ਡਿਜੀਟਲ ਯੁੱਗ ‘ਚ ਨੌਜਵਾਨਾਂ ਨੂੰ ਕੰਪਿਉਟਰ ਦਾ ਵੱਧ ਤੋਂ ਵੱਧ ਤਕਨੀਕੀ ਗਿਆਨ ਦੇਣਾ ਉਦੇਸ਼ : ਪ੍ਰਦੀਪ ਧੀਮਾਨ
ਡਿਜੀਟਲ ਯੁੱਗ ‘ਚ ਨੌਜਵਾਨਾਂ ਨੂੰ ਕੰਪਿਉਟਰ ਦਾ ਵੱਧ ਤੋਂ ਵੱਧ ਤਕਨੀਕੀ ਗਿਆਨ ਦੇਣਾ ਉਦੇਸ਼ - ਪ੍ਰਦੀਪ ਧੀਮਾਨ
Publish Date: Thu, 23 Apr 2026 08:54 PM (IST)
Updated Date: Fri, 24 Apr 2026 04:13 AM (IST)

ਕੈਪਸ਼ਨ-23ਪੀਐਚਜੀ11 ਸ਼੍ਰੀ ਵਿਸ਼ਵਕਰਮਾ ਕੰਪਿਉਟਰ ਇੰਸਟੀਚਿਊਟ ਵਿਖੇ ਸਰਟੀਫਿਕੇਟ ਵੰਡ ਸਮਾਗਮ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਪ੍ਰਦੀਪ ਧੀਮਾਨ ਅਤੇ ਹੋਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਫਗਵਾੜਾ ਵਲੋਂ ਬੰਗਾ ਰੋਡ ਸਥਿਤ ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਕੰਪਿਊਟਰ ਇੰਸਟੀਚਿਊਟ ਦਾ 21ਵਾਂ ਸਲਾਨਾ ਫੇਅਰਵੈੱਲ ਅਤੇ ਸਰਟੀਫਿਕੇਟ ਵੰਡ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਈਐੱਸਓ ਸਰਟੀਫਿਕੇਟ ਵੰਡੇ ਗਏ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਦੀਪ ਧੀਮਾਨ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ‘ਚ ਕੰਪਿਊਟਰ ਦੀ ਜਾਣਕਾਰੀ ਹਰ ਨੌਜਵਾਨ ਲਈ ਅਤਿ ਜਰੂਰੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹਰ ਬੱਚੇ ਨੂੰ ਕੰਪਿਊਟਰ ਸਿੱਖਿਆ ਦੇ ਨਾਲ ਜੋੜਨਾ ਹੈ, ਤਾਂ ਜੋ ਉਹ ਭਵਿੱਖ ਵਿੱਚ ਸਵੈ-ਨਿਰਭਰ ਬਣ ਸਕੇ। ਉਨ੍ਹਾਂ ਕੋਰਸ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਜੀਵਨ ਵਿੱਚ ਨਿਰੰਤਰ ਮਿਹਨਤ ਕਰਨ, ਉੱਚੇ ਆਦਰਸ਼ਾਂ ‘ਤੇ ਚੱਲਣ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵੱਲੋਂ ਘੱਟ ਖਰਚੇ ‘ਤੇ ਆਧੁਨਿਕ ਕੋਰਸ ਕਰਵਾਏ ਜਾਂਦੇ ਹਨ ਅਤੇ ਆਈ.ਐਸ.ਓ. ਸਰਟੀਫਿਕੇਟ ਦਿੱਤਾ ਜਾਂਦਾ ਹੈ, ਜਿਸ ਨਾਲ ਸਿਖਿਆਰਥੀਆਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਹੁੰਦੇ ਹਨ। ਸੰਸਥਾ ਦੇ ਸਰਪ੍ਰਸਤ ਸ. ਜਸਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਇੰਸਟੀਚਿਊਟ ਤੋਂ ਹਜ਼ਾਰਾਂ ਵਿਦਿਆਰਥੀ ਕੰਪਿਊਟਰ ਸਿੱਖ ਕੇ ਵੱਖ-ਵੱਖ ਖੇਤਰਾਂ ਵਿੱਚ ਸਫਲਤਾਪੂਰਵਕ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਥੀਆਂ ਅਤੇ ਜਾਣਕਾਰਾਂ ਨੂੰ ਵੀ ਇਸ ਸੰਸਥਾ ਬਾਰੇ ਜਾਣਕਾਰੀ ਦੇਣ, ਤਾਂ ਜੋ ਹੋਰ ਬੱਚੇ ਵੀ ਘੱਟ ਖਰਚੇ ਵਿੱਚ ਆਧੁਨਿਕ ਗਿਆਨ ਪ੍ਰਾਪਤ ਕਰ ਕੇ ਆਪਣਾ ਭਵਿੱਖ ਸੁਨਹਿਰਾ ਬਣਾ ਸਕਣ। ਇਸ ਮੌਕੇ ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਅਮੋਲਕ ਸਿੰਘ ਝੀਤਾ, ਨਰਿੰਦਰ ਸਿੰਘ ਭੱਚੂ, ਸੁੱਖਵਿੰਦਰ ਸਿੰਘ ਕੁੰਦੀ, ਪਰਮਜੀਤ ਸਿੰਘ ਭੋਗਲ, ਗੁਰਮੁੱਖ ਸਿੰਘ ਲਾਲ, ਸੁਰਿੰਦਰ ਕੁਮਾਰ, ਸਰਬਜੀਤ ਸਿੰਘ ਅਤੇ ਵਿਕਰਮ ਰੂਪਰਾਏ ਸਮੇਤ ਹੋਰ ਪਤਵੰਤੇ ਹਾਜ਼ਰ ਸਨ।