ਦੁਕਾਨਦਾਰ ਤੋਂ 13 ਹਜ਼ਾਰ ਦੀ ਨਗਦੀ ਤੇ ਮੋਬਾਇਲ ਖੋਹ ਕੇ ਲੁਟੇਰੇ ਫਰਾਰ
ਪਾਵਨ ਨਗਰੀ ਵਿੱਚ ਲੁਟੇਰਿਆਂ ਦਾ ਆਤੰਕ ਜਾਰੀ
Publish Date: Sat, 28 Feb 2026 09:27 PM (IST)
Updated Date: Sat, 28 Feb 2026 09:28 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਵਿਚ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਵਿਚ ਰੋਜਾਨਾ ਹੋ ਰਹੇ ਵਾਧੇ ਕਾਰਨ ਹਲਕਾ ਨਿਵਾਸੀ ਬਹੁਤ ਸਹਿਮ ਤੇ ਡਰ ਦੇ ਮਾਹੌਲ ਵਿਚ ਹਨ ਤੇ ਉਨ੍ਹਾਂ ਦਾ ਹੁਣ ਪੁਲਿਸ ਪ੍ਰਸ਼ਾਸਨ ’ਤੇ ਭਰੋਸਾ ਦਿਨ ਬ ਦਿਨ ਖਤਮ ਹੁੰਦਾ ਜਾ ਰਿਹਾ ਹੈ। ਹਾਲੇ ਬੀਤੇ ਦਿਨੀਂ ਪਾਪੜ ਵਾਲੇ ਤੋਂ ਲੁੱਟ-ਖੋਹ ਤੇ ਗੁਰਦੁਆਰਾ ਹੱਟ ਸਾਹਿਬ ਨੇੜੇ ਪਿੰਡ ਤਰਫ ਬਹਿਬਲ ਬਹਾਦਰ ਦੀ ਔਰਤ ਦੀ ਵਾਲੀ ਲਾਹੁਣ ਦੀ ਘਟਨਾ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਲੁਟੇਰਿਆਂ ਨੇ ਪੁਲਿਸ ਗਸ਼ਤ ਤੇ ਸੁਰੱਖਿਆ ਦੀਆਂ ਧੱਜੀਆਂ ਉਡਾਉਂਦੇ ਹੋਏ ਇਕ ਦੁਕਾਨਦਾਰ ਨੂੰ ਆਪਣੇ ਘਰ ਨੂੰ ਜਾਂਦੇ ਹੋਏ ਨੂੰ ਲੁੱਟ ਲਿਆ ਤੇ ਉਸ ਪਾਸੋਂ ਨਕਦੀ ਤੇ ਮੋਬਾਈਲ ਖੋਹ ਕੇ ਲੈ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਗਿੱਲਾਂ ਦੇ ਰਹਿਣ ਵਾਲੇ ਦਰਸ਼ਨ ਸਿੰਘ ਗਿੱਲਾਂ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਸਦਰ ਬਾਜ਼ਾਰ ਵਿਚ ਮਨਿਆਰੀ ਦੀ ਦੁਕਾਨ ਕਰਦੇ ਹਨ ਤੇ ਰੋਜ਼ਾਨਾ ਵਾਂਗ ਰਾਤ ਕਰੀਬ 8 ਵਜੇ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਲੁਟੇਰਿਆਂ ਨੇ ਹਾਂਡਾ ਫਾਰਮ ਤੋਂ ਥੋੜਾ ਅੱਗੇ ਮੈਨੂੰ ਘੇਰ ਕੇ ਮੇਰੇ ਨਾਲ ਹੱਥੋਪਾਈ ਕੀਤੀ ਤੇ ਹਥਿਆਰ ਵਿਖਾ ਕੇ ਕਣਕ ਦੇ ਖੇਤ ਵਿਚ ਸੁੱਟ ਦਿੱਤਾ। ਉਹ ਮੇਰੀ ਜੇਬ ਵਿਚੋਂ ਮੋਬਾਇਲ ਤੇ ਬਟੂਏ ਵਿਚ ਮੌਜੂਦ 13 ਹਜ਼ਾਰ ਦੀ ਨਗਦੀ ਲੁੱਟ ਕੇ ਲੈ ਗਏ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਕੇ ਰਿਪੋਰਟ ਲਿਖਾ ਦਿੱਤੀ ਹੈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਲਕੇ ਵਿਚ ਪੁਲਿਸ ਗਸ਼ਤ ਵਧਾਈ ਜਾਵੇ ਤੇ ਲੁੱਟ-ਖੋਹ ਦੀ ਘਟਨਾਵਾਂ ਤੇ ਰੋਕ ਲਗਾਈ ਜਾਵੇ।