡੀਟੀਐੱਫ
ਗੈਰ ਵਿਿਦਅਕ ਕੰਮਾਂ ਦਾ ਬੋਝ ਹੋਇਆ ਅਧਿਆਪਕਾਂ ਦੀ ਜਾਨ ਲੈਣ ਤੱਕ ਹਾਵੀ
Publish Date: Mon, 30 Mar 2026 07:17 PM (IST)
Updated Date: Mon, 30 Mar 2026 07:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੇ ਸ਼ਨੀਵਾਰ ਸਰਕਾਰੀ ਮਿਡਲ ਸਕੂਲ ਭਾਖੜੀਆਣਾ ਦੇ ਡਰਾਇੰਗ ਟੀਚਰ ਅਵਤਾਰ ਸਿੰਘ, ਜੋ ਕਿ ਲੰਮੇ ਸਮੇ ਤੋਂ ਬਤੌਰ ਬੀਐੱਲਓ (ਬੂਥ ਲੈਵਲ ਆਫਿਸਰ) ਪ੍ਰੀ-ਐੱਸਆਈਆਰ ਤਹਿਤ ਡਿਊਟੀ ਨਿਭਾ ਰਹੇ ਸਨ, ਦੀ ਸਕੂਲ ਵਿਚ ਡਿਊਟੀ ਦੌਰਾਨ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਦਾ ਕਾਰਨ ਇਹ ਬਣਿਆ ਕਿ ਬੂਥ ਨਾਲ਼ ਸਬੰਧਤ ਕੁਝ ਵੋਟਰ ਸਕੂਲ ਆ ਕੇ ਪੁਰਾਣੀ ਵੋਟ ਲੱਭਣ ਲਈ ਅਵਤਾਰ ਸਿੰਘ ਤੇ ਦਬਾਅ ਪਾ ਰਹੇ ਸਨ। ਉਨ੍ਹਾਂ ਨੇ ਅਵਤਾਰ ਸਿੰਘ ਨਾਲ਼ ਤਲਖ਼ ਲਹਿਜ਼ੇ ਵਿਚ ਗੱਲ ਕੀਤੀ ਤੇ ਉਸਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਅਧਿਆਪਕ ਪ੍ਰੇਸ਼ਾਨੀ ਵਿਚ ਆ ਗਿਆ ਤੇ ਅਟੈਕ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਆਗੂਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਰਨਲ ਸਕੱਤਰ ਮਹਿੰਦਰ ਕੌੜਿਆਂਵਾਲੀ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਦੇ ਹਵਾਲੇ ਨਾਲ਼ ਸਥਾਨਕ ਆਗੂਆਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਜ਼ਿਲ੍ਹਾ ਸਕੱਤਰ ਤਜਿੰਦਰ ਸਿੰਘ, ਮੀਤ ਪ੍ਰਧਾਨ ਗੁਰਮੁਖ ਲੋਕਪ੍ਰੇਮੀ, ਸਤਨਾਮ ਪਰਮਾਰ, ਮਲਕੀਤ ਸਿੰਘ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ ਤੇ ਸੁਰਿੰਦਰ ਰਾਮ ਆਦਿ ਨੇ ਇਸ ਦੁਖਦਾਈ ਘਟਨਾ ਤੇ ਜਥੇਬੰਦੀ ਵੱਲੋਂ ਅਫਸੋਸ ਦਾ ਇਜ਼ਹਾਰ ਕੀਤਾ ਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਦੋਸ਼ੀ ਵਿਅਕਤੀਆਂ ਤੇ ਕਾਰਵਾਈ ਕਰਨ ਦੇ ਨਾਲ ਹੀ ਅਧਿਆਪਕ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਲੁਕਵੇਂ ਏਜੰਡੇ ਤਹਿਤ ਆਰੰਭੀ ਗਈ ਵਿਸ਼ੇਸ਼ ਸੁਧਾਈ ਮੁਹਿੰਮ ਵਿਚ ਵੋਟਰ ਬਣੇ ਰਹਿਣ ਲਈ ਕਈ ਤਰ੍ਹਾਂ ਦੀਆਂ ਬੇਲੋੜੀਆਂ ਤੇ ਸਖ਼ਤ ਸ਼ਰਤਾਂ ਲਗਾਈਆਂ ਗਈਆਂ ਹਨ, ਜਿਸ ਕਾਰਨ ਆਮ ਲੋਕਾਂ ਤੇ ਬੀਐੱਲਓਜ਼ ਵਿਚਕਾਰ ਤਲਖੀ ਦੇ ਮਾਹੌਲ ਬਣ ਰਹੇ ਹਨ। ਦੂਜੇ ਪਾਸੇ ਅਫ਼ਸਰਸ਼ਾਹੀ ਵੱਲੋਂ ਵੀ ਬੀਐੱਲਓਜ਼ ਤੇ ਕੰਮ ਨੂੰ ਜਲਦ ਪੂਰਾ ਕਰਨ ਲਈ ਅਥਾਹ ਦਬਾਅ ਪਾਇਆ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਕਰਮਚਾਰੀਆਂ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਭਰਨਾ ਪੈ ਰਿਹਾ ਹੈ। ਆਗੂਆਂ ਨੇ 20,000 ਦੇ ਕਰੀਬ ਅਧਿਆਪਕਾਂ ਨੂੰ ਬੀਐੱਲਓ ਡਿਊਟੀਆਂ ਸਮੇਤ ਹੋਰ ਗੈਰ ਵਿਦਿਅਕ ਕਾਰਜਾਂ ਤੇ ਲਗਾ ਕੇ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟ ਰਹੀ ਪੰਜਾਬ ਸਰਕਾਰ ਉੱਤੇ ਵੀ ਗੰਭੀਰ ਸਵਾਲ ਚੁੱਕੇ ਹਨ। ਆਗੂਆਂ ਨੇ ਫਗਵਾੜਾ ਇਲਾਕੇ ਵਿਚ ਵਾਪਰੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਸਾਡਾ ਸਾਥੀ ਅਧਿਆਪਕ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹਿਆ ਹੈ। ਅਧਿਆਪਕਾਂ ਤੇ ਨਿੱਤ ਦਿਨ ਵਧ ਰਹੇ ਵਿਭਾਗੀ ਤੇ ਗੈਰ ਵਿਭਾਗੀ ਬੇਲੋੜੇ ਕੰਮਾਂ ਕਾਰਨ ਅਧਿਆਪਕਾਂ ਅੰਦਰ ਅੰਤਾਂ ਦੀ ਪਰੇਸ਼ਾਨੀ ਤੇ ਬੇਚੈਨੀ ਫੈਲ ਰਹੀ ਹੈ। ਬੀਐੱਲਓ ਦੀ ਡਿਊਟੀ ਕਰ ਰਹੇ ਕਰਮਚਾਰੀਆਂ ਲਈ ਮਾਨਸਿਕ ਤਣਾਅ ਤੇ ਦਬਾਅ ਨਿੱਤ ਦਿਨ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਦੂਜੇ ਰਾਜਾਂ ਤੋਂ ਇਸ ਕੰਮ ਦੇ ਬੋਝ ਨਾਲ਼ ਕਰਮਚਾਰੀਆਂ ਦੀਆਂ ਮੌਤਾਂ ਦੀਆਂ ਖਬਰਾਂ ਆਈਆਂ ਸਨ ਤੇ ਹੁਣ ਪੰਜਾਬ ਵਿਚ ਵੀ ਇਹ ਕੰਮ ਸ਼ੁਰੂ ਹੋ ਰਿਹਾ ਹੈ। ਅਵਤਾਰ ਸਿੰਘ ਦੀ ਮੌਤ ਇਸਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਈ ਸੁਚੱਜਾ ਸਿਸਟਮ ਬਣਾ ਕੇ ਬੇਰੁਜ਼ਗਾਰ ਨੌਜਵਾਨਾਂ ਪਾਸੋਂ ਵੋਟਾਂ ਦਾ ਕੰਮ ਕਰਵਾਇਆ ਜਾਵੇ ਨਾ ਕਿ ਅਧਿਆਪਕਾਂ, ਕਰਮਚਾਰੀਆਂ ਨੂੰ ਬਲ਼ੀ ਦੇ ਬੱਕਰੇ ਬਣਾਇਆ ਜਾਵੇ। ਇਸ ਮੌਕੇ ਸੁਖਜਿੰਦਰ ਸਿੰਘ, ਅਕਵਿੰਦਰ ਕੌਰ, ਸਤਿੰਦਰ ਕੁਮਾਰ, ਕੁਲਦੀਪਕ ਕਾਲੀਆ ਆਦਿ ਵੀ ਹਾਜ਼ਰ ਸਨ।