ਸੰਤ ਸੀਚੇਵਾਲ ਨੇ ਮੌਰੀਸ਼ਸ ’ਚ ਫਸੇ ਪੰਜਾਬੀ ਨੌਜਵਾਨ ਨੂੰ ਬਚਾਇਆ
ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮੌਰੀਸ਼ਸ ਵਿੱਚ ਫਸੇ ਪੰਜਾਬੀ ਨੌਜਵਾਨ ਦੀ ਸੁਰੱਖਿਅਤ ਵਾਪਸੀ
Publish Date: Sat, 06 Jun 2026 09:30 PM (IST)
Updated Date: Sat, 06 Jun 2026 09:32 PM (IST)

--ਜਹਾਜ਼ੇ ਚੜ੍ਹਨ ਦੀ ਲਾਲਸਾ ਹੀ ਖੋਲ੍ਹਦੀ ਹੈ ਟ੍ਰੈਵਲ ਏਜੰਟਾਂ ਲਈ ਠੱਗੀ ਦਾ ਰਾਹ --ਟੂਰਿਸਟਾਂ ਦੀ ਆੜ ਹੇਠ ਟ੍ਰੈਵਲ ਏਜੰਟ ਕਰਦੇ ਹਨ ਮਨੁੱਖੀ ਤਸਕਰੀ ਦਾ ਗੋਰਖਧੰਦਾ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਯੂਰਪ ਦੇ ਖੂਬਸੂਰਤ ਦੇਸ਼ ਮੌਰੀਸ਼ਸ ਦੀ ਜੇਲ੍ਹ ਵਿਚੋਂ ਵਾਪਸ ਆਏ ਲੁਧਿਆਣੇ ਦੇ ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਟ੍ਰੈਵਲ ਏਜੰਟ ਟੂਰਿਸਟਾਂ ਦੀ ਆੜ ਹੇਠ ਮਨੁੱਖੀ ਤਸਕਰੀ ਦਾ ਵੱਡਾ ਗੋਰਖਧੰਦਾ ਕਰਦੇ ਹਨ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਰਿਵਾਰ ਸਮੇਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕਰਨ ਲਈ ਪਹੁੰਚੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਭੋਲੇ-ਭਾਲੇ ਪੰਜਾਬੀਆਂ ਨੂੰ ਆਪਣੀ ਚੁੰਗਲ ਵਿਚ ਫਸਾਕੇ ਵਿਦੇਸ਼ਾਂ ਦੀ ਧਰਤੀ ‘ਤੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ ਸਾਲ ਜਨਵਰੀ ਵਿਚ ਮੌਰੀਸ਼ਸ ਗਿਆ ਸੀ, ਜਿਥੋਂ ਦਾ ਵੀਜ਼ਾ ਉਥੇ ਪਹੁੰਚਣ ‘ਤੇ ਏਅਰਪੋਰਟ ‘ਤੇ ਹੀ ਮਿਲ ਜਾਂਦਾ ਹੈ। ਇਸੇ ਗੱਲ ਦਾ ਟ੍ਰੈਵਲ ਏਜੰਟ ਫਾਇਦਾ ਚੁੱਕਦੇ ਹਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਸੈਲਾਨੀਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਪੰਜਾਬੀਆਂ ਵਿਚ ਜਹਾਜ਼ੇ ਚੜ੍ਹਨ ਦੀ ਲਾਲਸਾ ਹੀ ਉਨ੍ਹਾਂ ਲਈ ਵੱਡੇ ਧੋਖੇ ਦਾ ਕਾਰਨ ਬਣਦੀ ਹੈ। ਵਿਦੇਸ਼ੀ ਭਾਸ਼ਾ ਦੀ ਸਮੱਸਿਆ ਤੇ ਜਿਹੜੇ ਦੇਸ਼ ਵਿਚ ਜਾਣਾ ਉਸ ਬਾਰੇ ਅਣਜਾਣਤਾ ਹੀ ਚਲਾਕ ਟ੍ਰੈਵਲ ਏਜੰਟਾਂ ਲਈ ਲੁੱਟ ਦਾ ਰਾਹ ਮੋਕਲਾ ਕਰਦੀ ਹੈ। ਟੂਰਸਿਟ ਵੀਜ਼ੇ ‘ਤੇ ਕੰਮ ਕੀਤਾ ਹੀ ਨਹੀਂ ਜਾ ਸਕਦਾ। ਓਵਰ ਸਟੇਅ ਹੋਣ ਕਾਰਨ ਟੈ੍ਰਵਲ ਏਜੰਟਾਂ ਦੇ ਹੱਥ ਵਿਚ ਆਈਆਂ ਕਮਜ਼ੋਰੀਆਂ ਦਾ ਉਹ ਡਰਾ-ਡਰਾ ਕੇ ਫਾਇਦਾ ਚੁੱਕਦੇ ਹਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਜਨਵਰੀ 2025 ਵਿਚ ਟੂਰਿਸਟ ਵੀਜ਼ੇ ‘ਤੇ ਮੌਰੀਸ਼ਸ ਗਿਆ ਸੀ। ਉਥੇ ਪਹੁੰਚਦਿਆਂ ਹੀ ਕੰਪਨੀ ਦੇ ਪ੍ਰਬੰਧਕਾਂ ਨੇ ਉਸ ਦਾ ਪਾਸਪੋਰਟ ਖੋਹ ਲਿਆ। ਟੂਰਿਸਟ ਵੀਜ਼ੇ ਨੂੰ ਵਰਕ ਵੀਜ਼ੇ ਵਿਚ ਬਦਲਣ ਦਾ ਏਜੰਟ ਨੇ ਲਾਰਾ ਲਾਈ ਰੱਖਿਆ। ਜਦੋਂ ਤੱਕ ਕੰਪਨੀ ਕੋਲ ਕੰਮ ਸੀ ਉਹ ਕੰਮ ਕਰਵਾਉਂਦੀ ਰਹੀ ਮਗਰੋਂ ਉਸਨੂੰ ਕੱਢ ਦਿੱਤਾ ਗਿਆ। ਕੰਪਨੀ ਵਿਚ ਕੰਮ ਮੁਕਣ ਤੋਂ ਬਾਅਦ ਉਸ ਨੂੰ ਪਾਸਪੋਰਟ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ ਉਹ ਬਿਨਾਂ ਦਸਤਾਵੇਜ਼ਾਂ ਦੇ ਓਵਰ ਸਟੇਅ ਦੀ ਸਥਿਤੀ ਵਿਚ ਆ ਗਿਆ। ਇਸੇ ਦੌਰਾਨ ਸਥਾਨਕ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਲਗਪਗ 15 ਤੋਂ 20 ਦਿਨ ਤੱਕ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਵੀ ਟੁੱਟ ਗਿਆ। ਕੰਮ ਦੌਰਾਨ ਉਸਦਾ ਪਾਸਪੋਰਟ ਕੰਪਨੀ ਵੱਲੋਂ ਜ਼ਬਤ ਕਰ ਲਿਆ ਗਿਆ ਤੇ ਉਸ ਨੂੰ ਲਗਾਤਾਰ ਛੇ ਮਹੀਨੇ ਤੱਕ ਟੂਰਿਸਟ ਵੀਜ਼ਾ ਵਧਾ ਕੇ 14–14 ਘੰਟੇ ਕੰਮ ਕਰਵਾਇਆ ਜਾਂਦਾ ਰਿਹਾ। ਇਸ ਦੌਰਾਨ ਇਕ ਮਹੀਨੇ ਦੀ ਤਨਖਾਹ (ਲਗਭਗ 30 ਹਜ਼ਾਰ ਰੁਪਏ) ਵੀ ਨਹੀਂ ਦਿੱਤੀ ਗਈ। ਇਸ ਸੰਕਟਮਈ ਹਾਲਾਤ ਦੀ ਜਾਣਕਾਰੀ ਮਿਲਣ ‘ਤੇ 24 ਮਈ ਨੂੰ ਜਸਵਿੰਦਰ ਸਿੰਘ ਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਸੰਤ ਸੀਚੇਵਾਲ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜਿਆ ਤੇ ਲਗਾਤਾਰ ਪੈਰਵਾਈ ਕੀਤੀ। ਸੰਤ ਸੀਚੇਵਾਲ ਦੇ ਸਰਗਰਮ ਯਤਨਾਂ ਤੇ ਤੁਰੰਤ ਦਖ਼ਲਅੰਦਾਜ਼ੀ ਸਦਕਾ ਭਾਰਤੀ ਦੂਤਾਵਾਸ ਨੇ ਤੇਜ਼ ਕਾਰਵਾਈ ਕਰਦੇ ਹੋਏ ਜਸਵਿੰਦਰ ਸਿੰਘ ਨੂੰ ਹਿਰਾਸਤ ਵਿਚੋਂ ਰਿਹਾਅ ਕਰਵਾਇਆ। ਨਾਲ ਹੀ ਉਸਦਾ ਰੋਕਿਆ ਗਿਆ ਪਾਸਪੋਰਟ ਵੀ ਵਾਪਸ ਦਿਵਾਇਆ ਗਿਆ ਤੇ ਇਕ ਹਫ਼ਤੇ ਦੇ ਅੰਦਰ-ਅੰਦਰ ਉਸ ਨੂੰ ਸੁਰੱਖਿਅਤ ਤੌਰ ‘ਤੇ ਭਾਰਤ ਭੇਜਿਆ ਗਿਆ। ਵਾਪਸੀ ਤੋਂ ਬਾਅਦ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਉਸਦੀ ਵਾਪਸੀ ਬਹੁਤ ਮੁਸ਼ਕਿਲ ਹੋ ਜਾਂਦੀ।