ਇੰਡੀਅਨ ਜਰਨਲਿਸਟਸ ਯੂਨੀਅਨ ਦੀ 11ਵੀਂ ਪਲੈਨਰੀ 28 ਨੂੰ
ਇੰਡੀਅਨ ਜਰਨਲਿਸਟਸ ਯੂਨੀਅਨ ਦੀ 11ਵੀਂ ਪਲੈਨਰੀ ਵਿਜੇਵਾੜਾ ਵਿੱਚ 28-29 ਮਾਰਚ ਨੂੰ
Publish Date: Tue, 24 Mar 2026 06:59 PM (IST)
Updated Date: Tue, 24 Mar 2026 07:01 PM (IST)

--ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਸਮੇਤ ਪੰਜਾਬ ਦੇ 9 ਆਗੂ ਸ਼ਮੂਲੀਅਤ ਕਰਨਗੇ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਦੀ 11ਵੀਂ ਪਲੈਨਰੀ 28-29 ਮਾਰਚ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ (ਅਮਰਾਵਤੀ) ਵਿਚ ਹੋਵੇਗੀ। ਆਈਜੇਯੂ ਦੇ ਪ੍ਰਧਾਨ ਕੇ ਸ੍ਰੀਨਿਵਾਸ ਰੈੱਡੀ, ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਤੇ ਸਕੱਤਰ ਡੀ ਸੋਮਸੁੰਦਰ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਤੇ ਪਹਿਲੇ ਸੈਸ਼ਨ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਕਈ ਕੇਂਦਰੀ ਮੰਤਰੀ ਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਂਧਰਾ ਪ੍ਰਦੇਸ਼ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ 34 ਸਾਲ ਬਾਅਦ ਆਈਜੇਯੂ ਪਲੈਨਰੀ ਦੀ ਮੇਜ਼ਬਾਨੀ ਕਰ ਰਹੀ ਹੈ। ਸੂਬਾਈ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਜਨਰਲ ਸੰਤੋਖ ਗਿੱਲ, ਬਿੰਦੂ ਸਿੰਘ, ਭੂਸ਼ਨ ਸੂਦ, ਦਵਿੰਦਰ ਸਿੰਘ ਭੰਗੂ, ਰਾਜਨ ਮਾਨ, ਸੁਖਨੈਬ ਸਿੰਘ ਸਿੱਧੂ ਤੇ ਐਡਵੋਕੇਟ ਹਰਜੀਤ ਸਿੰਘ ਫਜ਼ਲਾਬਾਦ, ਕਪੂਰਥਲਾ ਪੰਜਾਬ ਦੀ ਨੁਮਾਇੰਦਗੀ ਕਰਨਗੇ। ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ 1992 ਵਿਚ ਵਿਜੇਵਾੜਾ ਵਿਚ ਦੂਜੀ ਆਈਜੇਯੂ ਪਲੈਨਰੀ ਹੋਈ ਸੀ। 25 ਰਾਜਾਂ ਦੀਆਂ ਐਫੀਲੀਏਟਿਡ ਯੂਨੀਅਨਾਂ ਦੇ ਚੁਣੇ ਹੋਏ ਨੁਮਾਇੰਦੇ, ਸੂਬਾਈ ਪ੍ਰਧਾਨ ਤੇ ਜਨਰਲ ਸਕੱਤਰ ਇਸ ਪਲੈਨਰੀ ਵਿਚ ਭਾਗ ਲੈਣਗੇ। ਪਲੈਨਰੀ ਵਿਚ ਪੇਸ਼ੇਵਰ ਮੁੱਦਿਆਂ, ਭਾਰਤ ਵਿਚ ਮੀਡੀਆ ਦੀ ਮੌਜੂਦਾ ਸਥਿਤੀ, ਮੀਡੀਆ ਦੀ ਅਜ਼ਾਦੀ ਉਪਰ ਹਾਲੀਆ ਖ਼ਤਰਿਆਂ ਤੋਂ ਇਲਾਵਾ ਤੇ ਜਥੇਬੰਦਕ ਮਾਮਲਿਆਂ ਤੇ ਵੀ ਚਰਚਾ ਹੋਵੇਗੀ। ਕਾਨਫ਼ਰੰਸ ਵਿਚ ਪੱਤਰਕਾਰਾਂ ਦੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ ਯੋਜਨਾਬੰਦੀ ਤਿਆਰ ਹੋਵੇਗੀ, ਜਿਸ ਵਿਚ ਪੇਸ਼ੇਵਰ ਤੇ ਪੱਤਰਕਾਰਾਂ ਦੀ ਭਲਾਈ ਲਈ ਉਪਾਅ ਸ਼ਾਮਲ ਹੋਣਗੇ। ਪਲੈਨਰੀ ਵਿਚ ਅਗਲੇ ਦੋ ਸਾਲਾਂ ਲਈ ਨਵੀਂ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ ਤੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਤੇ ਸਕੱਤਰ ਜਨਰਲ ਡੀ ਸੋਮਸੁੰਦਰ ਕਾਰਜ ਭਾਰ ਸੰਭਾਲਣਗੇ।