ਖੁਰਾਣਾ ਦੀ ਨਿਯੁਕਤੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ : ਵਾਲੀਆ
ਸ. ਰਣਜੀਤ ਸਿੰਘ ਖੁਰਾਣਾ ਦੀ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਹੋਰ ਮਜਬੂਤ ਹੋਵੇਗੀ : ਹਰਵਿੰਦਰ ਸਿੰਘ ਵਾਲੀਆ
Publish Date: Fri, 30 Jan 2026 07:31 PM (IST)
Updated Date: Fri, 30 Jan 2026 07:34 PM (IST)
ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਫਗਵਾੜਾ ਵਿਧਾਨਸਭਾ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਨੂੰ ਪਾਰਟੀ ਦੀ ਉਦਯੋਗ ਤੇ ਟਰੇਡ ਵਿੰਗ ਪੰਜਾਬ ਦੀ ਕੋਰ ਕਮੇਟੀ ਦਾ ਮੈਂਬਰ ਬਣਾਏ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਫਗਵਾੜਾ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਸਰਕਲ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ ਸਮੂਹ ਅਕਾਲੀ ਆਗੂਆਂ ਨੇ ਖੁਰਾਣਾ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਰਣਜੀਤ ਸਿੰਘ ਖੁਰਾਣਾ ਦੀ ਨਿਯੁਕਤੀ ਨਾਲ ਹਲਕੇ ਅੰਦਰ ਵਪਾਰੀ ਤੇ ਉਦਯੋਗਿਕ ਵਰਗ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਖੁਰਾਣਾ ਵਪਾਰੀ ਵਰਗ ਨਾਲ ਗਹਿਰੇ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਨਾਲ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਦੇ ਮੰਚ ‘ਤੇ ਉਭਾਰਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਆਉਂਦੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਦੇਖਦਿਆਂ ਇਹ ਨਿਯੁਕਤੀ ਪਾਰਟੀ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਵਪਾਰੀ ਵਰਗ ਦਾ ਸਮਰਥਨ ਮਿਲਣ ਨਾਲ ਹਲਕਾ ਫਗਵਾੜਾ ਵਿਚ ਅਕਾਲੀ ਦਲ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਤੇ ਪਾਰਟੀ ਨਵੇਂ ਜੋਸ਼ ਨਾਲ ਚੋਣ ਮੈਦਾਨ ਵਿਚ ਉਤਰੇਗੀ।
ਰਣਜੀਤ ਸਿੰਘ ਖੁਰਾਣਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਮਾਣ ਦੀ ਗੱਲ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਦਯੋਗ ਤੇ ਵਪਾਰ ਨਾਲ ਜੁੜੇ ਵਰਗਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਦਾ ਹੀ ਵਪਾਰੀ ਤੇ ਉਦਯੋਗਿਕ ਵਰਗ ਦੇ ਹਿੱਤਾਂ ਦੀ ਰੱਖਿਆ ਕਰਦਾ ਆਇਆ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਪਰੰਪਰਾ ਬਰਕਰਾਰ ਰਹੇਗੀ। ਇਸ ਮੌਕੇ ਖੁਰਾਣਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੀਨੀਅਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।