- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2027 ਵਿਧਾਨ ਸਭਾ ਚੋਣਾ ਲਈ ਫਗਵਾੜਾ ਸ਼ਹਿਰ ਚ ਭਖਣ ਲੱਗਾ ਮਾਹੌਲ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜਿਵੇਂ-ਜਿਵੇਂ 2027 ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਚੋਣ ਅਖਾੜਾ ਵੀ ਭਖਣਾ ਸ਼ੁਰੂ ਹੋ ਗਿਆ ਹੈ। ਲੋਕਾਂ ਵੱਲੋਂ ਵੱਖੋ-ਵੱਖ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਤੇ ਉਮੀਦਵਾਰਾਂ ਵੱਲੋਂ ਵੀ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। 2027 ਵਿਚ ਸੂਬੇ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਫਗਵਾੜਾ ਤੋਂ ਲਗਭਗ ਸਾਰੇ ਹੀ ਉਮੀਦਵਾਰ ਇਕ ਤੋਂ ਵਧ ਕੇ ਇਕ ਪੜ੍ਹੇ-ਲਿਖੇ ਸੂਝਵਾਨ ਹੋ ਸਕਦੇ ਹਨ। ਜੇਕਰ ਇਕ ਪਾਸੇ ਆਈਏਐੱਸ ਅਧਿਕਾਰੀ ਹੋਣਗੇ ਤਾਂ ਦੂਜੇ ਪਾਸੇ ਡਾਕਟਰ ਤੇ ਵਕੀਲ ਵੀ ਆਪਣਾ ਭਵਿੱਖ ਫਗਵਾੜਾ ਵਿਚ ਅਜ਼ਮਾ ਸਕਦੇ ਹਨ।
ਸਬ-ਡਿਵੀਜ਼ਨ ਫਗਵਾੜਾ ਅੰਦਰ ਆਮ ਆਦਮੀ ਪਾਰਟੀ ਦੀ ਹਨੇਰੀ ਵਿਚ ਵੀ ਕਾਂਗਰਸ ਪਾਰਟੀ ਦੀ ਜਿੱਤ ਨੂੰ ਕਾਇਮ ਰੱਖਣ ਵਾਲੇ ਆਈਏਐੱਸ ਅਧਿਕਾਰੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜੋ ਕਿ ਮੌਜੂਦਾ ਵਿਧਾਇਕ ਵੀ ਹਨ ਤੇ ਫਗਵਾੜਾ ਸ਼ਹਿਰ ਤੇ ਪਿੰਡਾਂ ਦੇ ਲੋਕਾਂ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਵੀ ਦੇਖੀ ਜਾ ਰਹੀ ਹੈ। ਜੇਕਰ ਉਨ੍ਹਾਂ ਦੇ ਸਾਹਮਣੇ ਕੋਈ ਮਜ਼ਬੂਤ ਦਾਅਵੇਦਾਰ ਬਾਕੀ ਸਿਆਸੀ ਪਾਰਟੀਆਂ ਨਹੀਂ ਉਤਾਰਦੀਆਂ ਤਾਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਜਿੱਤ ਇਕਪਾਸੜ ਹੋ ਸਕਦੀ ਹੈ ਪਰ ਜੇਕਰ ਬਲਵਿੰਦਰ ਸਿੰਘ ਧਾਲੀਵਾਲ ਦੀ ਜਗ੍ਹਾ ’ਤੇ ਕੋਈ ਪੈਰਾਸ਼ੂਟ ਉਮੀਦਵਾਰ ਉਤਰਦਾ ਹੈ ਤੇ ਕਾਂਗਰਸ ਆਪਣਾ ਫਗਵਾੜਾ ਦਾ ਗੜ੍ਹ ਗੁਆ ਸਕਦੀ ਹੈ।
ਦੂਜੇ ਪਾਸੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਹੋ ਸਕਦਾ ਹੈ ਕਿ ਫਗਵਾੜਾ ਸ਼ਹਿਰ ਦੇ ਲੋਕਾਂ ਨਾਲ ਦਿਲੀ ਪਿਆਰ ਰੱਖਣ ਵਾਲੇ ਤੇ ਲਗਭਗ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸਮਝ ਕੇ ਹੱਲ ਕਰਵਾਉਣ ਵਾਲੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਚੋਣ ਮੈਦਾਨ ਵਿਚ ਨਿਤਰ ਸਕਦੇ ਹਨ। ਉਹ ਨਾਰਾਜ਼ ਟਕਸਾਲੀ ਆਗੂ ਜਿਨ੍ਹਾਂ ਨੇ ਕਿਸੇ ਸਮੇ ਫਗਵਾੜਾ ਵਿਚ ਆਪ ਪਾਰਟੀ ਨੂੰ ਘਰ-ਘਰ ਪਹੁੰਚਾਇਆ ਸੀ, ਨੂੰ ਮਿਲਕੇ ਪਾਰਟੀ ਨਾਲ ਮੁੜ ਤੋਂ ਜੋੜ ਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ। ਜੇਕਰ ਉਹ ਫਗਵਾੜਾ ਤੋਂ ਚੋਣ ਲੜਦੇ ਹਨ ਤਾਂ ਵਿਰੋਧੀਆਂ ਨੂੰ ਸਖਤ ਮੁਕਾਬਲਾ ਦੇ ਸਕਦੇ ਹਨ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਵੀ ਫਗਵਾੜਾ ਵਾਸੀਆਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਈ ਸੀ ਤੇ ਦੂਜੇ ਪਾਸੇ ਫਗਵਾੜਾ ਸ਼ਹਿਰ ਦੇ ਪਿੰਡਾਂ ਵਿਚ ਖਾਸ ਦਬਦਬਾ ਰੱਖਣ ਵਾਲੇ ਤੇ ਲੋਕ ਸਭਾ ਚੋਣਾਂ ਵਿਚ ਡਾ. ਰਾਜ ਕੁਮਾਰ ਚਬੇਵਾਲ ਦੀ ਜਿਤ ਨੂੰ ਯਕੀਨੀ ਬਣਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਐੱਮਪੀ ਨਾਲ ਬਹੁਤ ਨੇੜਤਾ ਹੈ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡਾ. ਚੱਬੇਵਾਲ ਵੀ 2027 ਵਿਧਾਨ ਸਭਾ ਚੋਣਾਂ ਵਿਚ ਆਈਏਐੱਸ ਅਧਿਕਾਰੀਆਂ ਦੇ ਸਾਹਮਣੇ ਜੋਰ-ਅਜਮਾਇਸ਼ ਕਰਦੇ ਨਜ਼ਰ ਆਉਣਗੇ।
ਜੇਕਰ ਗੱਲ ਕਰੀਏ ਆਈਏਐੱਸ ਅਧਿਕਾਰੀ ਸਾਬਕਾ ਵਿਧਾਇਕ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ ਜੋ ਕਿ ਫਗਵਾੜਾ ਤੋਂ ਦੋ ਵਾਰ ਵਿਧਾਇਕ ਤੇ ਇਕ ਵਾਰ ਲੋਕ ਸਭਾ ਮੈਂਬਰ ਵੀ ਬਣ ਚੁੱਕੇ ਹਨ ਤੇ ਹੁਣ ਉਨ੍ਹਾਂ ਦੇ ਧਰਮ ਪਤਨੀ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਕੈਂਥ ਵੀ ਚੋਣ ਮੈਦਾਨ ਵਿਚ ਉਤਰ ਸਕਦੇ ਹਨ ਪਰ ਹੋ ਸਕਦਾ ਹੈ ਕਿ ਭਾਜਪਾ ਟਿਕਟ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਦੇ ਦੇਵੇ। ਹਾਲਾਂਕਿ ਪਹਿਲਾਂ ਵੀ ਇਨ੍ਹਾਂ ਦੋਵੇ ਧੜਿਆਂ ਨੇ ਟਿਕਟ ਲਈ ਕਾਫੀ ਜ਼ੋਰ-ਅਜ਼ਮਾਇਸ਼ ਕੀਤੀ ਸੀ ਤੇ ਆਖਿਰ ਦਿੱਲੀ ਦਰਬਾਰ ਤੋਂ ਲੋਕ ਸਭਾ ਲਈ ਅਨੀਤਾ ਸੋਮਪ੍ਰਕਾਸ਼ ਕੈਂਥ ਨੂੰ ਉਮਦੀਵਾਰ ਐਲਾਨਿਆ ਗਿਆ ਸੀ। ਹੁਣ 2027 ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਦੋਵਾਂ ਵਿਚੋਂ ਕਿਸ ਨੂੰ ਟਿਕਟ ਮਿਲਦੀ ਹੈ ਜਾਂ ਕੋਈ ਪੈਰਾਸ਼ੂਟ ਊਮੀਦਵਾਰ ਉਤਰੇਗਾ ਇਹ ਵੀ ਆਉਣ ਵਾਲੇ ਸਮੇਂ ਵਿਚ ਸਾਫ ਹੋ ਜਾਵੇਗਾ।
ਬਹੁਜਨ ਸਮਾਜ ਪਾਰਟੀ ਦੇ ਜੁਝਾਰੂ ਆਗੂ ਤੇ ਹਰਮਨ ਪਿਆਰੇ ਐਡਵੋਕੇਟ ਕੁਲਦੀਪ ਭੱਟੀ ਵੀ ਬਹੁਜਨ ਸਮਾਜ ਪਾਰਟੀ ਬਸਪਾ ਵੱਲੋਂ ਆਪਣਾ ਭਵਿੱਖ ਅਜਮਾ ਸਕਦੇ ਹਨ। ਫਗਵਾੜਾ ਸ਼ਹਿਰ ਦੇ ਲੋਕਾਂ ਤੇ ਬਸਪਾ ਵੋਟਰਾਂ ਵਿਚ ਉਨ੍ਹਾਂ ਦੇ ਨਾਮ ਦੀ ਚਰਚਾ ਦੇਖੀ ਜਾ ਰਹੀ ਹੈ। ਬਹੁਤ ਹੀ ਇਮਾਨਦਾਰ ਤੇ ਹਰ ਇਕ ਲੋੜਵੰਦ ਦੀ ਸੇਵਾ ਵਿਚ ਯਤਨ ਕਰਨ ਵਾਲੇ ਐਡਵੋਕੇਟ ਕੁਲਦੀਪ ਭੱਟੀ ਵੀ ਜੇਕਰ ਬਸਪਾ ਵੱਲੋਂ ਆਪਣਾ ਭਵਿੱਖ ਅਜਮਾਉਂਦੇ ਹਨ ਤਾਂ ਉਹ ਵੀ ਬਾਕੀ ਸਿਆਸੀ ਪਾਰਟੀਆਂ ਨੂੰ ਟੱਕਰ ਦੇ ਸਕਦੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਹਰਜੀ ਮਾਨ, ਸੰਤੋਸ਼ ਕੁਮਾਰ ਗੋਗੀ ਸਮੇਤ ਹੋਰ ਵੀ ਕਈ ਚਿਹਰੇ ਵਿਧਾਨ ਸਭਾ ਚੋਣਾਂ ਲਈ ਅੱਗੇ ਆਉਣ ਦੇ ਯਤਨ ਕਰ ਰਹੇ ਹਨ। ਬੀਜੇਪੀ ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਵਿਜੇ ਸਾਂਪਲਾ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉੱਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਥੇਦਾਰ ਬਲਜਿੰਦਰ ਸਿੰਘ ਠੇਕੇਦਾਰ ਤੇ ਸਰੂਪ ਸਿੰਘ ਖਲਵਾੜਾ ਵੀ ਫਗਵਾੜਾ ਤੋਂ ਚੋਣ ਲੜਨ ਦੇ ਚਾਹਵਾਨ ਦੱਸੇ ਜਾ ਰਹੇ ਹਨ। ਕਿਹੜੀਆਂ ਪਾਰਟੀਆਂ ਦਾ ਕਿਨ੍ਹਾਂ ਪਾਰਟੀਆਂ ਦੇ ਨਾਲ ਸਮਝੌਤਾ ਹੋਵੇਗਾ ਤੇ ਕਿਹੜੇ ਉਮੀਦਵਾਰ ਆਜ਼ਾਦ ਹੋ ਕੇ ਜਾਂ ਹੋਰਾਂ ਪਾਰਟੀਆਂ ਵਿਚ ਜਾ ਕੇ ਸ਼ਹਿਰ ਫਗਵਾੜਾ ਅੰਦਰ ਆਪਣੀ ਕਿਸਮਤ ਅਜਮਾਉਣਗੇ ਇਹ ਆਉਣ ਵਾਲੇ ਸਮੇਂ ਵਿਚ ਜਿਉਂ-ਜਿਉਂ ਚੋਣ ਅਖਾੜਾ ਭਖੇਗਾ ਜੱਗ-ਜ਼ਾਹਿਰ ਹੁੰਦਾ ਜਾਏਗਾ।