ਓਪੀਡੀ ਸਲਿਪਾਂ 'ਤੇ ਛਪੇਗਾ ਟੈਲੀਮਾਨਸ ਹੈਲਪ ਲਾਈਨ ਨੰਬਰ : ਡਾ. ਭਗਤ
ਓ.ਪੀ.ਡੀ ਸਲਿਪਾਂ 'ਤੇ ਅੰਕਿਤ ਹੋਏਗਾ ਟੈਲੀ ਮਾਨਸ ਹੈਲਪ ਲਾਈਨ ਨੰਬਰ : ਡਾਕਟਰ ਸੰਜੀਵ ਭਗਤ
Publish Date: Thu, 26 Feb 2026 06:51 PM (IST)
Updated Date: Thu, 26 Feb 2026 06:52 PM (IST)

--ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਤੇ ਇਸ ਟੋਲ ਫ੍ਰੀ ਨੰਬਰ ਤੇ ਹੋਏਗੀ ਕੌਂਸਲਿੰਗ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਮਾਨਸਿਕ ਤਣਾਅ ਦੀ ਸਮੱਸਿਆ ਤੋਂ ਅੱਜ ਜ਼ਿਆਦਾਤਰ ਲੋਕ ਪੀੜਤ ਹਨ ਤੇ ਕਈ ਵਾਰ ਸਹੀ ਸਮੇਂ ’ਤੇ ਪੀੜਤ ਨੂੰ ਇਲਾਜ ਜਾਂ ਸਹੀ ਸਲਾਹ ਨਾ ਮਿਲਣ ਕਾਰਨ ਇਹ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਦਸਿਆ ਕਿ ਮਾਨਸਿਕ ਤਣਾਅ ਨਾਲ ਪੀੜਤ ਮਰੀਜ਼ ਆਪਣੀ ਸਮੱਸਿਆ ਕਿਸੇ ਨਾਲ ਸ਼ੇਅਰ ਕਰਨ ਤੋਂ ਵੀ ਗੁਰੇਜ਼ ਕਰਦੇ ਹਨ। ਅਜਿਹੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮਾਨਸਿਕ ਸਿਹਤ ਸਬੰਧੀ ਮੁਫ਼ਤ ਹੈਲਪਲਾਈਨ ਟੈਲੀਮਾਨਸ ਸ਼ੁਰੂ ਕੀਤੀ ਗਈ ਹੈ। ਟੈਲੀਮਾਨਸ ਇਕ ਟੋਲ ਫ੍ਰੀ ਹੈਲਪਲਾਈਨ ਹੈ ਜੋ ਪੂਰੇ ਭਾਰਤ ਵਿਚ 24x7 ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ। ਇਹ 20 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਉਪਭੋਗਤਾ ਟੋਲ ਫ੍ਰੀ ਹੈਲਪਲਾਈਨ ਨੰਬਰ 1800-89-14416 ਜਾਂ 14416 ਰਾਹੀਂ ਟੈਲੀਮਾਨਸ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਡਾ. ਭਗਤ ਨੇ ਦੱਸਿਆ ਕਿ ਖਪਤਕਾਰ ਘਰ ਬੈਠੇ ਆਪਣੇ ਫ਼ੋਨ ਤੇ ਇਸ ਸੇਵਾ ਦਾ ਆਸਾਨੀ ਨਾਲ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਲ ਕਰਨ ਵਾਲੇ/ਮਰੀਜ਼ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਟੈਲੀਮਾਨਸ ਦੀ ਆਪਣੀ ਇਕ ਮੋਬਾਈਲ ਐਪ ਹੈ, ਜਿਸ ਵਿਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਕਾਲ ਤੇ ਪ੍ਰਦਾਨ ਕੀਤਾ ਜਾਂਦਾ ਹੈ। ਟੈਲੀਮਾਨਸ ਦੇ ਉਪਭੋਗਤਾ ਆਪਣੀ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂ ਤੇ ਮਨੋਵਿਗਿਆਨੀ ਨਾਲ ਜੁੜ ਸਕਦੇ ਹਨ। ਟੈਲੀ ਮਾਨਸ ਲੋੜ ਪੈਣ ਤੇ ਵਿਅਕਤੀਗਤ ਤੌਰ ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਇਸ ਵਿਚ ਵੀਡੀਓ ਕਾਲ ਰਾਹੀ ਦਵਾਈ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਡਾ. ਸੰਜੀਵ ਭਗਤ ਨੇ ਦਸਿਆ ਕਿ ਓਪੀਡੀ ਸਲਿਪਾਂ ਤੇ ਉਕਤ ਮੁਫ਼ਤ ਹੈਲਪਲਾਈਨ ਨੰਬਰ ਦੀ ਸਟੈਂਪ ਲਗਾਉਣ ਦੇ ਦਿਸ਼ਾ-ਨਿਰਦੇਸ਼ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਇਸ ਦਾ ਲਾਭ ਵਧ ਤੋਂ ਵੱਧ ਲੋੜਵੰਦ ਮਰੀਜ਼ ਉਠਾ ਸਕਣ।