ਕਿਸਾਨਾਂ ਦੀ ਗ੍ਰਿਫਤਾਰੀ ਅਤਿ ਨਿੰਦਣਯੋਗ : ਬਾਊਪੁਰ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਹੋਰ ਕਿਸਾਨਾਂ ਦੀ ਗ੍ਰਿਫਤਾਰੀ ਅਤਿ ਨਿੰਦਣਯੋਗ
Publish Date: Sat, 17 Jan 2026 07:28 PM (IST)
Updated Date: Sat, 17 Jan 2026 07:30 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸੰਗਠਤ ਸਕੱਤਰ ਸ਼ੇਰ ਸਿੰਘ ਮਹੀਵਾਲ ਤੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ 7 ਜਨਵਰੀ ਨੂੰ ਉਚ ਅਧਿਕਾਰੀਆਂ ਨਾਲ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ਨਾ ਕਰਕੇ ਕਿਸਾਨ ਆਗੂਆਂ ਨੂੰ ਅਪਮਾਨਿਤ ਕੀਤਾ ਹੈ। ਇਸ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉਤੇ 18 ਜਨਵਰੀ ਨੂੰ ਮਜੀਠਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਸਮੇਂ ਮੰਨੀਆਂ ਹੋਈਆਂ ਕਿਸਾਨੀ ਮੰਗਾਂ ਸਬੰਧੀ ਸਵਾਲ ਪੁੱਛਣ ਦਾ ਐਲਾਨ ਕੀਤਾ ਗਿਆ ਸੀ, ਪਰ ਪੰਜਾਬ ਸਰਕਾਰ ਨੇ ਬੁਖਲਾਹਟ ਵਿਚ ਆ ਕੇ ਬੁਜ਼ਦਲਾਨਾ ਕਾਰਵਾਈ ਕਰਦਿਆਂ ਪਿਛਲੀ ਅੱਧੀ ਰਾਤ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਸਮੇਤ 15 ਹੋਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਸਾਨ ਮਜ਼ਦੂਰ ਮੋਰਚੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਖੌਤੀ ਲੋਕ ਰਾਜ ਦਾ ਕੀਤਾ ਜਾ ਰਿਹਾ ਘਾਣ ਤੇ ਪੁਲਿਸ ਜ਼ਬਰ ਨਾਲ ਕੀਤੀ ਜਾ ਰਹੀ ਜ਼ੁਬਾਨਬੰਦੀ ਦੀ ਸਖ਼ਤ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਕੱਲ੍ਹ ਹਰ ਹਾਲਤ ਵਿਚ ਪੁਲਿਸ ਜ਼ਬਰ ਦਾ ਸਬਰ ਨਾਲ ਮੁਕਾਬਲਾ ਕਰਦੇ ਹੋਏ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਲਈ ਹਜ਼ਾਰਾਂ ਕਿਸਾਨ, ਮਜ਼ਦੂਰ, ਬੀਬੀਆਂ ਘਰਾਂ ਵਿਚੋਂ ਨਿਕਲਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਧੋਖੇ ਨਾਲ 19 ਮਾਰਚ 2025 ਨੂੰ ਸ਼ੰਭੂ, ਖਨੌਰੀ ਬਾਰਡਰ ਉਤੇ 401 ਦਿਨ ਤੋਂ ਚੱਲ ਰਹੇ ਮੋਰਚਿਆਂ ਨੂੰ ਪੁਲਿਸ ਜ਼ਬਰ ਨਾਲ ਖਦੇੜਿਆ ਤੇ ਟ੍ਰੈਕਟਰ ਟਰਾਲੀਆਂ ਸਮੇਤ 3 ਕਰੋੜ 77 ਲੱਖ ਦਾ ਕੀਮਤੀ ਸਮਾਨ ਚੋਰੀ ਹੈ ਜਾਂ ਭੰਨਤੋੜ ਕਰਕੇ ਨਸ਼ਟ ਕੀਤਾ। ਲਗਪਗ 435 ਜ਼ਖ਼ਮੀ ਤੇ 49 ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਤਰੁੰਤ ਮੰਨੀਆਂ ਜਾਣ ਨਹੀਂ ਤਾਂ ਸੰਘਰਸ਼ ਦਾ ਸੇਕ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਉੱਤੇ ਝੱਲਣਾ ਪਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੰਭੂ, ਖਨੌਰੀ ਮੋਰਚੇ ਦੇ ਸਮਾਨ ਦੀ 3 ਕਰੋੜ 77 ਲੱਖ ਦੀ ਭਰਪਾਈ ਕੀਤੀ ਜਾਵੇ, ਜ਼ਖਮੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਵੇ ਤੇ ਪ੍ਰੀਪੇਡ ਮੀਟਰ ਲਾਉਣੇ ਬੰਦ ਕੀਤੇ ਜਾਣ, ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣੀਆਂ ਬੰਦ ਕੀਤੀਆਂ ਜਾਣ, ਸੰਘੀ ਢਾਂਚੇ ਦਾ ਕੀਤਾ ਜਾ ਰਿਹਾ ਕੇਂਦਰੀਕਰਨ ਤੇ ਜਨਤਕ ਅਦਾਰਿਆਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਬੰਦ ਕੀਤਾ ਜਾਵੇ, ਬੀਜ ਐਕਟ 2025 ਤੇ ਅਮਰੀਕਾ ਨਾਲ ਕੀਤਾ ਜਾ ਰਿਹਾ ਕਰ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਵੀਬੀ-ਜੀ ਰਾਮ ਜੀ ਸਕੀਮ ਰੱਦ ਕਰਕੇ ਪਹਿਲੀ ਮਨਰੇਗਾ ਸਕੀਮ ਚਾਲੂ ਰੱਖੀ ਜਾਵੇ, ਮਨਰੇਗਾ ਵਿਚ 200 ਦਿਨ ਕੰਮ ਤੇ 700 ਰੁਪਏ ਦਿਹਾੜੀ ਕੀਤੀ ਜਾਵੇ, ਪਿਛਲੇ ਦਿਨੀਂ ਆਏ ਹੜ੍ਹਾਂ ਦਾ ਰਹਿੰਦਾ ਮੁਆਵਜ਼ਾ ਤਰੁੰਤ ਦਿੱਤਾ ਜਾਵੇ ਤੇ ਪਰਾਲੀ ਸਾੜਨ ਦੇ ਕੀਤੇ ਪਰਚੇ ਰੱਦ ਕੀਤੇ ਜਾਣ। ਇਸ ਸਮੇ ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਜ਼ੋਨ ਪ੍ਰਧਾਨ ਹਰਵਿੰਦਰ ਸਿੰਘ, ਜ਼ੋਨ ਪ੍ਰਧਾਨ ਪਿਆਰਾ ਸਿੰਘ ਵਾਟਾਂ ਵਾਲੀ, ਜ਼ੋਨ ਪ੍ਰਧਾਨ ਜੋਗਾ ਸਿੰਘ, ਜ਼ਿਲ੍ਹਾ ਖਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਜ਼ਿਲ੍ਹਾ ਪ੍ਰੈੱਸ ਸੱਕਤਰ ਪੁਸ਼ਪਿੰਦਰ ਸਿੰਘ, ਮੋਮੀ ਰਣਧੀਰ ਪੁਰ ਆਦਿ ਹਾਜ਼ਰ ਸਨ।