ਸੂਬਾ ਸਰਕਾਰ ਨੇ ਪੇਸ਼ ਕੀਤਾ ਕਰਜ਼ਾ ਚੜਾਊ ਬਜਟ : ਘੁੰਮਣ
ਸੂਬਾ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਕਰਜ਼ਾ ਚੜਾਊ ਬਜਟ,ਜਸਵਿੰਦਰ ਘੱੁਮਣ
Publish Date: Sun, 08 Mar 2026 06:56 PM (IST)
Updated Date: Sun, 08 Mar 2026 07:00 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੂਬਾ ਸਰਕਾਰ ਦੇ ਆਖਰੀ ਸਾਲ ਦਾ ਬਜਟ ਪੇਸ਼ ਕੀਤਾ ਗਿਆ, ਜਿਸ ਤੋਂ ਲਗਭਗ ਸਾਰੇ ਹੀ ਵਰਗਾਂ ਨੇ ਉਮੀਦਾਂ ਲਗਾਈਆਂ ਹੋਈਆਂ ਸਨ ਪਰ ਹੁਣ ਮੁਲਾਜ਼ਮ ਵਰਗ, ਪੈਨਸ਼ਨਰ, ਦਿਵੁਆਂਗਜਨ, ਵਿਧਵਾਵਾਂ ਤੇ ਵਪਾਰੀ ਸਮੇਤ ਹਰ ਵਰਗ ਨੂੰ ਨਿਰਾਸ਼ਾ ਹੀ ਹੱਥ ਲੱਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਚ ਪਿੰਡ ਖੇੜਾ ਰਣਜੀਤ ਸਿੰਘ ਜੀਤੀ ਖੇੜਾ, ਜਸਵਿੰਦਰ ਸਿੰਘ ਘੁੰਮਣ, ਯੂਥ ਆਗੂ ਗੁਰਸਿਮਰ ਸਿੰਘ ਨੇ ਕਿਹਾ ਕਿ ਬਜਟ ਪੂਰੀ ਤਰ੍ਹਾਂ ਖੋਖਲਾ ਸਾਬਤ ਹੋਇਆ ਹੈ, ਜਿਸ ਤੋਂ ਲਗਭਗ ਸਾਰੇ ਹੀ ਵਰਗ ਨਿਰਾਸਤਾ ਝੱਲ ਰਹੇ ਹਨ। ਪੈਨਸ਼ਨਰਾਂ ਕਾਮਿਆਂ ਤੇ ਮੁਲਾਜ਼ਮ ਵਰਗ ਸੋਚ ਰਿਹਾ ਸੀ ਕਿ ਉਨ੍ਹਾਂ ਦੀ ਪੈਨਸ਼ਨ ਵਾਲੀ ਸਮੱਸਿਆ ਤੇ ਬਕਾਇਆ ਡੀਏ ਸਬੰਧੀ ਕੁਝ ਸਾਰਥਕ ਫੈਸਲੇ ਹੋਣਗੇ ਪਰ ਵਿੱਤ ਮੰਤਰੀ ਵੱਲੋਂ ਸਿਰਫ ਭਰੋਸੇ ਤੋਂ ਇਲਾਵਾ ਹੋਰ ਮੁਲਾਜ਼ਮ ਵਰਗ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਪੰਜਾਬ ਉੱਪਰ ਵੱਧ ਰਹੇ ਕਰਜ਼ੇ ਸਬੰਧੀ ਵੀ ਉਸ ਨੂੰ ਉਤਾਰਨ ਦਾ ਕੋਈ ਸਾਰਥਕ ਹੱਲ ਨਹੀਂ ਕੱਢਿਆ ਗਿਆ ਤੇ ਜਾਣਕਾਰੀ ਨਹੀਂ ਦਿੱਤੀ ਗਈ। ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਪੰਜਾਬ ਅੰਦਰ ਰੋਕਣ ਲਈ ਸੂਬਾ ਸਰਕਾਰ ਕੀ ਕਰ ਰਹੀ ਹੈ ਇਸ ਬਾਰੇ ਵੀ ਕੁਝ ਨਹੀਂ ਦੱਸਿਆ ਗਿਆ। ਦਿਨ ਬ ਦਿਨ ਪੰਜਾਬ ਦਾ ਵਪਾਰ ਡੁੱਬ ਰਿਹਾ ਹੈ ਉਸ ਨੂੰ ਬਚਾਉਣ ਸਬੰਧੀ ਵੀ ਕੋਈ ਵਿਉਂਤਬੰਦੀ ਤੈਅ ਨਹੀਂ ਕੀਤੀ ਗਈ। ਜੇਕਰ ਦੇਖਿਆ ਜਾਵੇ ਤਾਂ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਖੋਖਲਾ ਹੈ। ਜੀਤੀ ਖੇੜਾ ਤੇ ਘੁੰਮਣ ਨੇ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਸਿਰਫ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਕਰ ਸਕਦੀ ਹੈ। ਜੇਕਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਚ ਵਿਕਾਸ ਚਾਹੀਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਚੁਟਕਲਿਆਂ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਦੇਣ ਤਾਂ ਜੋ ਪੰਜਾਬ ਦਾ ਸੁਚੱਜੇ ਢੰਗ ਨਾਲ ਵਿਕਾਸ ਹੋ ਸਕੇ। ਮਹਿਲਾਵਾਂ ਨੂੰ ਦਿੱਤੇ ਜਾ ਰਹੇ 1,000-1,500 ਰੁਪਏ ਨੂੰ ਆਖਰੀ ਸਾਲ ਦੇ ਬਜਟ ਵਿਚ ਐਲਾਨਿਆ ਗਿਆ ਹੈ। ਕੁਝ ਮਹੀਨੇ ਤੱਕ ਫਾਰਮ ਭਰੇ ਜਾਣਗੇ ਉਪੰਰਤ ਪੰਜਾਬ ਅੰਦਰ 2027 ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਗ ਜਾਵੇਗਾ, ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇਕ ਵਾਰ ਫਿਰ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨਾਲ ਜੁਮਲੇਬਾਜ਼ੀ ਕੀਤੀ ਜਾ ਰਹੀ ਹੈ।