ਪੀਰ ਸਖੀ ਸ਼ਾਹ ਸੁਲਤਾਨ ਦਾ ਸਾਲਾਨਾ ਮੇਲਾ ਅੱਜ ਤੋ ਸ਼ੁਰੂ
ਦਰਬਾਰ ਪੀਰ ਬਾਬਾ ਸਖੀ ਸ਼ਾਹ ਸੁਲਤਾਨ ਦਾ ਸਾਲਾਨਾ ਮੇਲਾ 1 ਤੋਂ 3 ਮਾਰਚ ਤੱਕ ਮਨਾਇਆ ਜਾਵੇਗਾ
Publish Date: Sat, 28 Feb 2026 08:24 PM (IST)
Updated Date: Sat, 28 Feb 2026 08:25 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਦਰਬਾਰ ਪੀਰ ਬਾਬਾ ਸਖੀ ਸ਼ਾਹ ਸੁਲਤਾਨ ਸੇਵਾ ਕਮੇਟੀ ਦੇ ਮੈਂਬਰਾਂ ਵੱਲੋਂ ਸਾਲਾਨਾ ਮੇਲੇ ਸਬੰਧੀ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਪੰਡਿਤ ਰਾਜਪਾਲ ਸ਼ਰਮਾ, ਸੁੱਚਾ ਸਿੰਘ ਤੇ ਤਿਲਕ ਰਾਜ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਕਮੇਟੀ ਪ੍ਰਧਾਨ ਗੁਰਦਿਆਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੁਲਾਈ ਗਈ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਬਾਰ ਵਿਖੇ ਸਾਲਾਨਾ ਮੇਲਾ 1, 2 ਤੇ 3 ਮਾਰਚ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੇਲੇ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਜਾਰੀ ਹਨ ਤੇ ਇਲਾਕੇ ਦੀਆਂ ਸੰਗਤਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 2 ਮਾਰਚ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸੇ ਦਿਨ ਰਾਤ 9 ਵਜੇ ਮਹਿਫ਼ਿਲ-ਏ-ਕੱਵਾਲ ਦਾ ਆਯੋਜਨ ਕੀਤਾ ਜਾਵੇਗਾ। ਮਹਿਫ਼ਿਲ ਵਿਚ ਪੰਜਾਬ ਦੇ ਪ੍ਰਸਿੱਧ ਕੱਵਾਲ ਸਰਬਜੀਤ ਹੁਸ਼ਿਆਰਪੁਰ ਵਾਲੇ ਆਪਣੀ ਰੂਹਾਨੀ ਕੱਵਾਲੀ ਰਾਹੀਂ ਦਰਬਾਰ ਵਿਚ ਹਾਜ਼ਰੀ ਭਰਨਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ। ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਤਿੰਨ ਦਿਨ ਅਤੁੱਟ ਲੰਗਰ ਭੰਡਾਰੇ ਲਗਾਤਾਰ ਚੱਲਦੇ ਰਹਿਣਗੇ। ਦੂਰ-ਦੁਰੇਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਤੇ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ। ਦਰਬਾਰ ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਣ ਤੇ ਆਪਣਾ ਯੋਗਦਾਨ ਪਾਉਣ। ਇਸ ਮੌਕੇ ਬਾਊ ਰਾਜਪਾਲ ਸ਼ਰਮਾ, ਸਾਬਕਾ ਕੌਂਸਲਰ ਤਿਲਕ ਰਾਜ, ਸੇਵਾਦਾਰ ਸੁੱਚਾ ਸਿੰਘ, ਮੁਕੇਸ਼ ਕੁਮਾਰ ਚੌਹਾਨ, ਗੁਰਪਿੰਦਰ ਜੀਤ, ਕਮਲਪ੍ਰੀਤ ਸਿੰਘ ਸੋਨੀ, ਹਰਪ੍ਰੀਤ ਸਿੰਘ, ਦਰਸ਼ਨ, ਲਵਪ੍ਰੀਤ ਸਿੰਘ, ਸੁਖਜੀਵਨ ਸਿੰਘ ਮੰਗੂ, ਆਸ਼ੂ, ਜਿੰਦਰ ,ਅਮਰਜੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।