ਮਹਿਲਾਵਾਂ-ਧੀਆਂ ਸਤਿਕਾਰ ਐਲਾਨ ‘ਤੇ ਜਾਗੋ ਕੱਢ ਕੇ ਕੀਤਾ ਧੰਨਵਾਦ
ਮਹਿਲਾਵਾਂ-ਧੀਆਂ ਲਈ 1000 ਅਤੇ 1500 ਰੁਪਏ ਮਹੀਨਾਵਾਰ ਸਤਿਕਾਰ ਐਲਾਨ ‘ਤੇ ਜਾਗੋ ਕੱਢ ਕੇ ਕੀਤਾ ਧੰਨਵਾਦ
Publish Date: Fri, 13 Mar 2026 08:56 PM (IST)
Updated Date: Fri, 13 Mar 2026 08:57 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ, ਫਗਵਾੜਾ ਤੇ ਸੁਲਤਾਨਪੁਰ ਵਿਖੇ ਮਾਵਾਂ ਤੇ ਭੈਣਾਂ ਵੱਲੋਂ ਪੰਜਾਬ ਸਰਕਾਰ ਦੇ ਉਪਰਾਲਿਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਿਲਾਵਾਂ ਦੇ ਸਤਿਕਾਰ ਵਜੋਂ 1,000 ਤੇ 1,500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਦੀ ਖੁਸ਼ੀ ਵਿਚ ਜਾਗੋ ਕੱਢ ਕੇ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਭਾਗ ਲਿਆ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਆਮ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ ਵਿਚ ਘਰੇਲੂ ਖਰਚੇ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੇ ਛੋਟੀ-ਮੋਟੀ ਲੋੜਾਂ ਲਈ ਵੀ ਕਈ ਵਾਰ ਘਰਾਂ ਵਿਚ ਸੋਚਣਾ ਪੈਂਦਾ ਹੈ। ਮਹੀਨਾਵਾਰ ਮਿਲਣ ਵਾਲੀ ਇਹ ਰਕਮ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੇ ਨਾਲ-ਨਾਲ ਘਰੇਲੂ ਖਰਚਿਆਂ ਵਿਚ ਮਦਦਗਾਰ ਸਾਬਤ ਹੋਵੇਗੀ। ਮਹਿਲਾਵਾਂ ਨੇ ਕਿਹਾ ਕਿ ਜਿਵੇਂ ਬਿਮਾਰੀ ਦੇ ਸਮੇਂ ਸਰਕਾਰੀ ਇਲਾਜ ਸਹੂਲਤਾਂ ਲੋਕਾਂ ਲਈ ਵੱਡਾ ਸਹਾਰਾ ਬਣਦੀਆਂ ਹਨ, ਉਸੇ ਤਰ੍ਹਾਂ ਇਹ ਆਰਥਿਕ ਸਹਾਇਤਾ ਵੀ ਆਮ ਘਰਾਂ ਲਈ ਸਮੇਂ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਜੋ ਲੋਕ 1,000 ਰੁਪਏ ਨੂੰ ਘੱਟ ਸਮਝਦੇ ਹਨ, ਉਹ ਆਮ ਘਰਾਂ ਦੀਆਂ ਮਹਿਲਾਵਾਂ ਤੋਂ ਪੁੱਛ ਕੇ ਵੇਖਣ ਕਿ ਇਹ ਰਕਮ ਕਿੰਨੀ ਮਹੱਤਵਪੂਰਨ ਹੈ ਤੇ ਇਹ ਰੋਜ਼ਾਨਾ ਦੀਆਂ ਲੋੜਾਂ ਪੂਰੀ ਕਰਨ ਵਿਚ ਕਿੰਨਾ ਯੋਗਦਾਨ ਪਾਉਂਦੀ ਹੈ। ਮਹਿਲਾਵਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਮਹਿਲਾਵਾਂ ਦੀ ਭਲਾਈ ਦੇ ਨਾਮ ‘ਤੇ ਸਿਰਫ਼ ਐਲਾਨ ਕੀਤੇ, ਪਰ ਮਾਨ ਸਰਕਾਰ ਨੇ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਲਈ ਅਸਲ ਕਦਮ ਚੁੱਕੇ ਹਨ। ਉਨ੍ਹਾਂ ਆਸ ਜਤਾਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਤੇ ਮਹਿਲਾ-ਹਿਤੈਸ਼ੀ ਫ਼ੈਸਲੇ ਲਗਾਤਾਰ ਲਏ ਜਾਂਦੇ ਰਹਿਣਗੇ। ਇਸ ਦੌਰਾਨ ਕਪੂਰਥਲਾ ਵਿਖੇ ਹਲਕਾ ਇੰਚਾਰਜ ਕਪੂਰਥਲਾ ਕਰਮਬੀਰ ਸਿੰਘ ਚੰਦੀ ਦੀ ਪਤਨੀ ਹਰਦੀਪ ਕੌਰ ਚੰਦੀ, ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਪੂਰਥਲਾ, ਸੰਦੀਪ ਕੌਰ ਤੋਂ ਇਲਾਵਾ ਫਗਵਾੜਾ ਵਿਖੇ ਸੀਮਾ ਰਾਣਾ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਫਗਵਾੜਾ, ਪ੍ਰੀਤੀ ਸ਼ਰਮਾ, ਸੁਮਨ ਸ਼ਰਮਾ, ਅਮਨਦੀਪ ਕੌਰ, ਹਰਪ੍ਰੀਤ ਕੌਰ, ਜੋਤੀ ਰਾਣੀ, ਰਾਧੇ ਬੇਦੀ, ਸਲੋਨੀ ਜੈਨ, ਤਵਿੰਦਰ ਰਾਮ ਸਮੇਤ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਤੇ ਮਹਿਲਾ ਵਿੰਗ ਦੇ ਮੈਂਬਰ ਵੀ ਮੌਜੂਦ ਰਹੇ।