- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਲੀ ਦੇ ਤਿਉਹਾਰ ਮੌਕੇ ਬਜਾਰਾ ਚ ਲੱਗੀਆਂ ਰੌਣਕਾਂ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਹੋਲੀ ਦੇ ਆਉਂਦੇ ਹੀ ਸ਼ਹਿਰ ਦੇ ਬਜ਼ਾਰ ਰੰਗਾਂ ਨਾਲ ਸਜੇ ਹੋਏ ਨਜ਼ਰ ਆਉਣ ਲੱਗ ਪਏ। ਗਲੀਆਂ ਵਿਚ ਹਰ ਪਾਸੇ ਗੁਲਾਲ ਦੇ ਢੇਰ, ਪਿਚਕਾਰੀਆਂ ਦੀਆਂ ਕਤਾਰਾਂ ਤੇ ਮਠਿਆਈਆਂ ਦੀ ਮਹਿਕ ਫੈਲੀ ਹੋਈ ਹੈ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਰੰਗ-ਬਿਰੰਗੀ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਹੋਇਆ ਹੈ। ਮਠਿਆਈ ਵਾਲੀਆਂ ਦੁਕਾਨਾਂ ‘ਤੇ ਗੁਝੀਆ, ਲੱਡੂ ਤੇ ਹੋਰ ਪਕਵਾਨਾਂ ਦੀ ਖਾਸ ਤਿਆਰੀ ਕੀਤੀ ਗਈ ਹੈ। ਲੋਕ ਆਪਣੇ ਪਰਿਵਾਰਾਂ ਨਾਲ ਬਾਜ਼ਾਰਾਂ ਵਿਚ ਪਹੁੰਚ ਰਹੇ ਹਨ। ਬੱਚੇ ਨਵੀਆਂ-ਨਵੀਆਂ ਪਿਚਕਾਰੀਆਂ ਤੇ ਰੰਗਾਂ ਦੀ ਖਰੀਦਦਾਰੀ ਕਰਦੇ ਹੋਏ ਬੜੇ ਖੁਸ਼ ਦਿਖਾਈ ਦੇ ਰਹੇ ਹਨ। ਮਾਵਾਂ ਘਰ ਲਈ ਸੁੱਕੇ ਮੇਵੇ, ਮਿਠਾਈਆਂ ਤੇ ਹੋਰ ਤੋਹਫ਼ੇ ਖਰੀਦ ਰਹੀਆਂ ਹਨ। ਕੱਪੜਿਆਂ ਦੀਆਂ ਦੁਕਾਨਾਂ ‘ਤੇ ਵੀ ਖਾਸ ਛੂਟ ਲੱਗੀ ਹੋਈ ਹੈ। ਨਵੇਂ ਕੱਪੜੇ ਪਹਿਨ ਕੇ ਤਿਉਹਾਰ ਮਨਾਉਣ ਦੀ ਰਵਾਇਤ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ। ਹਰ ਪਾਸੇ ਹੱਸਣ-ਖੇਡਣ ਦੀਆਂ ਆਵਾਜ਼ਾਂ, ਬੱਚਿਆਂ ਦੇ ਹਾਸੇ ਤੇ ਵਧਾਈਆਂ ਦਾ ਮਾਹੌਲ ਬਣਿਆ ਹੋਇਆ ਹੈ। ਬਾਜ਼ਾਰਾਂ ਦੀ ਇਹ ਰੌਣਕ ਸਿਰਫ ਖਰੀਦਦਾਰੀ ਨਹੀਂ ਸੀ, ਸਗੋਂ ਖੁਸ਼ੀ ਤੇ ਮਿਲਾਪ ਦਾ ਪ੍ਰਤੀਕ ਹੈ। ਲੋਕ ਇਕ-ਦੂਜੇ ਨੂੰ ਹੋਲੀ ਦੀਆਂ ਵਧਾਈਆਂ ਦੇ ਰਹੇ ਹਨ ਤੇ ਤਿਉਹਾਰ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ। ਇਸ ਤਰ੍ਹਾਂ ਹੋਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ ਵਿਚ ਲੱਗੀਆਂ ਰੌਣਕਾਂ ਨੇ ਸਾਰੇ ਸ਼ਹਿਰ ਨੂੰ ਖੁਸ਼ੀ ਤੇ ਰੰਗਾਂ ਨਾਲ ਭਰ ਦਿੱਤਾ
ਹੋਲੀ ’ਤੇ ਗੁਝੀਆ ਦੀ ਮਠਿਆਈ ਦਾ ਮਹੱਤਵ
ਹੋਲੀ ਰੰਗਾਂ ਤੇ ਖੁਸ਼ੀਆਂ ਦਾ ਤਿਉਹਾਰ ਹੈ। ਇਹ ਬਸੰਤ ਰੁੱਤ ਦੀ ਆਮਦ ਤੇ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਖਾਸ ਕਰਕੇ ਰਾਧਾ ਤੇ ਕ੍ਰਿਸ਼ਨ ਨਾਲ ਜੁੜੀਆਂ ਕਥਾਵਾਂ ਵਿਚ ਹੋਲੀ ਨੂੰ ਪ੍ਰੇਮ ਤੇ ਰੰਗਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਵਿਚ ਸਭ ਤੋਂ ਵਧ ਇਸਤੇਮਾਲ ਕੀਤੀ ਜਾਂਦੀ ਮਠਿਆਈ ਗੁਝੀਆ ਹੈ, ਜਿਸ ਸੰਬਧੀ ਜਾਣਕਾਰੀ ਦਿੰਦਿਆਂ ਮੋਹਨ ਸਵੀਟ ਹਾਉਸ ਦੇ ਮਾਲਕ ਵਿਸ਼ਾਲ ਕੁਮਾਰ ਨੇ ਦਸਿਆ ਕਿ ਗੁਝੀਆ ਬਸੰਤ ਦੀ ਮਿਠਾਸ ਦਾ ਪ੍ਰਤੀਕ ਹੈ। ਗੁਝੀਆ ਦੇ ਅੰਦਰ ਖੋਆ ਤੇ ਨਾਰੀਅਲ ਭਰਿਆ ਜਾਂਦਾ ਹੈ, ਜੋ ਖੁਸ਼ਹਾਲੀ ਤੇ ਮਿਠਾਸ ਦਾ ਸੰਕੇਤ ਹੈ। ਹੋਲੀ ’ਤੇ ਮੰਦਰਾਂ ਵਿਚ ਖਾਸ ਕਰਕੇ ਬਾਂਕੇ ਬਿਹਾਰੀ ਮੰਦਰ ਤੇ ਹੋਰ ਮੰਦਰਾਂ ਵਿਚ ਗੁਝੀਆ ਭੋਗ ਵਜੋਂ ਚੜਾਈ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਮਿਠਾਈ ਭਗਵਾਨ ਨੂੰ ਬਹੁਤ ਪਸੰਦ ਹੈ।
ਰਵਾਇਤ ਤੇ ਪਰਿਵਾਰਕ ਰਸਮਾਂ
ਘਰਾਂ ਵਿਚ ਗੁਝੀਆ ਬਣਾਉਣ ਦੀ ਰਸਮ ਪੁਰਖਿਆਂ ਤੋਂ ਚੱਲੀ ਆ ਰਹੀ ਹੈ। ਇਹ ਇਕੱਠੇ ਬੈਠ ਕੇ ਬਣਾਈ ਜਾਂਦੀ ਹੈ, ਜਿਸ ਨਾਲ ਪਰਿਵਾਰਕ ਪਿਆਰ ਵਧਦਾ ਹੈ। ਲੋਕਾਂ ਕੋਲ ਸਮੇਂ ਦੀ ਘਾਟ ਹੋਣ ਕਾਰਣ ਉਹ ਰੈਡੀਮੇਡ ਗੁਝੀਆ ਹੀ ਪਸੰਦ ਕਰਦੇ ਹਨ। ਇਸੇ ਲਈ ਮੋਹਨ ਸਵੀਟ ਹਾਉਸ ਬੀਤੇ ਕਈ ਸਾਲਾਂ ਤੋਂ ਪੂਜਾ ਵਿਚ ਇਸਤੇਮਾਲ ਕਰਨ ਲਈ ਗੁਝੀਆ ਦਾ ਪ੍ਰਸ਼ਾਦ ਤਿਆਰ ਕਰਦੇ ਆ ਰਹੇ ਹਨ। ਵਿਸ਼ਾਲ ਕੁਮਾਰ ਨੇ ਦਸਿਆ ਕਿ ਪੁਰਾਣੀਆਂ ਕਹਾਵਤਾਂ ਹਨ ਕਿ ਬ੍ਰਜ ਭੂਮੀ ਵਿਚ ਜਦੋਂ ਕ੍ਰਿਸ਼ਨ ਹੋਲੀ ਖੇਡਦੇ ਸਨ, ਤਾਂ ਮਾਂ ਯਸ਼ੋਦਾ ਉਨ੍ਹਾਂ ਲਈ ਮਠਿਆਈਆਂ ਬਣਾਉਂਦੀ ਸੀ। ਗੁਝੀਆ ਖਾਸ ਕਰਕੇ ਉਨ੍ਹਾਂ ਦੀ ਮਨਪਸੰਦ ਮੰਨੀ ਜਾਂਦੀ ਸੀ। ਇਸ ਕਰਕੇ ਅੱਜ ਵੀ ਹੋਲੀ ਦੇ ਦਿਨ ਗੁਝੀਆ ਨੂੰ ਪ੍ਰਸਾਦ ਵਜੋਂ ਮੰਦਰਾਂ ਵਿਚ ਚੜਾਇਆ ਜਾਂਦਾ ਹੈ ਤੇ ਫਿਰ ਭਗਤਾਂ ਵਿਚ ਵੰਡਿਆ ਜਾਂਦਾ ਹੈ। ਵਿਸ਼ਾਲ ਕੁਮਾਰ ਨੇ ਸਾਰਿਆਂ ਨੂੰ ਹੋਲੀ ਤੇ ਹੋਲੇ ਮਹੱਲੇ ਦੀਆਂ ਮੁਬਾਰਕਾਂ ਦਿੱਤੀਆਂ।